(ਸਮਾਜ ਵੀਕਲੀ)– ਮਾਘੀ ਤੋਂ ਭਾਵ ਮਾਘ ਮਹੀਨੇ ਦੀ ਸੰਗਰਾਂਦ, ਜੋ ਲੋਹੜੀ ਤੋਂ ਅਗਲੇ ਦਿਨ ਆਉਂਦੀ ਹੈ। ਹਿੰਦੂ ਧਰਮ ਵਿੱਚ ਇਸ ਦਿਨ ਨੂੰ ਮਕਰ ਸੰਕ੍ਰਾਂਤੀ ਵਜੋਂ ਬਹੁਤ ਸਾਰੇ ਤੀਰਥ ਸਥਲਾਂ ਤੇ ਮਨਾਇਆ ਜਾਂਦਾ ਹੈ। ਭਾਰਤ ਵਰਸ਼ ਦੇ ਹਿੰਦੂ ਲੋਕਾਂ ਵਿੱਚ ਇਸ ਦਿਨ ਨੂੰ ਬਹੁਤ ਹੀ ਮਹੱਤਵਕਾਂਸ਼ੀ ਦਿਨ ਵਜੋਂ ਮਨਾਇਆ ਜਾਂਦਾ ਹੈ। ਮਾਘੀ ਜਾਂ ਮਕਰ ਸੰਕ੍ਰਾਂਤੀ ਦਾ ਦਿਨ ਮਕਰ ਰਾਸ਼ੀ ਦੇ ਸੂਰਜ ਦੇ ਸੰਪਰਕ ਵਿੱਚ ਆਉਣ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਨਾਲ ਲੰਬੇ ਦਿਨਾਂ ਦੀ ਸ਼ੁਰੂਆਤ ਹੁੰਦੀ ਹੈ। ਮਕਰ ਸੰਕ੍ਰਾਂਤੀ ਉਨ੍ਹਾਂ ਕੁਝ ਪੁਰਾਣੇ ਭਾਰਤੀ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਸੂਰਜੀ ਚੱਕਰ ਦੇ ਅਨੁਸਾਰ ਮਨਾਏ ਜਾਂਦੇ ਹਨ।
ਉੱਤਰ ਭਾਰਤੀ ਹਿੰਦੂਆਂ ਅਤੇ ਸਿੱਖਾਂ ਦੁਆਰਾ ਮਾਘੀ, ਮਹਾਰਾਸ਼ਟਰ, ਗੋਆ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਇਸ ਦਿਨ ਨੂੰ ਪੂਸ਼ ਸੰਕਰਾਂਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਰਨਾਟਕ, ਤੇਲੰਗਾਨਾ ਅਤੇ ਮੱਧ ਭਾਰਤ ਵਿੱਚ ਇਸ ਤਿਉਹਾਰ ਨੂੰ ਸੁਕਾਰਤ ਦੇ ਨਾਮ ਨਾਲ, ਅਸਾਮੀਆ ਦੁਆਰਾ ਮਾਘ ਬਿਹੂ ਅਤੇ ਤਾਮਿਲਾਂ ਦੁਆਰਾ ਥਾਈ ਪੋਂਗਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਭਾਰਤ ਵਰਸ਼ ਦੇ ਸਾਰੇ ਲੋਕ ਪਵਿੱਤਰ ਨਦੀਆਂ ਜਾਂ ਝੀਲਾਂ ਦੇ ਕੰਢੇ ਸੂਰਜ ਦਾ ਧੰਨਵਾਦ ਕਰਦਿਆਂ ਇਸ਼ਨਾਨ ਕਰਨ ਨੂੰ ਆਪਣਾ ਸ਼ੁਭ ਕਰਮ ਸਮਝਦੇ ਹਨ।
ਮਾਘੀ ਸਿੱਖ ਧਰਮ ਦਾ ਇਤਿਹਾਸਕ ਪੁਰਬ ਹੈ, ਜੋ ਖਿਦਰਾਣੇ ਦੀ ਢਾਬ (ਮੁਕਤਸਰ) ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸੂਬਾ ਸਰਹਿੰਦ ਦੀ ਫੌਜ ਵਿੱਚ ਹੋਈ ਘਮਸਾਨ ਦੀ ਜੰਗ ਸਮੇਂ ਚਾਲੀ ਸਿੰਘਾਂ ਦੇ ਸ਼ਹੀਦ ਹੋ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਮੁਕਤਸਰ ਦੀ ਧਰਤੀ ਤੇ ਲੱਖਾਂ ਲੋਕ ਇਤਿਹਾਸਕ ਪੁਰਬ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਦੇ ਨਾਲ-ਨਾਲ ਪਵਿੱਤਰ ਸਰੋਵਰ ਵਿੱਚ ਇਸ਼ਨਾਨ
ਕਰਦੇ ਹਨ।
ਇਤਿਹਾਸਿਕ ਤੱਥਾਂ ਅਨੁਸਾਰ ਆਨੰਦਪੁਰ ਦੇ ਕਿਲ੍ਹਾ ਦੀ ਘੇਰਾਬੰਦੀ ਸਮੇਂ ਮਾਝੇ ਦੇ ਚਾਲੀ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖਕੇ ਆਪੋ-ਆਪਣੇ ਘਰ ਚਲੇ ਗਏ ਸਨ। ਮਾਈ ਭਾਗੋ ਅਤੇ ਹੋਰਨਾਂ ਸਿੱਖ ਸੰਗਤਾਂ ਨੇ ਜਦੋਂ ਇਨ੍ਹਾਂ 40 ਸਿੰਘਾਂ ਨੂੰ ਲਾਹਨਤਾਂ ਪਾਉਂਦੇ ਹੋਏ ਚੂੜੀਆਂ ਪਾ ਲੈਣ ਦਾ ਮਿਹਣਾ ਦਿੱਤਾ ਤਾਂ ਇਹ ਸਿੰਘ ਗੁਰੂ ਸਾਹਿਬ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾਉਣ ਲਈ ਤਿਆਰ ਹੋ ਗਏ। ਗੁਰੂ ਜੀ ਚਮਕੌਰ, ਮਾਛੀਵਾੜਾ, ਆਲਮਗੀਰ, ਰਾਏਕੋਟ, ਦੀਨਾ ਹੁੰਦੇ ਹੋਏ ਜਦੋਂ ਕੋਟਕਪੂਰੇ ਪੁੱਜੇ ਤਾਂ ਪਤਾ ਲੱਗਾ ਕਿ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰ ਰਹੀ ਹੈ ਤਾਂ ਗੁਰੂ ਜੀ ਨੇ ਉਸ ਸਮੇਂ ਖਿਦਰਾਣੇ ਦੀ ਢਾਬ ਵਜੋਂ ਜਾਣੀ ਜਾਂਦੀ ਢਾਬ ਨੂੰ ਮੁਗਲਾਂ ਨਾਲ ਜੰਗ ਲੜਨ ਲਈ ਉਚਿਤ ਸਮਝਦਿਆਂ ਢਾਬ ਤੇ ਡੇਰੇ ਲਾ ਲਏ। ਉਧਰ ਮਾਝੇ ਦੇ ਉਹ ਚਾਲੀ ਸਿੰਘਾਂ ਦਾ ਜੱਥਾ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਜੀ ਨਾਲ ਕਲਗੀਧਰ ਪਾਤਸ਼ਾਹ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪੁੱਜਾ ਅਤੇ ਗੁਰੂ ਸਾਹਿਬ ਦੀ ਕਮਾਨ ਹੇਠ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਜੰਗ ਲੜਨ ਲੱਗਾ।
ਜਦੋਂ ਢਾਬ ਤੋਂ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਵੀਰਤਾ ਨਾਲ ਲੜਦੇ ਵੇਖਿਆ ਤਾਂ ਗੁਰੂ ਸਾਹਿਬ ਸਿੰਘਾਂ ਕੋਲ ਆਏ ਤਾਂ ਭਾਈ ਮਹਾਂ ਸਿੰਘ ਨੇ ਸਹਿਕਦਿਆਂ ਹੋਇਆਂ ਲਿਖਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਅਰਜ ਕੀਤੀ। ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਕੇ ਬੇਦਾਵਾ ਪਾੜ ਦਿੱਤਾ।
ਗੁਰੂ ਸਾਹਿਬ ਨੇ ਇਹਨਾਂ ਚਾਲੀ ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਕਰਕੇ ਟੁੱਟੀ ਸਿੱਖੀ ਨੂੰ ਮੁੜ ਗੰਢਣ ਦਾ ਵਚਨ ਦਿੱਤਾ। ਗੁਰੂ ਸਾਹਿਬ ਨੇ ਆਪਣੇ ਹੱਥੀਂ ਇਹਨਾਂ ਸਿੰਘਾਂ ਦਾ ਦਾਹ-ਸੰਸਕਾਰ ਕੀਤਾ ਅਤੇ ਇਸ ਥਾਂ ਦਾ ਨਾਮ ਮੁਕਤਸਰ ਰੱਖਿਆ। ਹੁਣ ਇਸ ਸਥਾਨ ਤੇ ਸਰੋਵਰ ਅਤੇ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ। ਮਾਘ ਦੇ ਮਹੀਨੇ ਦੇ ਬਾਬਤ ਗੁਰੂ ਸਾਹਿਬ ਦੁਆਰਾ ਬਾਣੀ ਵਿੱਚ ਵੀ ਫੁਰਮਾਨ ਹੈ ਕਿ:-
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸ਼ਨਾਨ।।
ਹਰਿ ਕਾ ਨਾਮਿ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ।।
ਆਪ ਜੀ ਦਾ ਸ਼ੁੱਭਚਿੰਤਕ
ਗੁਰਪ੍ਰੀਤ ਸਿੰਘ ਚੰਬਲ
ਸੰਪਰਕ ਨੰਬਰ:98881-40052
ਈਮੇਲ: – [email protected]
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly