ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ, ਫਿਲਮ ਨਿਰਮਾਤਾ ਦਿਲ ਰਾਜੂ ਸਮੇਤ ਪ੍ਰਮੁੱਖ ਨਿਰਮਾਤਾਵਾਂ ਦੇ ਘਰਾਂ ‘ਤੇ ਛਾਪੇਮਾਰੀ

ਹੈਦਰਾਬਾਦ— ਤੇਲੰਗਾਨਾ ‘ਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਤੜਕੇ ਹੈਦਰਾਬਾਦ ਸ਼ਹਿਰ ‘ਚ ਟਾਲੀਵੁੱਡ ਫਿਲਮ ਇੰਡਸਟਰੀ ਦੇ ਪ੍ਰਮੁੱਖ ਨਿਰਮਾਤਾਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ।
ਸੂਤਰਾਂ ਅਨੁਸਾਰ ਇਹ ਛਾਪੇਮਾਰੀ ਸ਼ਹਿਰ ਦੇ ਕਈ ਅਹਿਮ ਇਲਾਕਿਆਂ ਜਿਵੇਂ ਕਿ ਬੰਜਾਰਾ ਹਿੱਲਜ਼, ਜੁਬਲੀ ਹਿੱਲਜ਼, ਕੋਂਡਾਪੁਰ ਅਤੇ ਗਾਚੀਬੋਵਾਲੀ ਵਿੱਚ ਕੀਤੀ ਜਾ ਰਹੀ ਹੈ। ਛਾਪੇਮਾਰੀ ‘ਚ ਤੇਲਗੂ ਫਿਲਮ ਇੰਡਸਟਰੀ ਨਾਲ ਜੁੜੀਆਂ ਕੁਝ ਪ੍ਰਮੁੱਖ ਹਸਤੀਆਂ ‘ਚ ਮਸ਼ਹੂਰ ਫਿਲਮਕਾਰ ਦਿਲ ਰਾਜੂ, ਉਸ ਦੀ ਭੈਣ ਸਿਰੀਸ਼ ਅਤੇ ਦਿਲ ਰਾਜੂ ਦੀ ਬੇਟੀ ਹੰਸੀਤਾ ਰੈੱਡੀ ਸ਼ਾਮਲ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਨਾਲ ਸਬੰਧਤ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਵਿਅਕਤੀਆਂ ਅਤੇ ਕੰਪਨੀਆਂ ਨੇ ਟੈਕਸ ਤੋਂ ਬਚਣ ਲਈ ਗੈਰ-ਕਾਨੂੰਨੀ ਤਰੀਕੇ ਅਪਣਾਏ ਹਨ। ਇਹ ਛਾਪੇਮਾਰੀ ਇੱਕ ਵੱਡੀ ਕਾਰਵਾਈ ਦਾ ਹਿੱਸਾ ਹੋ ਸਕਦੀ ਹੈ ਜਿਸ ਵਿੱਚ ਅਧਿਕਾਰੀਆਂ ਨੇ ਸ਼ੱਕੀ ਵਿਅਕਤੀਆਂ ਦੀਆਂ ਵਿੱਤੀ ਗਤੀਵਿਧੀਆਂ ਦੀ ਜਾਂਚ ਲਈ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿਲ ਰਾਜੂ ਪ੍ਰੋਡਕਸ਼ਨ ਤੇਲਗੂ ਫਿਲਮ ਉਦਯੋਗ ਵਿੱਚ ਵੱਡੇ ਬਜਟ ਦੀਆਂ ਫਿਲਮਾਂ ਲਈ ਮਸ਼ਹੂਰ ਹੈ ਅਤੇ ਉਹਨਾਂ ਦੁਆਰਾ ਬਣਾਏ ਗਏ ਹਾਲ ਹੀ ਦੇ ਪ੍ਰੋਜੈਕਟਾਂ ਵਿੱਚ “ਗੇਮ ਚੇਂਜਰ” ਅਤੇ “ਸੰਕ੍ਰਾਂਤੀ ਕੀ ਵਾਸਤੂਨਮ” ਸ਼ਾਮਲ ਹਨ। ਇਹ ਫਿਲਮਾਂ ਖਾਸ ਤੌਰ ‘ਤੇ ਸੰਕ੍ਰਾਂਤੀ ਦੇ ਸੀਜ਼ਨ ਦੌਰਾਨ ਵੱਡੇ ਪੱਧਰ ‘ਤੇ ਰਿਲੀਜ਼ ਕਰਨ ਲਈ ਵੱਡੀ ਨਿਵੇਸ਼ ਰਾਸ਼ੀ ਨਾਲ ਤਿਆਰ ਕੀਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਹੈਦਰਾਬਾਦ ‘ਚ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਅਜੇ ਵੀ ਜਾਰੀ ਹੈ ਅਤੇ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮ ਤੇ ਤੇਗ਼ ਦੇ ਧਨੀ: ਸ਼ਹੀਦ ਬਾਬਾ ਦੀਪ ਸਿੰਘ ਜੀ
Next articleਗਾਇਕ ਦਲਵੀਰ ਹਰੀਪੁਰੀਆ “ਕਿਰਤ ਕਮਾਈਆਂ” ਟ੍ਰੈਕ ਨਾਲ ਕਰ ਰਿਹਾ ਦਿਲ ਆਪਣੇ ਦੀ ਗੱਲ