(ਸਮਾਜ ਵੀਕਲੀ)
ਮੇਰਾ ਘਰ ਲਿੰਕ ਰੋਡ ਤੇ ਹੋਣ ਕਰਕੇ ਮੈਨੂੰ ਸੜਕ ਤੇ ਆਉਂਦੇ, ਜਾਂਦੇ ਲੋਕਾਂ ਦੀਆਂ ਗੱਲਾਂ ਅਕਸਰ ਸੁਣਦੀਆਂ ਰਹਿੰਦੀਆਂ ਹਨ। ਅੱਜ ਦਿਨ ਦੇ ਗਿਆਰਾਂ ਕੁ ਵੱਜੇ ਹਨ ਅਤੇ ਮੈਂ ਵਿਹੜੇ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਹਾਂ। ਅਚਾਨਕ ਮੇਰੇ ਕੰਨਾਂ ‘ਚ ਆਵਾਜ਼ ਪਈ, ” ਓਏ ਸ਼ਿੰਦਿਆ, ਅੱਜ ਤੁਹਾਡੇ ਮਹੱਲੇ ‘ਚ ਕਿਦ੍ਹਾ ਵਿਆਹ ਆ?”
” ਜੀਤੇ , ਅੱਜ ਸਾਡੇ ਮਹੱਲੇ ‘ਚ ਦੇਵ ਦੀ ਕੁੜੀ ਦਾ ਵਿਆਹ ਆ।”
” ਅੱਛਾ , ਅੱਛਾ, ਉਦ੍ਹਾ, ਜਿਹੜੀ ਸਾਰਾ ਦਿਨ ਕਦੇ ਐਸ ਘਰ, ਕਦੇ ਔਸ ਘਰ ਚੱਕਰ ਲਾਂਦੀ ਰਹਿੰਦੀ ਸੀ।”
ਸ਼ਿੰਦੇ ਤੇ ਜੀਤੇ ਦੀਆਂ ਗੱਲਾਂ ਸੁਣ ਕੇ ਇੱਕ ਦਮ ਮੇਰੀਆਂ ਅੱਖਾਂ ਅੱਗੇ ਦੇਵ ਦੀ ਕੁੜੀ ਮਨਜੀਤ ਦੇ ਨਕਸ਼ ਉਭਰ ਆਏ। ਉਸ ਦੇ ਡੈਡੀ ਮਰੇ ਨੂੰ ਕਈ ਸਾਲ ਹੋ ਗਏ ਸਨ।ਉਹ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੀ ਮੰਮੀ ਨਾਲ ਵੱਖ, ਵੱਖ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਣ ਤੇ ਕਪੜੇ ਧੋਣ ਦਾ ਕੰਮ ਕਰਦੀ ਸੀ। ਮੈਂ ਵਿਹੜੇ ਚੋਂ ਉੱਠ ਕੇ ਸ਼ਿੰਦੇ ਤੇ ਜੀਤੇ ਦੀਆਂ ਗੱਲਾਂ ਸੁਣਨ ਲਈ ਆਪਣੇ ਘਰ ਦੇ ਗੇਟ ਕੋਲ ਆ ਗਿਆ।
” ਹਾਂ, ਹਾਂ, ਉਦ੍ਹਾ ਹੀ।” ਸ਼ਿੰਦੇ ਨੇ ਆਖਿਆ।
” ਫੇਰ ਤਾਂ ਤੁਹਾਡੇ ਮਹੱਲੇ ਦਾ ਗੰਦ ਚੱਕਿਆ ਜਾਊ।”
ਜੀਤੇ ਦੀ ਗੱਲ ਸੁਣ ਕੇ ਮੈਂ ਆਪਣੇ ਘਰ ਦੇ ਗੇਟ ਤੋਂ ਬਾਹਰ ਆ ਗਿਆ, ਜਿੱਥੇ ਸ਼ਿੰਦਾ ਤੇ ਜੀਤਾ ਖੜ੍ਹੇ ਗੱਲਾਂ ਕਰ ਰਹੇ ਸਨ। ਜੀਤੇ ਦੀ ਗੱਲ ਸੁਣ ਕੇ ਮੈਥੋਂ ਰਿਹਾ ਨਾ ਗਿਆ। ਮੈਂ ਇੱਕ ਦਮ ਆਖਿਆ,” ਵੈਸੇ ਜੀਤਿਆ ਮੈਨੂੰ ਤੇਰੀ ਮੱਤ ਮਾਰੀ ਗਈ ਲੱਗਦੀ ਆ। ਤੈਨੂੰ ਚੰਗਾ ਭਲਾ ਪਤਾ ਆ ਕਿ ਦੇਵ ਦੇ ਮਰਨ ਪਿੱਛੋਂ ਮਾਂ, ਧੀ ਘਰ ਦਾ ਗੁਜ਼ਾਰਾ ਚਲਾਣ ਲਈ ਲੋਕਾਂ ਦੇ ਘਰੀਂ ਕੰਮ ਕਰਦੀਆਂ ਆਂ। ਲੋਕਾਂ ਦੇ ਘਰੀਂ ਘੁੰਮਣ ਦਾ ਉਨ੍ਹਾਂ ਨੂੰ ਕੋਈ ਚਾਅ ਚੜ੍ਹਿਆ ਆ।”
ਮੇਰੀਆਂ ਇਹ ਗੱਲਾਂ ਸੁਣ ਕੇ ਜੀਤਾ ਸ਼ਰਮਿੰਦਾ ਜਿਹਾ ਹੋ ਗਿਆ। ਉਸ ਨੇ ਸ਼ਿੰਦੇ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਦੇਖਿਆ ਅਤੇ ਫਿਰ ਦੋਵੇਂ ਜਣੇ ਉੱਥੋਂ ਖਿਸਕ ਗਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly