(ਸਮਾਜ ਵੀਕਲੀ)
ਸੰਸਾਰ ਵਿੱਚ ਸਾਰੇ ਧਰਮਾਂ ਦੇ ਆਪਣੇ ਆਪਣੇ ਪ੍ਰਚਲਿਤ ਤਿਉਹਾਰ ਹਨ। ਹਰੇਕ ਧਰਮ ਦੇ ਲੋਕ ਆਪਣਾ ਮਨਪਸੰਦ ਤਿਉਹਾਰ ਬੜੇ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਸੰਸਾਰ ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਹੈ। ਇਹ ਤਿਉਹਾਰ ਹਿੰਦੂ ਧਰਮ ਦਾ ਪ੍ਰਸਿੱਧ ਤਿਉਹਾਰ ਹੈ। ਮਹਾਂਸ਼ਿਵਰਾਤਰੀ ਦਾ ਤਿਉਹਾਰ ਦੇਸੀ ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਦਸੀ਼ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 18 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਮਹਾਂਸ਼ਿਵਰਾਤਰੀ ਦੇ ਦਿਨ ਸ਼ਰਧਾਲੂ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹਨ।
ਇਹ ਮੰਨਿਆ ਜਾਂਦਾ ਹੈ ਕੀ ਇਸ ਦਿਨ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦਾ ਵਿਆਹ ਹੋਇਆ ਸੀ। ਅਤੇ ਇਸ ਦਿਨ ਹੀ ਧਰਤੀ ਉੱਤੇ ਦੁਨੀਆਂ ਦਾ ਪਹਿਲਾਂ ਸ਼ਿਵਲਿੰਗ ਪ੍ਰਗਟ ਹੋਇਆ ਸੀ। ਬ੍ਰਾਹਮਣ ਲੋਕਾਂ ਦਾ ਕਹਿਣਾ ਹੈ ਕਿ ਮਹਾਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਜੀ ਧਰਤੀ ਦੀ ਉਸ ਜਗ੍ਹਾ ਦੇ ਉੱਤੇ ਬਿਰਾਜਮਾਨ ਹੁੰਦੇ ਹਨ, ਜਿੱਥੇ ਜਿੱਥੇ ਉਹਨਾਂ ਦੇ ਸ਼ਿਵਲਿੰਗ ਹੁੰਦੇ ਹਨ। ਭਗਵਾਨ ਸ਼ਿਵ ਜੀ ਨੂੰ ਉਹਨਾਂ ਦੇ ਹੋਰ ਵੀ ਨਾਵਾਂ ਸ਼ਿਵ, ਮਹੇਸ਼ਵਰ, ਸ਼ੰਭੂ, ਬਾਸਦੇਵ, ਜਟਾਧਾਰੀ, ਪਿਨਾਕੀ, ਬਿਰੂਪਾਸਰ, ਸ਼ਸਿਸੇ਼ਖਰ, ਭੋਲੇ ਨਾਥ ਨਾਲ ਵੀ ਜਾਣਿਆ ਜਾਂਦਾ ਹੈ।
ਬ੍ਰਾਹਮਣਾਂ ਅਤੇ ਜੋਤਸ਼ੀਆਂ ਤੋਂ ਸੁਣਿਆ ਗਿਆ ਹੈ ਕਿ ਭਗਵਾਨ ਸ਼ਿਵ ਆਪਣੇ ਭਗਤਾਂ ਤੋਂ ਜਲਦੀ ਹੀ ਖੁਸ਼ ਹੋ ਜਾਂਦੇ ਹਨ। ਅਧਿਕਮਾਸ ਵਿੱਚ ਜਦੋਂ ਭਗਵਾਨ ਵਿਸ਼ਨੂੰ ਪਤਾਲ ਲੋਕ ਆਰਾਮ ਕਰਨ ਲਈ ਜਾਂਦੇ ਹਨ ਤਾਂ ਉਸ ਸਮੇਂ ਧਰਤੀ ਦੀ ਜ਼ਿੰਮੇਦਾਰੀ ਮਾਤਾ ਪਾਰਵਤੀ ਦੇ ਹੱਥ ਵਿਚ ਹੁੰਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਧਿਕਮਾਸ ਮਹੀਨੇ ਵਿਚ ਭਗਵਾਨ ਸ਼ਿਵ ਪਾਰਵਤੀ ਦੇਵੀ ਨਾਲ ਧਰਤੀ ਦਾ ਦੌਰਾ ਕਰਦੇ ਹਨ ਅਤੇ ਆਪਣੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੇ ਹਨ।
ਹਿੰਦੂ ਧਰਮ ਅਨੁਸਾਰ ਮਹਾਸ਼ਿਵਰਾਤਰੀ ਅਤੇ ਸ਼ਿਵਰਾਤਰੀ ਦੋ ਵੱਖੋ-ਵੱਖਰੇ ਤਿਉਹਾਰ ਹਨ। ਇਹ ਦੋਨੋਂ ਵੱਖ ਵੱਖ ਮਹੀਨਿਆਂ ਵਿਚ ਹੁੰਦੇ ਹਨ ਅਤੇ ਇਹਨਾਂ ਦੋਵੇਂ ਤਿਉਹਾਰਾਂ ਦਾ ਮਹੱਤਵ ਵੀ ਵੱਖਰਾ ਹੈ। ਇਨ੍ਹਾਂ ਅਨੁਸਾਰ ਸ਼ਿਵਰਾਤਰੀ ਹਰ ਮਹੀਨੇ ਮਨਾਈ ਜਾਂਦੀ ਹੈ। ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦੀ ਸਾਲ ਭਰ ਪੂਜਾ ਕੀਤੀ ਜਾਂਦੀ ਹੈ। ਇਹ ਤਿਉਹਾਰ ਹਰ ਮਹੀਨੇ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਮਾਸਿਕ ਸ਼ਿਵਰਾਤਰੀ ਵੀ ਕਿਹਾ ਜਾਂਦਾ ਹੈ। ਜੋਤਸ਼ੀਆਂ ਅਤੇ ਬ੍ਰਾਹਮਣ ਦੇ ਸਾਸਤਰ ਅਨੁਸਾਰ ਸ਼ਿਵਰਾਤਰੀ ਚੰਦਰਮਾ ਦੇ ਪੜਾਅ ਬਦਲਣ ਤੋਂ ਪਹਿਲਾਂ ਹਰੇਕ ਚੰਦਰ ਮਹੀਨੇ ਦੇ ਚੌਧਵੇਂ ਦਿਨ ਮਨਾਈ ਜਾਂਦੀ ਹੈ।
ਇਸੇ ਤਰਾਂ ਮਹਾਂਸ਼ਿਵਰਾਤਰੀ ਫਰਵਰੀ-ਮਾਰਚ ਦੀ ਸ਼ਿਵਰਾਤਰੀ ਇੱਕ ਕੈਲੰਡਰ ਸਾਲ ਵਿੱਚ 12 ਸ਼ਿਵਰਾਤਰੀਆ ਚੋਂ ਸਭ ਤੋਂ ਮਹੱਤਵਪੂਰਨ ਹੈ। ਅਜਿਹਾ ਸਾਲ ਵਿਚ ਇਕ ਵਾਰ ਹੀ ਹੁੰਦਾ ਹੈ। ਇਹ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਵਿਚ ਕ੍ਰਿਸ਼ਨ ਪੱਖ ਦੀ ਚਤੁਰਦਸੀ਼ ਨੂੰ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਮਹਾਸ਼ਿਵਰਾਤਰੀ ਦਾ ਵਰਤ ਰੱਖਦਾ ਹੈ, ਉਸ ਨੂੰ ਸਾਰਾ ਸਾਲ ਵਰਤ ਰੱਖਣ ਦਾ ਫਲ ਮਿਲਦਾ।
ਮਹਾਂਸ਼ਿਵਰਾਤਰੀ ਤੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਵਿਸ਼ੇਸ਼ ਕਿਸਮ ਦੀਆ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ ਹਨ। ਜਿਵੇਂ ਬਿਲ ਵਾਲੇ ਦਰੱਖ਼ਤ ਦੇ ਪੱਤੇ ਜਿਨ੍ਹਾਂ ਨੂੰ ਬੇਲਪੱਤਰ ਵੀ ਕਿਹਾ ਜਾਂਦਾ ਹੈ, ਕੇਲੇ, ਸੇਬ, ਅੰਗੂਰ, ਬੇਰ, ਭੰਗ, ਲੱਡੂ ਆਦਿ। ਮਹਾਂਸ਼ਿਵਰਾਤਰੀ ਵਾਲੇ ਦਿਨ ਹੀ ਜਦੋਂ ਦੇਵਤਾਵਾਂ ਤੇ ਅਸੁਰਾਂ ਵਿਚਕਾਰ ਸਮੁੰਦਰ ਮੰਥਨ ਹੋਇਆ ਸੀ , ਉਦੋਂ ਭਗਵਾਨ ਸ਼ਿਵ ਨੇ ਇਸ ਮਥਨ ਤੋਂ ਬਾਹਰ ਆਉਣ ਤੇ ਇਸ ਜ਼ਹਿਰ ਨੂੰ ਆਪਣੇ ਗਲੇ ਵਿੱਚ ਰੱਖ ਲਿਆ ਸੀ। ਕਿਉਂਕਿ ਜ਼ਹਿਰ ਕਰਕੇ ਭਗਵਾਨ ਭੋਲੇ ਨਾਥ ਦੇ ਗਲੇ ਵਿਚ ਜਲਣ ਸੁਰੂ ਹੋ ਗਈ ਸੀ, ਜਿਸ ਨਾਲ ਦੇਵਤਾ ਪਰੇਸ਼ਾਨ ਹੋ ਗਏ ਸਨ।
ਫਿਰ ਇਸ ਗਲੇ ਦੀ ਜਲਨ ਨੂੰ ਦੂਰ ਕਰਨ ਤੇ ਭਗਵਾਨ ਸ਼ਿਵ ਨੂੰ ਦਿਲਾਸਾ ਦੇਣ ਲਈ ਦੇਵਤਾਵਾਂ ਨੇ ਉਨ੍ਹਾਂ ਦਾ ਇਲਾਜ ਕੀਤਾ ਤੇ ਦਿਮਾਗ਼ ਨੂੰ ਠੰਢਾ ਕਰਨ ਲਈ ਬਿੱਲ ਦੇ ਪੱਤਿਆਂ ਅਰਥਾਤ ਬੇਲਪੱਤਰਾਂ ਦੀ ਪੇਸ਼ਕਸ਼ ਕੀਤੀ। ਇਸ ਕਾਰਨ ਹੀ ਭਗਵਾਨ ਸ਼ਿਵ ਜੀ ਨੂੰ ਬੇਲਪੱਤਰ ਭੇਟ ਕੀਤੇ ਜਾਂਦੇ ਹਨ ਅਜਿਹਾ ਕਰਕੇ ਭੋਲੇ ਨਾਥ ਇਸ ਨਾਲ ਖੁਸ਼ ਹੋ ਜਾਂਦੇ ਹਨ। ਮਹਾਂਸ਼ਿਵਰਾਤਰੀ ਤੇ ਭਗਵਾਨ ਸ਼ਿਵ ਦੀ ਪੂਜਾ ਬੇਲਪੱਤਰਾਂ ਤੋਂ ਬਗੈਰ ਅਧੂਰੀ ਮੰਨੀ ਜਾਂਦੀ ਹੈ।
ਸ਼ਿਵ ਦੇ ਸ਼ਰਧਾਲੂ ਸਾਰਾ ਸਾਲ ਮਹਾਸਿਵਰਾਤਰੀ ਦਾ ਇੰਤਜ਼ਾਰ ਕਰਦੇ ਹਨ। ਇਸ ਦਿਨ ਵੱਡੀ ਗਿਣਤੀ ਵਿਚ ਲੋਕ ਭੋਲੇ ਨਾਥ ਦਾ ਵਰਤ ਰੱਖਦੇ ਹਨ ਅਤੇ ਮੰਦਰਾਂ ਦੇ ਵਿਚ ਪੂਜਾ ਕਰਦੇ ਹਨ। ਮਹਾਸ਼ਿਵਰਾਤਰੀ ਦਾ ਵਰਤ ਸ਼ਰਧਾਲੂਆਂ ਵੱਲੋਂ ਪੂਰੇ ਦਿਨ ਦਾ ਰੱਖਿਆ ਜਾਂਦਾ ਹੈ। ਭਗਤ ਇਸ ਦਿਨ ਜਲਦੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਭਸਮ ਦਾ ਤਿਲਕ ਲਗਾਉਂਦੇ ਹਨ ਅਤੇ ਰੁਦਰਾਕਸ਼ ਦੀ ਮਾਲਾ ਪਹਿਣਦੇ ਹਨ। ਇਸ ਤੋਂ ਬਾਅਦ ਪੂਰਬ ਦਿਸ਼ਾ ਵਿੱਚ ਆਪਣਾ ਮੂੰਹ ਕਰਕੇ ਧੂਪ, ਅਗਰਬੱਤੀ ਅਤੇ ਹੋਰ ਸਮੱਗਰੀ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਇਸ ਦਿਨ ਸ਼ਿਵ ਜੀ ਦੇ ਮੰਦਰਾਂ ਦੇ ਵਿੱਚ ਭੋਲੇ ਨਾਥ ਨੂੰ ਦੁੱਧ ਅਤੇ ਕੱਚੀ ਲੱਸੀ ਦੇ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ।
ਇਸ ਵਰਤ ਵਿਚ ਚਾਰੋ ਪਹਿਰ ਪੂਜਾ ਕੀਤੀ ਜਾਂਦੀ ਹੈ। ਹਰ ਇੱਕ ਪਹਿਰ ਓਮ ਨਮਹ ਸ਼ਿਵਾਏ ਦਾ ਜਾਪ ਕੀਤਾ ਜਾਂਦਾ ਹੈ। ਜੇਕਰ ਸ਼ਿਵ ਮੰਦਰ ਵਿੱਚ ਜਾਪ ਕਰਨਾ ਸੰਭਵ ਨਾ ਹੋ ਸਕੇ ਤਾਂ ਘਰ ਦੀ ਪੂਰਬ ਦਿਸ਼ਾ ਵਿੱਚ ਬਹਿ ਕੇ ਕਿਸੇ ਸ਼ਾਂਤ ਥਾਂ ਤੇ ਜਾ ਕੇ ਇਸ ਮੰਤ੍ਰ ਦਾ ਜਾਪ ਕੀਤਾ ਜਾ ਸਕਦਾ ਹੈ। ਮਹਾਸ਼ਿਵਰਾਤਰੀ ਦੇ ਦਿਨ ਸ਼ਿਵ ਅਵਿਸੇ਼ਕ ਕਰਨ ਦੇ ਲਈ ਸਭ ਤੋ ਪਹਿਲਾਂ ਮਿੱਟੀ ਦਾ ਭਾਂਡਾ ਲੈ ਕੇ ਉਸ ਵਿਚ ਪਾਣੀ ਭਰਕੇ, ਇਸ ਵਿਚ ਬੇਲਪੱਤਰ ਪਾ ਕੇ, ਚਾਵਲ ਪਾ ਕੇ, ਸ਼ਿਵਲਿੰਗ ਨੂੰ ਅਰਪਿਤ ਕੀਤੇ ਜਾਂਦੇ ਹਨ। ਜਿਹੜੇ ਭਗਤ ਮਹਾਸ਼ਿਵਰਾਤਰੀ ਦਾ ਵਰਤ ਰੱਖਦੇ ਹਨ ਉਹ ਮਹਾਸ਼ਿਵਰਾਤਰੀ ਤੋਂ ਅਗਲੇ ਦਿਨ ਜੋਂ, ਤਿਲ਼,ਖੀਰ ਅਤੇ ਬਿਲਪੱਤਰ ਦਾ ਹਵਨ ਕਰਕੇ ਆਪਣਾ ਵਰਤ ਸਮਾਪਤ ਕਰਦੇ ਹਨ। ਵਰਤ ਰੱਖਣ ਅਤੇ ਪੂਜਾ ਦੇ ਨਾਲ ਰਾਤ ਨੂੰ ਜਾਗਰਣ ਵੀ ਕੀਤਾ ਜਾਂਦਾ ਹੈ।
ਇਸ ਨਾਲ ਵਰਤ ਹੋਰ ਵੀ ਵੱਧ ਸ਼ੁਭ ਫ਼ਲ ਵਾਲਾ ਹੋ ਜਾਂਦਾ ਹੈ ਕਿਉਂਕਿ ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ।, ਇਸ ਲਈ ਇਸ ਰਾਤ ਨੂੰ ਸ਼ਿਵ ਦੀ ਬਰਾਤ ਵੀ ਨਿਕਲਦੀ ਹੈ। ਇਸ ਦਿਨ ਮੰਦਰ ਅਤੇ ਬਾਜ਼ਾਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਜਾਂਦਾ ਹੈ। ਇਸ ਦੇ ਨਾਲ ਮੰਦਰਾਂ ਅਤੇ ਬਾਜ਼ਾਰਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ ਅਤੇ ਪੁੰਨ-ਦਾਨ ਵੀ ਕੀਤੇ ਜਾਂਦੇ ਹਨ। ਲੰਗਰਾਂ ਦੇ ਵਿਚ ਕੜੀ-ਚਾਵਲ, ਛੋਲੇ-ਪੂਰੀਆ, ਖੀਰ-ਪ੍ਰਸਾਦ ਅਤੇ ਫਲ, ਮਠਿਆਈਆਂ ਆਦਿ ਸ਼ਾਮਲ ਹੁੰਦੇ ਹਨ। ਕਈ ਸ਼ਿਵ ਦੇ ਭਗਤ ਇਸ ਦਿਨ ਭੰਗ ਵੀ ਪੀਂਦੇ ਹਨ ਅਤੇ ਭੰਗ ਦੇ ਬਣੇ ਹੋਏ ਪਕਵਾਨ ਵੀ ਖਾਂਦੇ ਹਨ। ਇਸ ਦਿਨ ਬਜ਼ਾਰਾਂ ਅਤੇ ਮੰਦਰਾਂ ਵਿੱਚ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੀਆਂ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ।
ਇਸ ਤਰਾਂ ਇਹ ਨਜ਼ਾਰਾ ਬੜਾ ਹੀ ਸੁੰਦਰ ਲੱਗਦਾ ਹੈ। ਇਕੱਲੇ ਹਿੰਦੂ ਹੀ ਨਹੀਂ ਜਿਨ੍ਹਾਂ ਸਰਦਾਰ ਲੋਕਾਂ ਦਾ ਸ਼ਿਵ ਭੋਲੇ ਦੀ ਭਗਤੀ ਅਤੇ ਮਹਿੰਮਾਂ ਦੇ ਵਿਚ ਵਿਸ਼ਵਾਸ ਹੈ ਅਤੇ ਹਿੰਦੂ ਪਰਿਵਾਰਾਂ ਦੇ ਨਾਲ ਸਾਂਝ ਹੈ, ਉਹ ਵੀ ਇਸ ਮਹਾਂਸ਼ਿਵਰਾਤਰੀ ਦੇ ਤਿਉਹਾਰ ਨੂੰ ਆਪਣੀ ਸ਼ਰਧਾ ਦੇ ਨਾਲ ਮਨਾਉਂਦੇ ਹਨ । ਇਸ ਤਰ੍ਹਾਂ ਉਹ ਲੋਕ ਵੀ ਸ਼ਿਵ-ਭੋਲੇ ਅਤੇ ਹਿੰਦੂ ਧਰਮ ਦਾ ਸਤਿਕਾਰ ਕਰਦੇ ਹਨ, ਹਿੰਦੂ ਲੋਕਾਂ ਨਾਲ ਲੰਗਰ ਛੱਕਦੇ ਅਤੇ ਛਕਾਉਂਦੇ ਵੀ ਹਨ ਅਤੇ ਆਪਣੇ ਮੂੰਹੋਂ ਵੀ ਜਾਪ ਕਰਦੇ ਕਰਦੇ ਹਨ ਅਤੇ ਬੋਲਦੇ ਸੁਣਾਈ ਦਿੰਦੇ ਹਨ …..ਓਮ ਨਮਹ ਸ਼ਿਵਾਏ, ਓਮ ਨਮਹ ਸ਼ਿਵਾਏ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188