ਮਜੀਠੀਆ ਨੇ ਸਿੱਧੂ ਦੇ ਖੇਮੇ ’ਚ ਸੰਨ੍ਹ ਲਾਈ

ਅੰਮ੍ਰਿਤਸਰ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਅਤੇ ਸਾਬਕਾ ਅਕਾਲੀ ਦਲ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਖਿਆ ਕਿ ਪੰਜਾਬ ਮਾਡਲ ਦੀ ਦੁਹਾਈ ਦੇਣ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਹਲਕੇ ਵਿੱਚ ਆ ਕੇ ਦੇਖਣ ਕਿ ਉਸ ਦੇ ਹਲਕੇ ਦੇ ਮਾਡਲ ਦਾ ਕੀ ਹਾਲ ਹੈ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਆਪਣਾ ਗੜ੍ਹ ਮਜ਼ਬੂਤ ਕਰਦਿਆਂ ਕਾਂਗਰਸੀ ਗੜ੍ਹ ਨੂੰ ਸੰਨ ਲਾਉਣ ਦਾ ਕੰਮ ਜਾਰੀ ਰੱਖਿਆ ਹੈ। ਉਨ੍ਹਾਂ ਨੇ ਪੰਜ ਦਹਾਕਿਆਂ ਤੋਂ ਕਾਂਗਰਸੀ ਆਗੂ ਵਜੋਂ ਵਿਚਰ ਰਹੇ ਅਤੇ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਸੋਹਲ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ।

ਇਸ ਮੌਕੇ ਸ੍ਰੀ ਮਜੀਠੀਆ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬੇ ਦੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਿੱਧੂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਸਿਰਫ ਇਕ ਹਿੰਦੂ ਸ਼ਖ਼ਸ ਹੋਣ ਕਾਰਨ ਮੁੱਖ ਮੰਤਰੀ ਬਣਨ ਤੋਂ ਰੋਕਿਆ। ਚਰਨਜੀਤ ਸਿੰਘ ਚੰਨੀ ਪ੍ਰਤੀ ਵੀ ਉਨ੍ਹਾਂ ਦਾ ਵਤੀਰਾ ਦਲਿਤ ਆਗੂ ਹੋਣ ਕਾਰਨ ਵੱਖਰਾ ਹੈ। ਇਹੀ ਵਤੀਰਾ ਹੋਰ ਘੱਟ ਗਿਣਤੀਆਂ ਪ੍ਰਤੀ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਸਿੱਧੂ ਪੰਜਾਬ ਮਾਡਲ ਦੀ ਦੁਹਾਈ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂਕਿ ਆਪਣੇ ਹਲਕੇ ਦਾ ਮਾਡਲ ਕਥਿਤ ਤੌਰ ’ਤੇ ਬਦਹਾਲੀ ਵਿਚ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਥੇ ਆ ਕੇ ਹਲਕਾ ਪੂਰਬੀ ਦੇ ਮੰਦੇ ਹਾਲ ਨੂੰ ਦੇਖਣ, ਜਿਥੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਸੱਤਾ ਵਿਚ ਆਈ ਤਾਂ ਇਸ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ ਅਤੇ ਬੁਨਿਆਦੀ ਸਹੂਲਤਾਂ ਦੇ ਕੇ ਇਸ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।

ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਸੋਹਲ ਨੇ ਆਖਿਆ ਕਿ ਉਹ ਦੁੱਖ ਨਾਲ ਕਹਿ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਗੱਲ ਤਾਂ ਕੀ ਕਰਨੀ ਹੈ, ਉਹ ਆਪਣੇ ਹਲਕੇ ਦੇ ਕਾਂਗਰਸੀ ਆਗੂਆਂ ਦਾ ਹਾਲ ਵੀ ਨਹੀਂ ਪੁੱਛਦੇ। ਇਸੇ ਲਈ ਲੋਕ ਉਸ ਕੋਲੋਂ ਟੁੱਟ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜੋਗਿੰਦਰ ਖਾਨੇਕੇ, ਸੰਨੀ ਸੋਢੀ, ਲਾਡੀ ਪਟਵਾਰੀ, ਸਮਿੰਦਰ ਸਹਿਦੇਵ ਤੇ ਹੋਰ ਸਾਥੀ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸ੍ਰੀ ਮਜੀਠੀਆ ਵੱਲੋਂ ਸਨਮਾਨਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਾਰਡ ਨੰਬਰ 26 ਵਿੱਚ ਵੀ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।

ਉਮੀਦਵਾਰਾਂ ਨੂੰ ਅਪਰਾਧਿਕ ਪਿਛੋਕੜ ਜਨਤਕ ਕਰਨ ਦੇ ਹੁਕਮ

ਦੱਖਣੀ ਹਲਕੇ ਦੇ ਚੋਣ ਨਿਗਰਾਨ (ਖ਼ਰਚਾ) ਅਰਵਿੰਦਰ ਸ਼ਰਮਾ ਨੇ ਦੱਖਣੀ ਹਲਕੇ ਦੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਸਪੱਸ਼ਟ ਕੀਤਾ ਕਿ ਚੋਣ ਅਮਲ ’ਚ ਵਿਘਨ ਪਾਉਣ, ਵੋਟਰਾਂ ਨੂੰ ਭਰਮਾਉਣ ਜਾਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਉਮੀਦਵਾਰੀ ਖ਼ਤਮ ਹੋਣ ਤੋਂ ਲੈ ਕੇ ਜੇਲ੍ਹ ਜਾਣ ਤਕ ਦੀ ਹੋ ਸਕਦੀ ਹੈ। ਇਸ ਹਲਕੇ ਵਿੱਚੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਮੁੜ ਚੋਣ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਲਬੀਰ ਸਿੰਘ ਗਿੱਲ, ਆਮ ਆਦਮੀ ਪਾਰਟੀ ਵੱਲੋਂ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਲੋਕ ਕਾਂਗਰਸ ਪਾਰਟੀ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਮੈਦਾਨ ਵਿੱਚ ਹਨ। ਉਨ੍ਹਾਂ ਨੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਨੂੰ 7, 11 ਅਤੇ 17 ਫਰਵਰੀ ਨੂੰ ਇੱਕ-ਇੱਕ ਰਾਸ਼ਟਰੀ, ਇੱਕ-ਇੱਕ ਸਥਾਨਕ ਭਾਸ਼ਾਈ ਅਖਬਾਰ ਅਤੇ ਟੀਵੀ ਚੈਨਲ ਅਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਜਨਤਕ ਕਰਨ ਦੀ ਹਦਾਇਤ ਕੀਤੀ। ਉੁਨ੍ਹਾਂ ਕਿਹਾ ਕਿ ਇਹ ਜਣਾਕਾਰੀ ਘੱਟੋ-ਘੱਟ 12 ਨੰਬਰ ਦੇ ਫ਼ੌਂਟ ਵਿਚ ਆਸਾਨੀ ਨਾਲ ਪੜ੍ਹੀ ਜਾ ਸਕਣ ਵਾਲੀ ਹੋਵੇ। ਉਨ੍ਹਾਂ ਨੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਮੀਡੀਆ ਮੌਨੀਟਰਿੰਗ ਸਰਟੀਫ਼ਿਕੇਸ਼ਨ ਲਾਜ਼ਮੀ ਕਰਾਰ ਦਿੰਦੇ ਹੋਏ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਵੋਟਰਾਂ ਨੂੰ ਭਰਮਾਉਣ ਲਈ ਲਾਲਚ, ਡਰਾਵੇ ਅਤੇ ‘ਮੁੱਲ ਦੀਆਂ ਖ਼ਬਰਾਂ’ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ।

ਰੈਲੀ ਤੇ ਚੋਣ ਮੀਟਿੰਗਾਂ ਲਈ ਆਗਿਆ ਲੇਣੀ ਲਾਜ਼ਮੀ: ਚੋਣ ਨਿਗਰਾਨ (ਖ਼ਰਚਾ) ਅਰਵਿੰਦਰ ਸ਼ਰਮਾ ਨੇ ਕਿਹਾ ਕਿ ਰੈਲੀ ਅਤੇ ਹੋਰ ਚੋਣ ਮੀਟਿੰਗਾਂ ਦੀ ਆਗਿਆ ਬਕਾਇਦਾ ਲਈ ਜਾਵੇ ਅਤੇ ਕਰੋਨਾ ਨਿਯਮਾਂ ਦੀ ਵੀ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮਤਦਾਨ ਤੱਕ ਉਹ ਤਿੰਨ ਵਾਰ ਆਪਣੀਆਂ ਟੀਮਾਂ ਵੱਲੋਂ ਤਿਆਰ ਸ਼ੈਡੋ ਰਜਿਸਟਰਾਂ ਨਾਲ ਉਮੀਦਵਾਰ ਦੇ ਖਰਚਾ ਰਜਿਸਟਰਾਂ ਦਾ ਮਿਲਾਣ ਕਰਨਗੇ। ਉਨ੍ਹਾਂ ਕਿਹਾ ਕਿ ਫਲਾਇੰਗ ਸੁਕਐਡ ਅਤੇ ਨਿਗਰਾਨ ਟੀਮਾਂ ਉਮੀਦਵਾਰਾਂ ਦੇ ਸਾਰੇ ਖਰਚਿਆਂ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸ਼ਖਤੀ ਨਾਲ ਕਾਰਵਾਈ ਕੀਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵੰਤ ਮਾਨ ਦੇ ਮੋਢਿਆਂ ’ਤੇ ‘ਆਪ’ ਦੇ ਚੋਣ ਪ੍ਰਚਾਰ ਦਾ ਭਾਰ
Next articleਆਨੰਦਪੁਰ ਸਾਹਿਬ ਵਾਸੀਆਂ ਦੀ ਸੇਵਾ ਲਈ ਜੀਵਨ ਲੇਖੇ ਲਾਇਆ: ਰਾਣਾ ਕੇਪੀ