~ ਮੇਲ਼ ਦੀ ਚਿੱਠੀ ~

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਇੱਕ ਚਾਨਣ ਸਾਡੇ ਹਿੱਸੇ ਦਾ
ਕਿਸੇ ਖ਼ਾਸ ਨਗਰ ਵਿਚ ਵੱਸਦਾ ਏ
ਜੋ ਪਲਕਾਂ ਦੀਆਂ ਕਤਾਰਾਂ ਨੂੰ
ਪੱਖੀਆਂ ਦੀ ਝਾਲਰ ਦੱਸਦਾ ਏ
ਉਹਦੇ ਸ਼ਹਿਰ ਜਾਂਦੀਆਂ ਸੜਕਾਂ ਦੇ
ਜਦ ਮੋੜਾਂ ਉੱਤੇ ਬਹਿਨੇ ਆਂ
ਉਹਨਾਂ ਰਾਹਵਾਂ ਵਿਚਲੇ ਰੋੜਾਂ ਨੂੰ
ਅਸੀਂ ਮਰੂਏ ਦੇ ਫੁੱਲ ਕਹਿਨੇ ਆਂ
ਜਿਹਦੀ ਲਾਲੀ ਚੜ੍ਹਦੇ ਸੂਰਜ ਜਹੀ
ਮੁੱਖ ਜਗ਼ਦੇ ਤਾਰੇ ਵਰਗਾ ਏ
ਉਹਦੇ ਘਰੋਂ ਮਦੀਨਾ ਨੇੜੇ ਹੈ
ਉਹਦਾ ਤਖ਼ਤ ਹਜ਼ਾਰੇ ਵਰਗਾ ਏ
ਇੱਕ ਉਲ਼ਝਣ ਉਹਦੇ ਹੁੰਦਿਆਂ ਵੀ
ਉਹਦੀ ਯਾਦ ਸਤਾਉੰਦੀ ਰਹਿੰਦੀ ਏ
ਸਾਡੇ ਸਬਰ, ਸਿਦਕ ਦੀਆਂ ਗਲ਼ੀਆਂ ਦੇ
ਉਹ ਚੱਕਰ ਲਾਉੰਦੀ ਰਹਿੰਦੀ ਏ
ਉਹਨੇ ਗੂੜ੍ਹਾ ਰੰਗ ਹਕ਼ੀਕੀ ਦਾ
ਸਾਡੇ ਖ਼ੁਆਬਾਂ ਦੇ ਵਿੱਚ ਭਰਿਆ ਏ
ਅਸੀਂ ਏਨੇ ਵਿਚ ਹੀ ਰਾਜੀ ਹਾਂ
ਉਹਨੇ ਭਰ ਕੇ ਊਣੇ ਕਰਿਆ ਏ
ਉਹਦੇ ਸਾਰੇ ਮੌਸਮ ਅੱਗੇ ਨੇ
ਹਰ ਰੁੱਤ ਅਗੇਤੀ ਚਲਦੀ ਏ
ਇਸ ਚਾਅ ਵਿਚ ਸਾਡੀ ਧੜਕਣ ਵੀ
ਸਾਹਾਂ ਤੋਂ ਛੇਤੀ ਚਲਦੀ ਏ
ਮੈਂ ਲੈ ਕੇ ਕੰਘੀ ਸੋਨੇ ਦੀ
ਉਹਦੇ ਸਿਰ ਦੇ ਕੁੰਡਲ਼ ਵਾਹੁਣੇ ਨੇ
ਕੁਝ ਚੁਣ ਕੇ ਫੁੱਲ ਗ਼ੁਲਾਬਾਂ ਦੇ
ਉਹਨੂੰ ਮਿਸ਼ਰੀ ਨਾਲ਼ ਖਵਾਉਣੇ ਨੇ
ਸਾਨੂੰ ਜਾਣ-ਜਾਣ ਦੀ ਕਾਹਲ਼ੀ ਨੇ
ਅੱਜ ਰਾਹਵਾਂ ਵਿਚ ਭਟਕਾਇਆ ਏ
ਅਸਾਂ ਤੜ੍ਹਕੇ ਉੱਠ ਦੁਪਹਿਰਾਂ ਨੂੰ
ਤਰਕਾਲ਼ਾਂ ਦਾ ਖ਼ਤ ਪਾਇਆ ਏ
ਉਹਦੇ ਲਈ ਜੋੜੀ ਜੁੱਤੀਆਂ ਦੀ
ਅੰਬਰਸਰ ਤੋਂ ਮੰਗਵਾਉਣੀ ਏ
ਅਸਾਂ ਨੰਗੇ ਪੈਰੀਂ ਜਾਣਾਂ ਏਂ
ਅਰਦਾਸ ਵੀ ਪੜ੍ਹ ਕੇ ਆਉਣੀ ਏ
ਜਦ ਬੰਦ ਦਰਵਾਜ਼ੇ ਖੁੱਲ੍ਹਣਗੇ
ਕੋਈ ਮੇਲ਼ ਦੀ ਚਿੱਠੀ ਆਵੇਗੀ
ਬੱਦਲ਼ਾਂ ਦੀ ਕਾਤਰ ਧਰਤੀ ਨੂੰ
ਕਣੀਆਂ ਦਾ ਗੀਤ ਸੁਣਾਵੇਗੀ
~ਰਿਤੂ ਵਾਸੂਦੇਵ
Previous articleਲੋਕ-ਵਿਰੋਧੀ ਦੁਸ਼ਮਣ ਲੌਬੀ ਅਤੇ ਨਾਬਰੀ
Next article“ਬਿੱਲੀ ਰਸਤਾ ਕੱਟ ਗਈ”