ਮੇਜਰ ਜਨਰਲ ਅਲੈਗਜ਼ੈਂਡਰ ਕਨਿੰਘਮ ਪੁਰਾਤੱਤਵ ਵਿਗਿਆਨੀ ਜਿਨ੍ਹਾਂ ਦਾ ਭਾਰਤੀ ਬੋਧੀ ਸਭਿਅਤਾ ਦੀ ਖੋਜ ਵਿੱਚ ਬਹੁਤ ਹੀ ਅਹਿਮ ਯੋਗਦਾਨ ਹੈ ਪਰ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਜਿਆਦਾਤਰ ਭਾਰਤੀ ਉਨ੍ਹਾਂ ਤੋਂ ਅਨਜਾਣ ਹਨ

– ਇੰਜ: ਵਿਸ਼ਾਲ ਖੈਹਿਰਾ
(ਸਮਾਜ ਵੀਕਲੀ)- ਸ਼ੁਰੂਆਤ – ਦੁਨੀਆਭਰ ਵਿੱਚ ਧਰਮ ਨਾ ਹੋ ਕੇ, ਇੱਕ ਬੁੱਧ ਧੰਮ ਹੀ ਅਜਿਹਾ ਵਿਗਿਆਨਿਕ ਮਾਰਗ ਹੈ, ਜਿੱਸ ਦਾ ਕੇਂਦਰ ਬਿੰਦੂ ਰੱਬ ਨਾ ਹੋ ਕੇ ਮਨੁੱਖ ਹੈ, ਜੋ ਆਤਮਾ- ਪ੍ਰਮਾਤਮਾ ਤੋਂ ਰਹਿਤ ਵੀ ਹੈ ਅਤੇ ਜਿਸ ਵਿੱਚ ਸਵਰਗ ਦਾ ਲਾਲਚ ਨਹੀ ਤੇ ਨਰਕ ਦਾ ਭੈਅ ਹੀ ਨਹੀਂ ਹੈ। ਬੁੱਧ ਧੰਮ ਦੇ ਵਿਸਥਾਰ ਲਈ ਹਰ ਦੇਸ਼ ਦੇ ਬੁੱਧੀਮਾਨ ਵਿਆਕਤੀ ਨੇ ਆਪਣਾ ਯੋਗਦਾਨ ਪਾਇਆ ਹੈ, ਤਾਂ ਕਿ ਵਿਗਿਆਨਕ ਮਾਰਗ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਹੋ ਸਕੇ ਅਤੇ ਹਰ ਸਮਾਜ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣ ਸਕੇ, ਜਿਸ ਨਾਲ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ ਸਥਾਪਿਤ ਕੀਤਾ ਜਾ ਸਕੇ।ਸੱਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਧੰਮ ਭਾਰਤ ਦੀ ਧਰਤੀ ਤੇ ਪੈਦਾ ਹੋਣ ਅਤੇ ਇੱਥੋਂ ਹੀ ਸ਼ੁਰੂ ਹੋਣ ਦੇ ਬਾਵਯੂਦ ਵੀ ਵਿਦੇਸ਼ ਦੇ ਹਰ ਬੁੱਧੀਮਾਨ ਵਿਆਕਤੀ ਨੇ ਬੁੱਧ ਧੰਮ ਨੂੰ ਵਿਗਿਆਨਕ ਹੋਣ ਕਰਕੇ ਆਪਣਾ ਨਿੱਜੀ ਧੰਮ ਸਮਝਿਆ ਹੈ। ਇਸ ਵਿੱਚ ਕੋਈ ਸ਼ੱਕ ਵੀ ਨਹੀ ਕਿ ਅੱਜ ਦੁਨੀਆ ਵਿੱਚ ਬੁੱਧ ਧੰਮ (ਵਿਗਿਆਨ) ਦਾ ਡੰਕਾ ਵੀ ਹੈ। ਭਾਰਤ ਵਿੱਚ ਵੀ ਕਈ ਬੁੱਧੀਮਾਨ ਮਹਾਨ ਸ਼ਖਸ਼ੀਅਤਾਂ ਨੇ ਬੁੱਧ ਧੰਮ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਣ ਦਾ ਬੀੜ੍ਹਾ ਉਠਾਇਆ ਸੀ, ਕੋਈ ਸ਼ੱਕ ਨਹੀਂ ਜਿਨ੍ਹਾ ਦੇ ਅਧਾਰ ਤੇ ਅੱਜ ਸਾਨੂੰ ਕਾਫੀ ਕੁੱਝ ਬੁੱਧ ਧੰਮ ਬਾਰੇ ਜਾਣਕਾਰੀ ਪ੍ਰਾਪਤ ਹੋ ਵੀ ਰਹੀ ਹੈ।
ਦੂਜੀ ਗੱਲ ਅੱਜ਼ ਤੋਂ ਪਹਿਲਾਂ ਕਈ ਵਿਦਵਾਨ ਭਾਰਤ ਵਿੱਚ ਆਏ ਤਾਂ ਹੋਣਗੇ ਸ਼ਾਹਿਦ ਕਿਸੇ ਹੋਰ ਮਕਸਤ ਨਾਲ ਪਰ ਉਹ ਇੱਥੇ ਦੀ ਬੋਧ ਧਰਤੀ ਤੇ ਆ ਕੇ ਇੱਥੋਂ ਦੀ ਬੋਧ ਸੱਭਿਅਤਾ ਤੋਂ ਜਿਨ੍ਹਾ ਉਹ ਪ੍ਰਭਾਵਿੱਤ ਹੋਏ, ਇੰਨ੍ਹਾਂ ਸ਼ਾਹਿਦ ਹੀ ਕਿਸੇ ਹੋਰ ਵਿਸ਼ੇ ਨੂੰ ਜਾਣ ਕੇ ਪ੍ਰਭਾਵਿਤ ਹੋਏ ਹੋਣਗੇ, ਜਿਨ੍ਹਾਂ ਚੋਂ ਇੱਕ ਸੀ ਮੇਜਰ ਜਨਰਲ ਅਲੈਗਜ਼ੈਂਡਰ ਕਨਿੰਘਮ, ਹਾਂ ਉਨ੍ਹਾਂ ਬਾਰੇ ਮੈਂ ਜਿਆਦਾ ਡੁਘਾਈ ਨਾਲ ਤਾਂ ਨਹੀਂ ਜਾਣਦਾ ਪਰ ਉਨ੍ਹਾ ਦੀ ਜੋ ਦੇਣ ਭਾਰਤੀਆਂ ਨੂੰ ਬੋਧ ਇਤੀਹਾਸ ਬਾਰੇ ਹੈ, ਉਸ ਬਾਰੇ ਕੁੱਝ ਸੰਖੇਪ ਵਿੱਚ ਜਰੂਰ ਲਿਖਣ ਦੀ ਕੋਸ਼ਿਸ ਕਰਾਂਗਾ।
ਨਿੱਜੀ ਜਾਣਕਾਰੀ:- ਮੇਜਰ ਜਨਰਲ ਅਲੈਗਜ਼ੈਂਡਰ ਕਨਿੰਘਮ (23 ਜਨਵਰੀ 1814 – 28 ਨਵੰਬਰ 1893, ਲੰਡਨ) ਬੰਗਾਲ ਇੰਜੀਨੀਅਰ ਗਰੁਪ ਦੇ ਨਾਲ ਇੱਕ ਬ੍ਰਿਟਿਸ਼ ਆਰਮੀ ਇੰਜੀਨੀਅਰ ਸੀ, ਜਿਸ ਨੇ ਭਾਰਤ ਦੇ ਇਤਿਹਾਸ ਅਤੇ ਪੁਰਾਤੱਤਵ ਵਿਗਿਆਨ ਵਿੱਚ ਡੁਘਾਈ ਨਾਲ ਦਿਲਚੱਸਪੀ ਲੈ ਕੇ ਬੁੱਧ ਧੰਮ ਦੇ ਇਤੀਹਾਸ ਸਬੰਧੀ ਵੱਡੀ ਜਾਣਕਾਰੀ ਇੱਕਤਰ ਕੀਤੀ, ਜਿਸ ਕਾਰਨ ਸਨ 1861 ਵਿੱਚ, ਉਸਨੂੰ ਭਾਰਤ ਸਰਕਾਰ ਵੱਲੋਂ ਪੁਰਾਤੱਤਵ ਸਰਵੇਖਣ ਦੇ ਅਹੁਦੇ ‘ਤੇ ਨਿਯੁਕਤ ਵੀ ਕੀਤਾ ਗਿਆ ਸੀ, ਜਿਸ ਦੌਰਾਨ ਉਨਾਂ ਨੇ ਭਾਰਤ ਦੇ ਅਨੇਕਾਂ ਸਤੂਪਾਂ ਬਾਰੇ ਕਿਤਾਬਾਂ ਵੀ ਲਿਖੀਆ ਅਤੇ ਇੱਕ ਲਾਈਬ੍ਰੇਰੀ ਵੀ ਬਣਾਈ, ਜਿਸ ਵਿੱਚ ਉਹ ਆਪਣੀਆਂ ਲਿਖਤਾਂ ਦਾ ਸ਼ਿੰਗਾਰ ਰੱਖਦੇ ਸੀ।
ਅਲੈਗਜ਼ੈਂਡਰ ਕਨਿੰਘਮ ਦਾ ਬੁੱਧ ਧੰਮ ਵਿੱਚ ਯੋਗਦਾਨ :- ਕਨਿੰਘਮ ਦਾ ਬੋਧ ਇਤੀਹਾਸ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਸ ਨੂੰ ਮੈਂ ਜਾਣਕਾਰੀ ਦੀ ਘਾਟ ਕਾਰਨ ਇੱਕ ਲੇਖ ਵਿੱਚ ਤਾਂ ਵਿਸਥਾਰਪੂਰਵਕ ਬਿਆਨ ਨਹੀਂ ਕਰ ਸਕਦਾ।ਪਰ ਕੁੱਝ ਕਿਤਾਬਾਂ ਜਰੀਏ, ਅਤੇ ਲੇਖਕਾਂ ਦੁਆਰਾ ਪ੍ਰਾਪਤ ਜਾਣਕਾਰੀ ਨੂੰ ਸਾਂਝਾ ਜਰੂਰ ਕਰਾਂਗਾ ਭਾਰਤ ਦੇ ਪ੍ਰਸਿੱਧ ਲੇਖਕ ਡਾ ਰਾਜਿੰਦਰ ਪ੍ਰਸਾਦ ਸਿੰਘ ਆਪਣੀਆਂ ਲਿਖਤਾਂ (ਹਿੰਦੀ) ਵਿੱਚ ਲਿਖਦੇ ਹਨ ਕਿ “ਬੋਧ ਸਭਿਅਤਾ ਦੀ ਖੋਜ ਵਿੱਚ ਜਿਨ੍ਹਾਂ ਪੁਰਾਤੱਤਵ ਵਿਗਿਆਨੀਆਂ ਨੇ ਅਹਿਮ ਯੋਗਦਾਨ ਪਾਇਆ ਹੈ, ਉਨ੍ਹਾਂ ਵਿੱਚ ਅਲੈਗਜ਼ੈਂਡਰ ਕਨਿੰਘਮ ਦਾ ਨਾਂਮ ਸੱਭ ਤੋਂ ਉੱਪਰ ਹੈ, ਕਿਉਂਕਿ ਇਹ ਅਲੈਗਜ਼ੈਂਡਰ ਕਨਿੰਘਮ ਹੀ ਸੀ, ਜਿਸ ਨੇ ਨਾਲੰਦਾ ਅਤੇ ਤਕਸ਼ਸ਼ਿਲਾ ਵਰਗੇ ਬੋਧੀ ਗਿਆਨ ਕੇਂਦਰਾਂ ਦੀ ਖੋਜ ਕੀਤੀ ਅਤੇ ਜਿਸ ਨੇ ਸਾਰਨਾਥ ਅਤੇ ਬੋਧ ਗਯਾ ਵਰਗੇ ਬੋਧੀ ਸਥਾਨਾਂ ਦੀ ਖੋਜ ਕੀਤੀ। ਇਸ ਤੋਂ ਇਲਾਵਾ ਸਾਂਚੀ ਅਤੇ ਭਰਹੂਤ ਵਰਗੇ ਬੋਧੀ ਸਟੂਪਾਂ ਦੀ ਖੋਜ ਕੀਤੀ ਸੀ।
ਜੇਕਰ ਅਲੈਗਜ਼ੈਂਡਰ ਕਨਿੰਘਮ ਨੇ ਕੁੱਝ ਹੋਰ ਨਾ ਵੀ ਕੀਤਾ ਹੁੰਦਾ, ਫਿਰ ਵੀ ਉਸ ਦਾ ਸਥਾਨ ਬੋਧ ਸਭਿਅਤਾ ਦੀ ਖੋਜ ਲਈ ਚੋਟੀ ਦੇ ਪੁਰਾਤੱਤਵ-ਵਿਗਿਆਨੀਆਂ ਵਿੱਚ ਜਰੂਰ ਰਹਿਣਾ ਹੀ ਸੀ, ਕਿਉਂਕਿ ਉਸ ਨੇ ਪ੍ਰਾਚੀਨ ਮਿਸਰ, ਸਿੰਧੂ ਘਾਟੀ ਅਤੇ ਬੇਬੀਲੋਨੀਆ ਦੀ ਸਭਿਅਤਾ ਦੀ ਖੋਜ ਵੀ ਕੀਤੀ। ਪ੍ਰਿੰਸੇਪ ਨੇ ਕਨਿੰਘਮ ਬਾਰੇ ਲਿਖਿਆ ਹੈ ਕਿ ਉਹ ਬਹੁਤ ਸਾਰੇ ਪੁਰਾਤਨ ਇਤਿਹਾਸਕ ਤੱਥਾਂ ਅਤੇ ਰਚਨਾਵਾਂ ਨੂੰ ਸਾਹਮਣੇ ਲਿਆਉਣ ਵਿੱਚ ਕਾਮਯਾਬ ਰਿਹਾ ਹੈ, ਜਿਸ ਦੇ ਸਾਹਮਣੇ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਪਿੱਛੇ ਹਾਂ। ਇਹ ਯਕੀਨ ਕਰਨਾ ਔਖਾ ਹੈ ਕਿ ਇੱਕ ਫੌਜੀ ਜਵਾਨ ਨੇ ਭਾਰਤ ਦੇ ਇਤਿਹਾਸ ਨੂੰ ਇੰਨਾ ਕਿਵੇਂ ਬਦਲ ਦਿੱਤਾ! ਇਹ ਸੱਚ ਹੈ ਕਿ ਉਹ ਇੰਗਲੈਂਡ ਦਾ ਸੀ, ਪਰ ਉਸ ਦਾ ਦਿਲ ਬੋਧੀ ਭਾਰਤ ਲਈ ਧੜਕਦਾ ਸੀ” ।
ਇਹ ਹੀ ਕਾਰਨ ਹੈ ਅਲੈਗਜ਼ੈਂਡਰ ਕਨਿੰਘਮ ਨੂੰ ਭਾਰਤੀ ਪੁਰਾਤੱਤਵ ਵਿਗਿਆਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਇਹ ਗੱਲ ਇੱਥੇ ਹੀ ਸਮਾਪਤ ਨਹੀਂ ਹੋ ਜਾਂਦੀ ਕਿਉਂਕਿ ਉਪਰੋਕਤ ਤੋਂ ਇਲਾਵਾ 1850 ਵਿੱਚ ਅਲੈਗਜ਼ੈਂਡਰ ਕਨਿੰਘਮ ਨੇ ਸਾਂਚੀ ਦੀ ਖੁਦਾਈ ਕਰਵਾਈ, ਜੋ ਭਾਰਤ ਵਿੱਚ ਸੱਭ ਤੋਂ ਪੁਰਾਣੀਆਂ ਬਚੀਆਂ ਇਮਾਰਤਾਂ ਵਿੱਚੋ ਇੱਕ ਹੈ। ਇਸ ਤੋਂ ਬਾਅਦ ਵਿੱਚ ਹੋਰ ਵੀ ਬਹੁਤ ਸਾਰੀਆਂ ਸੱਭ ਤੋਂ ਪੁਰਾਣੀਆਂ ਬਚੀਆਂ ਇਮਾਰਤਾਂ ਦੀ ਖੁਦਾਈ ਕਰਵਾਈ ਜੋ ਕਿ ਇਸ ਦੇ ਆਰਕੀਟੈਕਚਰਲ ਅਵਸ਼ੇਸ਼ਾਂ ਦੁਆਰਾ ਬੋਧੀ ਇਤਿਹਾਸ ਦਾ ਪਤਾ ਲਗਾਉਣ ਦਾ ਪਹਿਲਾ ਗੰਭੀਰ ਯਤਨ ਹੈ। ਦਰਅਸਲ, ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਹੜੱਪਾ ਨੂੰ ਵਿਸ਼ਵ ਪੁਰਾਤੱਤਵ ਨਕਸ਼ੇ ‘ਤੇ ਰੱਖਿਆ ਸੀ। ਉਸਨੇ 1853 ਈਸਵੀ ਵਿੱਚ ਹੜੱਪਾ ਦਾ ਦੌਰਾ ਕੀਤਾ ਅਤੇ ਇੱਕ ਹੜੱਪਾ ਮੋਹਰ ਲੱਭੀ।ਇਸੇ ਕਰਕੇ ਉਸਨੂੰ ਭਾਰਤੀ ਪੁਰਾਤੱਤਵ ਵਿਗਿਆਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ।
ਮੇਜਰ ਜਨਰਲ ਅਲੈਗਜ਼ੈਂਡਰ ਕਨਿੰਘਮ ਦੀ ਜਿੰਦਗੀ ਦਾ ਅਖੀਰਲਾ ਪੰਨਾ :- ਇੱਕ ਜਾਣਕਾਰੀ ਅਨੁਸਾਰ ਨਵੰਬਰ 1893 ਵਿੱਚ ਅਲੈਗਜ਼ੈਂਡਰ ਕਨਿੰਘਮ ਇੱਕ ਬਰਫੀਲੇ ਤੂਫਾਨ ਦੌਰਾਨ ਬੀਮਾਰ ਹੋ ਗਿਆ ਸੀ।ਲਗਭਗ ਅੱਸੀ ਸਾਲ ਦੀ ਉਮਰ ਵਿੱਚ, ਕਨਿੰਘਮ ਨੇ ਦਸ ਦਿਨਾਂ ਦੀ ਬਿਮਾਰੀ ਤੋਂ ਬਾਅਦ 28 ਨਵੰਬਰ ਨੂੰ ਸ਼ਾਮ ਨੂੰ ਆਪਣਾ ਸਰੀਰ ਛੱਡ ਦਿੱਤਾ। ਕੁੱਝ ਘੰਟਿਆਂ ਪਹਿਲਾਂ ਉਹ ਭਾਰਤੀ ਸਿੱਕਿਆਂ ਤੇ ਆਪਣੀ ਨਵੀਂ ਕਿਤਾਬ ਦੇ ਪਹਿਲੇ ਐਡੀਸ਼ਨ ਦੇ ਪੰਨੇ ਪਲਟ ਰਿਹਾ ਸੀ। ਉਸਨੇ ਆਪਣੇ ਜੀਵਨ ਦੇ ਕਰੀਬ ਅੱਸੀ ਸਾਲਾਂ ਵਿੱਚੋਂ ਕਰੀਬ ਸੱਠ ਸਾਲ ਪੁਰਾਤੱਤਵ ਵਿਗਿਆਨ ਨੂੰ ਦਿੱਤੇ ਹੋਣਗੇ।ਇਹ ਉਨ੍ਹਾਂ ਦੀ ਬਦੌਲਤ ਹੀ ਸੀ ਕਿ ਤਥਾਗਤ ਬੁੱਧ, ਜਿਸ ਨੂੰ ਆਪਣੀ ਹੀ ਧਰਤੀ ਵਿੱਚ ਵਿਸਾਰ ਦਿੱਤਾ ਗਿਆ ਸੀ, ਉਹ ਲੋਕਾਂ ਦੇ ਮਨਾਂ ਵਿੱਚ ਪਰਤ ਆਇਆ।
ਅੰਤ ਅਤੇ ਸੰਦੇਸ਼ :- ਮੇਰੇ ਫਿਲੌਰ ਸ਼ਹਿਰ ਦੇ ਆਸਪਾਸ ਹੀ ਕਾਫੀ ਅਜੀਹੀਆਂ ਥਾਵਾਂ ਹਨ ਜੇਕਰ ਅਸੀਂ ਉਹਨਾ ਤੇ ਹੀ ਸਰਵੇਖਣ/ਖੋਜ ਦੀ ਮਿਹਨਤ ਕਰੀਏ ਤਾਂ ਸਾਡੇ ਇਤੀਹਾਸ ਬਾਰੇ ਸਾਨੂੰ ਕਾਫੀ ਭਰਪੂਰ ਖਜਾਨਾ ਮਿਲ ਸਕਦਾ ਹੈ। ਜਿਵੇਂ ਪਿੰਡ ਨਗਰ ਅਤੇ ਤੇਹਿੰਗ ਦੇ ਉੱਚੇ- ਉੱਚੇ ਟਿੱਬੇ।ਇੱਥੇ ਮੈਂ ਬਹੁਤ ਲੰਮਾਂ ਸਮਾਂ ਵੀ ਬਿਤਾਇਆ ਹੈ, ਕਿਉਂਕਿ ਮੇਰੀ ਸ਼ੁਰੂਆਤੀ ਸਿਖਿਆ ਇੱਥੇ ਦੀ ਹੀ ਹੈ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਸ਼ਹਿਰ ਦੇ ਆਸਪਾਸ ਵੀ ਅਜਿਹੇ ਟਿੱਬੇ ਹੋ ਸਕਦੇ ਹਨ। ਅੱਜ 2024 ਵਿੱਚ ਜੇਕਰ ਕੁੱਝ ਸਮਾਂ ਪਿੱਛੇ ਇਤੀਹਾਸ ਵੱਲ ਝਾਤ ਮਾਰੀਏ ਤਾਂ ਅਜਿਹੇ ਅਲੈਗਜ਼ੈਂਡਰ ਕਨਿੰਘਮ ਵਰਗੇ ਮਹਾਨ ਇਤੀਹਾਸਕਾਰਾਂ/ਰਿਸਰਚਰਾਂ ਦਾ ਪੈਦਾ ਨਾ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੀ ਨਹੀ ਬਲਕਿ ਇੱਕ ਗੰਭੀਰ ਸਮੱਸਿਆ ਹੈ। ਇਸ ਲਈ ਆਪਣੀ ਪੜਾਈ ਦੇ ਨਾਲ ਨਾਲ ਕੁੱਝ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਇਤੀਹਾਸ ਬਾਰੇ ਪਤਾ ਲਗਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਮੈਂ ਦੇਖਦਾ ਹਾਂ ਕਿ ਅੱਜ ਕੱਲ ਆਈਲਟਸ ਜਾਂ ਹੋਰ ਛੋਟੇ -2 (ਭਾਸ਼ਾਈ) ਕੋਰਸ ਕਰਕੇ ਸਿਰਫ ਵਿਦੇਸ ਜਾਣ ਤੱਕ ਹੀ ਨੌਜੁਆਨਾ ਵੱਲੋਂ ਪੜਾਈ ਨੂੰ ਸੀਮਿਤ ਕਰ ਦਿੱਤਾ ਗਿਆ ਹੈ ਜੋ ਕਿ ਇੱਕ ਭਾਸ਼ਾ ਤੋਂ ਜਿਆਦਾ ਕੁੱਝ ਨਹੀਂ ਪਰ ਗਿਆਨ ਅਤੇ ਸਿਖਿਆ ਤੋਂ ਅਸੀਂ ਬਹੁਤ ਦੂਰ ਹੋ ਗਏ ਹਾਂ। ਕੋਈ ਸ਼ੱਕ ਨਹੀ ਇਸ ਨਾਲ ਆਰਥਿਕ ਦਸ਼ਾ ਵਿੱਚ ਸੁਧਾਰ ਹੋਵੇਗਾ ਪਰ ਇਤੀਹਾਸ ਸਬੰਧੀ ਧਾਰਮਿਕ ਵਿਰਸੇ ਤੋਂ ਅਸੀਂ ਦੂਰ ਵੀ ਹੋ ਗਏ ਹਾਂ। ਬਾਬਾ ਸਾਹਿਬ ਡਾ ਅੰਬੇਡਕਰ ਜੀ ਜੇਕਰ ਚਹੁੰਦੇ ਤਾਂ ਜਿਨ੍ਹਾਂ ਚਹੁੰਦੇ ਅਮੀਰ ਬਣ ਸਕਦੇ ਸੀ ਅਤੇ ਆਪਣੇ ਬੱਚਿਆ ਦਾ ਚੰਗਾ ਪਾਲਣਾ ਪੋਸ਼ਣ ਕਰ ਸਕਦੇ ਸੀ ਪਰ ਉਨ੍ਹਾਂ ਨੇ ਜਰੂਰਤ ਅਨੁਸਾਰ ਪੈਸੇ ਅਤੇ ਜਰੂਰਤ ਤੋਂ ਵੱਧ ਸਿਖਿਆ ਅਤੇ ਆਪਣੇ ਇਤੀਹਾਸ ਨੂੰ ਮਹੱਤਤਾ ਦਿੱਤੀ ਕਿਉਂਕਿ ਉਹ ਜਾਣਦੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਬਹੁਜਨ ਸਮਾਜ ਨੂੰ ਇਤੀਹਾਸ ਸਬੰਧੀ ਜਾਣਕਾਰ ਕਰਵਾੳਣਾ ਜਿਆਦਾ ਜਰੂਰੀ ਹੈ, ਜਿਸ ਨਾਲ ਉਸ ਨੂੰ ਆਪਣੇ ਇਤੀਹਾਸ ਦਾ ਪਤਾ ਚੱਲ ਸਕੇ ਅਤੇ ਜਿਸ ਨਾਲ ਸਮਾਜ ਦੇ ਬੁੱਧੀਜੀਵੀ ਲੋਕ ਆਪਣੇ ਸਮਾਜ ਦੀਆਂ ਗੁਲਾਮੀ ਦੀਆਂ ਬੇੜੀਆਂ ਨੂੰ ਕੱਟ ਸਕਣ ।ਇਹ ਅੱਜ ਦੇ ਬੁੱਧੀਜੀਵੀਆਂ ਅਤੇ ਨੌਜੁਵਾਨਾ ਨੂੰ ਇੱਕ ਸਵਾਲ ਹੈ ਕਿ ਅਲੈਗਜ਼ੈਂਡਰ ਕਨਿੰਘਮ ਵਰਗੇ ਵਿਦੇਸੀ ਇਤੀਹਾਸਕਾਰ ਜੇਕਰ ਬੁੱਧ ਧੰਮ ਸਬੰਧੀ ਇੱਨੀ ਜਾਣਕਾਰੀ ਦਿਲਚੱਸਪੀ ਲੈ ਕੇ ਇਕੱਠੀ ਕਰ ਸਕਦੇ ਸਨ ਅਤੇ ਪ੍ਰਚਾਰ ਕਰ ਸਕਦੇ ਸਨ ਤਾਂ ਅਸੀ ਭਾਰਤੀ ਹੋ ਕੇ ਕਿਉਂ ਨਹੀ ? ਚਲੋ ਆਓ ਇੱਕ ਕਦਮ ਬੁੱਧ ਵੱਲ ਅਸੀ ਵੀ ਚੱਲੀਏ।
ਨਮੋ ਬੁਧਾਏ – ਜੈ ਭੀਮ
ਇੰਜ: ਵਿਸ਼ਾਲ ਖੈਹਿਰਾ
–ਫੋਨ 99889-13417 -ਵਾਸਤਵਿਕ ਕਲਮ ਤੋਂ