HOME *ਮਹਿੰਦਰ ਸਿੰਘ ਰਾਹੀ ਦੀ ਪੁਸਤਕ ਵਾਤਾਵਰਣ ਦੇ ਵਣਜਾਰੇ ਦਾ ਲੋਕ ਅਰਪਣ*

*ਮਹਿੰਦਰ ਸਿੰਘ ਰਾਹੀ ਦੀ ਪੁਸਤਕ ਵਾਤਾਵਰਣ ਦੇ ਵਣਜਾਰੇ ਦਾ ਲੋਕ ਅਰਪਣ*

ਬਰਨਾਲਾ  (ਸਮਾਜ ਵੀਕਲੀ)  (ਚੰਡਿਹੋਕ) ਈਸ਼ਵਰ ਆਸ਼ਾ ਮੈਮੋਰੀਅਲ ਇਨਵਾਇਰਮੈਂਟ ਟਰਸਟ ਬਰਨਾਲਾ ਵੱਲੋਂ ਪ੍ਰਸਿੱਧ ਖੋਜੀ ਵਿਦਵਾਨ ਮਹਿੰਦਰ ਸਿੰਘ ਰਾਹੀ ਦੀ ਪੁਸਤਕ*  *ਵਾਤਾਵਰਣ ਦੇ ਵਣਜਾਰੇ* ਦਾ ਲੋਕ ਅਰਪਣ ਬਰਨਾਲਾ ਕਲੱਬ ਵਿੱਚ ਕੀਤਾ ਗਿਆ। ਇਸ ਪੁਸਤਕ  ਲੋਕ ਅਰਪਣ ਦੀ ਰਸਮ ਵਿੱਚ ਵਾਤਾਵਰਣ ਪ੍ਰੇਮੀ ਸੁਰਿੰਦਰ ਪਾਲ ਕੌਸ਼ਲ, ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਜੀ.ਸੀ., ਗੋਇਲ,ਨੇਚਰ ਲਵਰ ਕਲੱਬ ਦੇ ਡਾ. ਸੰਦੀਪ ਮਲਿਕ, ਸੁਮਿਤ ਬਾਂਸਲ, ਡਾ. ਭੁਪਿੰਦਰ ਸਿੰਘ ਬੇਦੀ, ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਦੇ ਪਵਨ ਪਰਿੰਦਾ , ਤਰਕਸ਼ੀਲ ਸੁਸਾਇਟੀ ਦੇ ਆਗੂ ਮੇਘ ਰਾਜ ਮਿੱਤਰ ਨੇ ਸਾਂਝੇ ਤੌਰ ਤੇ ਨਿਭਾਈ। ਪੁਸਤਕ ਬਾਰੇ ਬੋਲਦਿਆਂ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਪੁਸਤਕ ਦੇ ਤਿੰਨ ਭਾਗ ਹਨ ਪਹਿਲੇ ਭਾਗ ਵਿੱਚ ਹਿੰਦੁਸਤਾਨ ਦੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੁੰਦਰ ਲਾਲ ਬਹੁਗੁਣਾ, ਗਰੀਨ ਮੈਨ ਵਿਜੇ ਬਘੇਲ ,ਵਾਟਰ ਮੈਨ ਰਜਿੰਦਰ ਸਿੰਘ, ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਦੇ ਜੀਵਨ ਅਤੇ ਕਰਮ ਉੱਤੇ ਚਾਨਣਾ ਪਾਇਆ ਗਿਆ ਹੈ। ਬਾਕੀ ਭਾਗਾਂ ਵਿੱਚ ਸੁਰਿੰਦਰ ਪਾਲ ਕੌਸ਼ਲ, ਸੰਦੀਪ ਸਿੰਘ ਧੌਲਾ ਆਦਿ ਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਬਾਰੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਰਾਹੀ ਸਾਹਿਬ ਨੇ ਧਾਰਮਿਕ ਪੁਸਤਕਾਂ ਦੇ ਨਾਲ ਲੋਕ ਧਾਰਾ ਨਾਲ ਜੁੜੇ ਵਿਰਸੇ ਅਤੇ ਭਗਤਾਂ ਦੇ ਜੀਵਨ ਆਧਾਰਿਤ ਪੁਸਤਕਾਂ ਦੀ  ਸਿਰਜਣਾ ਕੀਤੀ ਹੈ। ਵਾਤਾਵਰਨ ਬਾਰੇ  *ਮੁੜ ਆਈਆਂ ਚਿੜੀਆਂ* ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀਆਂ ਦੀਆਂ ਮੁਲਾਕਾਤਾਂ ਨੂੰ ਵੀ ਛਪਵਾਇਆ ਹੈ। ਜਨਰਲ ਸਕੱਤਰ ਪਵਨ ਪਰਿੰਦਾ  ਨੇ ਵੀ ਰਾਹੀ ਸਾਹਿਬ ਦੇ ਸਿਰੜ ਨੂੰ ਸਲਾਮ ਕਰਦਿਆਂ  *ਮੁੜ ਆਈਆਂ ਚਿੜੀਆਂ* ਪੁਸਤਕ ਦੀ ਸ਼ਲਾਘਾ ਕੀਤੀ। ਚਲਦੇ ਪ੍ਰੋਗਰਾਮ ਵਿੱਚ ਬਰਨਾਲਾ ਹਲਕੇ ਦੇ ਵਿਧਾਇਕ ਸ. ਕਾਲਾ ਢਿੱਲੋਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਉਹਨਾਂ ਕਿਹਾ ਕਿ ਇਹ ਪੁਸਤਕ ਮੈਂ ਵਿਧਾਨ ਸਭਾ ਵਿੱਚ ਪਹੁੰਚਾਵਾਂਗਾ। ਵਾਤਾਵਰਣ ਪ੍ਰੇਮੀ ਸੁਰਿੰਦਰ ਪਾਲ ਕੌਸ਼ਲ ਨੇ ਮਹਿੰਦਰ ਸਿੰਘ ਰਾਹੀ ਦਾ ਸਨਮਾਨ ਵੀ ਕੀਤਾ ਤੇ ਨਾਲ ਹੀ ਉਹਨਾਂ ਸਾਰੇ ਲੋਕਾਂ ਨੂੰ ਰੁੱਖ ਲਾਉਣ ਤੇ ਸੰਭਾਲ ਕਰਨ ਦਾ ਹੋਕਾ ਦਿੱਤਾ। ਨੇਚਰ ਲਵਰ ਕਲੱਬ ਦੇ ਮੈਂਬਰਾਂ ਨੇ ਵੀ ਪੁਸਤਕਾਂ ਦੀ ਖਰੀਦ ਕੀਤੀ ਤੇ ਆਪਣੇ ਮਿਸ਼ਨ ਨੂੰ ਅੱਗੇ ਤੋਰਨ ਦਾ ਅਹਿਦ ਲਿਆ। ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਜੀ.ਸੀ. ਗੋਇਲ ਨੇ 20 ਪੁਸਤਕਾਂ ਮਿੱਤਲ ਜਿਊਲਰਜ਼ ਦੇ ਸਹਿਯੋਗ ਨਾਲ ਖਰੀਦੀਆਂ ਅਤੇ ਕਿਹਾ ਕਿ ਮੈਂ ਸੁਰਿੰਦਰ ਪਾਲ ਕੌਸ਼ਲ ਜੀ ਦੇ ਰੁੱਖਾਂ ਨਾਲ ਪ੍ਰੇਮ ਤੋਂ ਬਹੁਤ ਹੀ ਪ੍ਰਭਾਵਿਤ ਹਾਂ ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਲਛਮਣ ਦਾਸ ਮੁਸਾਫਰ, ਮਾਲਵਿੰਦਰ ਸ਼ਾਇਰ, ਤੇਜਿੰਦਰ ਚੰਡਿਹੋਕ, ਡਾ. ਰਾਮ ਪਾਲ, ਜਗਤਾਰ ਬੈਂਸ, ਜਸਬੀਰ ਕੌਰ ਬੇਦੀ, ਸੰਧੂ ਪੱਖੋ ਅਤੇ ਚੇਅਰਮੈਨ ਸੀਨੀਅਰ ਸਿਟੀਜਨ ਦੇ ਮੁਕੰਦ ਸਿੰਘ ਸੇਵਕ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।  ਪੰਛੀ ਪ੍ਰੇਮੀ ਸੰਦੀਪ ਸਿੰਘ ਧੌਲਾ ਨੇ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਪੰਛੀਆਂ ਦੀ ਸਾਂਭ ਸੰਭਾਲ ਉੱਪਰ ਜ਼ੋਰ ਦਿੱਤਾ।ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਆਪਣੀ ਚੀਨ ਫੇਰੀ ਦੇ ਤਜਰਬੇ ਸਾਂਝੇ ਕੀਤੇ। ਅੰਤ ਵਿੱਚ ਸ੍ਰੀ ਵਿੱਕੀ ਹੰਡਿਆਇਆ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਭੁਪਿੰਦਰ ਸਿੰਘ ਬੇਦੀ ਨੇ ਮੰਚ ਸੰਚਾਲਨ ਦਾ ਕੰਮ ਬਾਖੂਬੀ ਨਿਭਾਇਆ। ਇਸ ਸਮਾਗਮ ਵਿੱਚ ਡਾ. ਅਨਿਲ ਸ਼ੋਰੀ, ਭੋਲਾ ਸਿੰਘ ਸੰਘੇੜਾ,ਅਮਰਜੀਤ ਸਿੰਘ ਭੁੱਲਰ, ਅੰਮ੍ਰਿਤ ਪਾਲ ਸਿੰਗਲਾ, ਸੁਸ਼ਮਾ ਕੌਸ਼ਲ ,ਸ਼ੁਕਲ ਕੌਸ਼ਲ,ਡਿੰਪਲ ਸ਼ਰਮਾਂ ਤੋਂ ਇਲਾਵਾ ਕੋਈ 72 ਵਿਅਕਤੀਆਂ ਨੇ ਹਾਜ਼ਰੀ ਲਗਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਸਰਜਨ ਮਾਨਸਾ ਵੱਲੋਂ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਪੁਲਿਸ ਸਟੇਸ਼ਨਾਂ ਦਾ ਦੌਰਾ: ਲਾਰਵਾ ਨਸ਼ਟ ਕਰਵਾਇਆ
Next article‘ਇੱਕ ਬੂਟਾ ਮਾਂ ਦੇ ਨਾਮ’ ਮੁਹਿੰਮ ਦੇ ਤਹਿਤ ਜਤਿੰਦਰਾ ਗ੍ਰੀਨ ਫੀਲਡ ਸਕੂਲ ਦੇ ਵਿਦਿਆਰਥੀਆਂ ਨੇ ਪਿੰਡਾਂ ਵਿੱਚ ਬੂਟੇ ਲਗਾਏ