‘ਮਹਿਕ ਵਤਨ ਦੀ ਲਾਈਵ’

(ਸਮਾਜ ਵੀਕਲੀ)

 

ਹਰ ਸਾਲ ਦੀਵਾਲੀ ਆਉਦੀਂ ਹੈ ਅਤੇ ਲੰਘ ਜਾਦੀ ਹੈ। ਇਹ ਸਿਲਸਿਲਾ ਹਜਾਰਾਂ ਸਾਲਾਂ ਤੋ ਚੱਲਿਆ ਆ ਰਿਹਾ ਹੈ। ਹਰ ਸਾਲ ਦੀਵਾਲੀ ਕਿਸੇ ਲਈ ਖੁਸ਼ੀ ਭਰੀ ਹੁੰਦੀ ਹੈ ਅਤੇ ਕਿਸੇ ਲਈ ਦੁੱਖਾਂ ਭਰੀ। ਆਮ ਰੋਜਮਰਾ ਦੀ ਜਿੰਦਗੀ ਨਾਲੋਂ ਦੀਵਾਲੀ ਦੇ ਤਿਉਹਾਰ ਤੇ ਖੁਸ਼ੀਆਂ ਗਮੀਆਂ ਜਿਆਦਾ ਮਹਿਸ਼ੂਸ ਹੁੰਦੀਆਂ ਹਨ। ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ ਨਿੱਘ ਆਪਣਿਆਂ ਦੇ ਨਾਲ ਮਨਾਇਆ ਜਾਵੇ। ਪਿਛਲੇ ਸਾਲ ਦੀਵਾਲੀ ਵਾਲੇ ਦਿਨ ਸਾਡੇ ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾ ਤੇ ਬੈਠੇ ਸਨ ਇਸ ਲਈ ਸਾਨੂੰ ਦੀਵਾਲੀਆਂ ਚੰਗੀਆਂ ਨਹੀਂ ਲੱਗਦੀਆਂ ਸਨ ਪਰ ਐਤਕੀ ਦੀ ਦੀਵਾਲੀ ਪਿਛਲੇ ਸਾਲਾ ਦੀ ਬਜਾਏ ਖੁਸ਼ੀਆਂ ਭਰੀ ਹੈ ਸਾਡੇ ਕਿਸਾਨ ਵੀਰ ਖੇਤੀ ਮਾਰੂ ਕਾਨੂੰਨਾ ਨੂੰ ਵਾਪਸ ਕਰਵਾ ਕੇ ਆਪਣੇ ਘਰ ਵਾਪਿਸ ਪਰਤ ਆਏ ਹਨ ਤੇ ਸਾਡੀਆਂ ਨਵੀਆਂ ਸਰਕਾਰਾ ਵੀ ਸਾਡੀ ਇਛਾ ਅਨੁਸਾਰ ਕੁੱਝ ਕੰਮ ਕਰ ਰਹੀਆਂ ਹਨ।

ਅੱਜ-ਕੱਲ੍ਹ ਜਿਆਦਾਤਰ ਸਾਡੇ ਬੱਚੇ ਪੜ੍ਹਾਈ ਕਰਨ ਲਈ ਜਾਂ ਜਿੰਦਗੀ ਦੀ ਸਫਲਤਾਂ ਲਈ ਵਿਦੇਸ਼ਾ ਵਿੱਚ ਜਾ ਰਹੇ ਹਨ। ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਪਿਆਰ ਦਾ ਹੋਵੇ, ਮੁਹੱਬਤ ਦਾ ਹੋਵੇ, ਇਨ੍ਹਾਂ ਵਿਚਲੇ ਨਿੱਘ ਨੂੰ ਪੂਰੀ ਤਰ੍ਹਾਂ ਮਾਨਣ ਲਈ ਸਾਡਾ ਮਨ ਉਨ੍ਹਾਂ ਨੂੰ ਸਾਡੇ ਕੋਲ ਹੋਣਾ ਲੋਚਦਾ ਹੈ। ਜੇਕਰ ਸਾਡਾ ਸੱਜਣ ਪਿਆਰਾ, ਸਾਡੇ ਭੈਣ-ਭਰਾ, ਸਾਡੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਸਾਡੇ ਕੋਲ ਹੋਣ ਤਾਂ ਦੀਵਾਲੀ ਦੀਆਂ ਖੁਸ਼ੀਆਂ ਦੁਣੀਆ ਚੌਣੀਆਂ ਹੋ ਜਾਦੀਆਂ ਹਨ। ਸਾਨੂੰ ਸਾਡੇ ਬੱਚਿਆਂ ਦੀ ਵਿਦੇਸ਼ ਵਿੱਚ ਜਾਣ ਦੀ ਖੁਸ਼ੀ ਵੀ ਹੈ ਪਰ ਉਨ੍ਹਾਂ ਦੇ ਵਿਛੋੜੇ ਦਾ ਦਰਦ ਵੀ ਹੈ। ਬੱਚਿਆਂ ਬਿਨ੍ਹਾਂ ਇਥੇ ਕਾਹਦੀਆਂ ਦੀਵਾਲੀਆਂ। ਰੱਬ ਕਰੇ ਕਿ ਕਿਸੇ ਲਈ ਵੀ ਅਜਿਹੀ ਦੀਵਾਲੀ ਕਦੇ ਨਾ ਆਵੇ, ਜਿਸ ਵਿਚ ਕਿਸੇ ਦੇ ਵਿਛੋੜੇ ਦਾ ਦਰਦ ਹੋਵੇ।

ਖੁਸ਼ੀਆਂ ਤੇ ਗਮੀਆਂ ਜਿੰਦਗੀ ਦਾ ਹਿੱਸਾ ਹਨ ਜੋ ਹਮੇਸ਼ਾ ਆਉਦੀਆਂ ਹੀ ਰਹਿਣਗੀਆਂ। ਇਸ ਤੋਂ ਉੱਪਰ ਉੱਠ ਕੇ ਜੇਕਰ ਦੀਵਾਲੀ ਦੇ ਤਿਉਹਾਰ ਦਾ ਵਿਸਲੇਸ਼ਨ ਕਰੀਏ ਤਾਂ ਦੀਵਾਲੀ ਸ਼ਬਦ ਦੀਪਾਵਾਲੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਦੀਵਿਆਂ ਦੀਆਂ ਮਾਲਾਵਾਂ ਜਾਂ ਕਤਾਰਾਂ। ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉਤੇ ਦੀਵੇ, ਮੋਮਬੱਤੀਆਂ ਆਦਿ ਜਗਾਉਂਦੇ ਸਨ। ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ (ਚੀਨ) ਦੀਆਂ ਬਣੀਆਂ ਲੜੀਆਂ ਨੇ ਦੀਵੇ ਤੇ ਮੋਮਬੱਤੀਆਂ ਦੀ ਹੋਂਦ ਖ਼ਤਮ ਹੀ ਕਰ ਦਿੱਤੀ ਹੈ। ਸਿਰਫ ਰਸਮ ਪੂਰੀ ਕਰਨ ਲਈ ਹੀ ਘਰਾਂ ਵਿਚ ਪੰਜ ਸੱਤ ਦੀਵੇ ਜਗਾਏ ਜਾਂਦੇ ਹਨ। ਦੀਵਾਲੀ ਵਾਲੇ ਦਿਨ ਦੀਵੇ ਰੌਸ਼ਨ ਕਰਨੇ ਜਿੱਤ ਜਾਂ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਂਗ ਹੈ। ਦੀਵੇ ਆਪ ਜਲ ਕੇ ਦੂਸਰਿਆਂ ਦਾ ਮਾਰਗ ਰੋਸ਼ਨ ਕਰਦੇ ਹਨ ਜੋ ਸਾਨੂੰ ਆਪਣਾ ਆਪ ਵਾਰ ਕੇ ਦੂਸਰਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਦਿੰਦੇ ਹਨ।

ਵੈਸੇ ਦੀਵਾਲੀ ਦੇ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਦੀਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਤੋਂ ਹੀ ਜੁੜਿਆ ਹੋਇਆ ਹੈ ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਬਣਿਆ ਹੈ ਜਦੋਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਮੁਕਤ ਕਰਵਾ ਕੇ ਬਾਹਰ ਆਏ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ। ਪ੍ਰਸਿੱਧ ਇਤਿਹਾਸਕਾਰ ਬਾਬਾ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ। ਹਿੰਦੂ ਧਰਮ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕµਢਕੇ ਲੰਕੇਸ਼ਵਰ ਰਾਵਣ ਤੇ ਉਸਦੀ ਸੈਨਾ ਨੂੰ ਹਰਾਂ ਕੇ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ ਆਏ। ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿਚ ਘਰਾਂ ਦੀਆਂ ਛੱਤਾਂ ਉੱਤੇ ਦੀਵੇ ਜਗਾਏ ਗਏ। ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ। ਵੈਸੇ ਇਹ ਤਿਉਹਾਰ ਸਰਦੀ ਰੁੱਤ ਦੇ ਆਗਮਨ ਦਾ ਵੀ ਸੂਚਕ ਹੈ।

ਦੀਵਾਲੀ ਵੈਸੇ ਤਾਂ ਪੂਰੇ ਦੇਸ਼ ਵਿਚ ਮਨਾਈ ਜਾਂਦੀ ਹੈ ਪਰ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਦੀਵਾਲੀ ਦੀ ਸ਼ਾਨ ਹੀ ਵੱਖਰੀ ਹੈ। ਲੱਖਾਂ ਲੋਕ ਦੇਸ਼ਾ-ਵਿਦੇਸ਼ਾ ਤੋਂ ਇਥੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਉਂਦੇ ਹਨ। ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਉੱਤੇ ਰੌਸ਼ਨੀ ਦੀ ਸਜਾਵਟ ਦਾ ਬੜਾ ਸੁਹਾਵਣਾ ਦ੍ਰਿਸ਼ ਹੁੰੰਦਾ ਹੈ। ਰਾਤ ਨੂੰ ਆਤਸ਼ਬਾਜੀ ਚਲਾਈ ਜਾਂਦੀ ਹੈ। ਆਤਸ਼ਬਾਜੀ ਵੇਖਣ ਵਾਲਿਆਂ ਦੀ ਰੌਣਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਪ੍ਰਕਰਮਾ ਵਿਚ ਖੜ੍ਹੇ ਹੋਣ ਦੀ ਥਾਂ ਨਹੀਂ ਮਿਲਦੀ। ਬਜ਼ਾਰਾਂ ਦੀ ਸਜਾਵਟ ਬੜੀ ਦਿਲ ਖਿੱਚਵੀਂ ਹੁੰੰਦੀ ਹੈ ਇਸੇ ਲਈ ਕਿਹਾ ਜਾਂਦਾ ਹੈ। ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।’

ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ ‘ਤੇ ਇਹ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਆਉਂਦਾ ਹੈ। ਦੇਸ਼ ਦੇ ਕੋਨੇ-ਕੋਨੇ ਕੁਝ ਵਿਦੇਸ਼ਾਂ ਵਿਚ ਮਨਾਏ ਜਾਣ ਵਾਲੇ ਸਾਡੇ ਤੋਂ ਵੱਡੇ ਤਿਉਹਾਰ ਦੀਵਾਲੀ ਤੇ ਚਾਹੇ ਪਟਾਕਿਆਂ ਵਗੈਰਾ ਤੇ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਪਰ ਇਸ ਦੇ ਬਦਲੇ ਜੋ ਬੇਅੰਤ ਖੁਸ਼ੀ ਪ੍ਰਾਪਤ ਹੁੰੰਦੀ ਹੈ ਉਸ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਸਮੂੰਹ ਪਾਠਕਾਂ ਦੇ ਘਰ ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਂਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ। ਦੀਵਾਲੀ ਮੁਬਾਰਕ ਦੋਸਤੋਂ!

Chief Editor:
Bhawandeep Singh Purba
Whatsapp or Help Line: 9988-92-9988

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਜਨ ਮਿਸ਼ਨ ਦੇ ਕੌਮੀ ਗੀਤਕਾਰ ਰੱਤੂ ਰੰਧਾਵਾ ਦਾ ਗੁਰੂ ਰਵਿਦਾਸ ਸਭਾ ਸਿਡਨੀ ਵਲੋਂ ਮਿਸ਼ਨ ਸੇਵਾਵਾਂ ਨੂੰ ਦੇਖਦਿਆਂ ਕੀਤਾ ਗਿਆ ਵਿਸ਼ੇਸ਼ ਸਨਮਾਨ
Next articleਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ