ਨਵਾਂਸ਼ਹਿਰ ਵਿਖੇ ਲੱਗਿਆ ਮੈਗਾ ਜ਼ਿਲ੍ਹਾ ਪੱਧਰੀ ਮਹਿਲਾ ਸਿਹਤ ਅਤੇ ਰੋਜ਼ਗਾਰ ਕੈਂਪ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਈ.ਟੀ.ਆਈ ਗਰਾਊਂਡ, ਨਵਾਂਸ਼ਹਿਰ ਵਿਖੇ ਇਕ ਮੈਗਾ ਜ਼ਿਲ੍ਹਾ ਪੱਧਰੀ ਮਹਿਲਾ ਸਿਹਤ ਅਤੇ ਪਲੇਸਮੈਂਟ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਔਰਤਾਂ ਦੀ ਤੰਦਰੁਸਤੀ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾ ਕੇ ਸਸ਼ਕਤ ਕਰਨਾ ਸੀ। ਸਮਾਗਮ ਵਿਚ ਲੱਗਭਗ 500 ਵਿਅਕਤੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋ ਲੱਗਭਗ 450 ਮਹਿਲਾਵਾਂ ਸ਼ਾਮਲ ਸਨ। ਇਸ ਦੌਰਾਨ ਗਾਇਨੀ ਦੇ ਮਾਹਿਰਾਂ , ਫਿਜ਼ੀਓਥੈਰੇਪਿਸਟਾਂ ਅਤੇ ਈ.ਐਨ.ਟੀ ਮਾਹਿਰਾਂ ਨਾਲ ਸਲਾਹ-ਮਸ਼ਵਰੇ ਸਮੇਤ ਔਰਤਾਂ ਦੀ ਮੁਫਤ ਮੈਡੀਕਲ ਜਾਂਚ ਆਦਿ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ 375 ਤੋਂ ਵੱਧ ਔਰਤਾਂ ਨੇ ਮੈਡੀਕਲ ਜਾਂਚ ਲਈ ਸੇਵਾਵਾਂ ਦਾ ਲਾਭ ਉਠਾਇਆ ਅਤੇ ਮੁਫਤ ਦਵਾਈਆਂ ਅਤੇ ਸਿਹਤ ਸਲਾਹ ਪ੍ਰਾਪਤ ਕੀਤੀ। ਇਸੇ ਤਰ੍ਹਾਂ ਫਲਿੱਪਕਾਰਟ, ਐਲ.ਆਈ.ਸੀ, ਐਸ.ਬੀ.ਆਈ. ਲਾਈਫ, ਹੋਪ ਮਾਰਕੀਟਿੰਗ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਸਮੇਤ ਕਈ ਕੰਪਨੀਆਂ ਨੇ ਪਲੇਸਮੈਂਟ ਡਰਾਈਵ ਵਿਚ ਭਾਗ ਲਿਆ। ਇਸ ਦੌਰਾਨ ਨੌਕਰੀ ਲਈ ਚੁਣੀਆਂ ਗਈਆਂ ਔਰਤਾਂ ਨੂੰ ਮੌਕੇ ‘ਤੇ ਹੀ ਨਿਯੁਕਤੀ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ ਸਮਾਜਿਕ ਭਲਾਈ ਪਹਿਲਕਦਮੀਆ ਤਹਿਤ ‘ਬੇਟੀ ਬਚਾਓ ਬੇਟੀ ਪੜ੍ਹਾਓ’ (ਬੀ.ਬੀ.ਬੀ.ਪੀ) ਕੈਲੰਡਰ ਜਾਰੀ ਕੀਤਾ ਗਿਆ ਅਤੇ 60 ਖਿਡਾਰਨਾਂ ਨੂੰ ਇਨਾਮ, ਟਰੈਕ ਸੂਟ ਅਤੇ ਬੂਟ ਦੇਣ ਤੋਂ ਇਲਾਵਾ ਪੰਜ ਲਾਭਪਾਤਰੀਆਂ ਨੂੰ ਸਪਾਂਸਰਸ਼ਿਪ ਲਾਭ ਦਿੱਤੇ ਗਏ। ਨੌਕਰੀ ਲਈ ਚੁਣੀਆਂ ਗਈਆਂ 9 ਸਫਲ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ ਮੌਕੇ ਦੱਸਿਆ ਕਿ ਮਿਸ਼ਨ ਪ੍ਰਗਤੀ ਅਧੀਨ ਲੜਕੀਆਂ ਨੂੰ ਵੀ ਆਰਮੀ ਅਤੇ ਪੁਲਿਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਸਿਵਲ ਸੇਵਾਵਾਂ ਦੀ ਕੋਚਿੰਗ ਵੀ ਦਵਾਈ ਜਾ ਰਹੀ ਜਾ ਰਹੀ ਹੈ। ਸਮਾਗਮ ਵਿਚ ਸੱਭਿਆਚਾਰਕ ਪੇਸ਼ਕਾਰੀਆਂ, ਜਾਗਰੂਕਤਾ ਸੈਸ਼ਨ ਅਤੇ ਮਾਹਿਰਾਂ ਦੇ ਲੈਕਚਰ ਸ਼ਾਮਲ ਸਨ, ਜਿਨ੍ਹਾਂ ਵਿਚ ਪ੍ਰਸਿੱਧ ਲੇਖਕ ਅਤੇ ਸਾਬਕਾ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਦੁਆਰਾ ਪ੍ਰੇਰਣਾਦਾਇਕ ਗੱਲਬਾਤ ਵੀ ਸ਼ਾਮਲ ਸੀ। ਦਰਸ਼ਨ ਦਰਦੀ ਅਤੇ ਬੀ.ਡੀ.ਪੀ.ਓ. ਐਸ.ਬੀ.ਐਸ. ਨਗਰ ਨੇ ਸਰਕਾਰੀ ਯੋਜਨਾਵਾਂ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ਦੌਰਾਨ ਪੰਜਾਬ ਲਿਟ ਫਾਊਂਡੇਸ਼ਨ ਨੇ ਬੱਚਿਆਂ ਵਿਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਵਿਚ ਮਾਵਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਮਦਰਜ਼ ਅਗੇਂਸਟ ਡਰੱਗਜ਼’ ਨਾਮਕ ਇਕ ਵੱਡੇ ਪੱਧਰ ‘ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ। ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਪੰਜਾਬ ਲਿਟ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਖੁਸ਼ਵੰਤ ਸਿੰਘ ਨੇ ਮਾਵਾਂ ਨੂੰ ਆਪਣੀ ਸ਼ਕਤੀ ਨੂੰ ਬਚਾਅ ਦੀ ਪਹਿਲੀ ਕਤਾਰ ਵਜੋਂ ਪਛਾਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, “ਨਸ਼ਿਆਂ ਵਿਰੁੱਧ ਪੰਜਾਬ ਦੀ ਲੜਾਈ ਘਰ ਤੋਂ ਸ਼ੁਰੂ ਹੁੰਦੀ ਹੈ, ਜਿਸ ਵਿਚ ਮਾਵਾਂ ਅਗਵਾਈ ਕਰਦੀਆਂ ਹਨ। ਜਦੋਂ ਜਾਗਰੂਕਤਾ ਅਤੇ ਸਹਾਇਤਾ ਨਾਲ ਲੈਸ ਹੁੰਦੇ ਹਨ, ਤਾਂ ਉਹ ਇਸ ਸੰਕਟ ਦੇ ਵਿਰੁੱਧ ਸਭ ਤੋਂ ਮਜ਼ਬੂਤ ​​ਤਾਕਤ ਹੋ ਸਕਦੀਆਂ ਹਨ।”

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਿਧਾਇਕ ਜਿੰਪਾ ਨੇ ਵਾਰਡ ਨੰਬਰ 31 ’ਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮ ਦੀ ਕਰਵਾਈ ਸ਼ੁਰੂਆਤ
Next articleਜ਼ਿਲ੍ਹਾ ਪੱਧਰੀ ਮੈਗਾ ਕੈਂਪ ਦੌਰਾਨ ਸਿਹਤ ਵਿਭਾਗ ਨੇ ਲਗਾਇਆ ਮੈਡੀਕਲ ਕੈਂਪ