ਮਧੂਬਾਲਾ: ਖੂਬਸੂਰਤੀ, ਅਦਾਕਾਰੀ ਅਤੇ ਆਸਥਾ ਦਾ ਸੁਨਹਿਰਾ ਸੰਗਮ

ਮਧੂਬਾਲਾ
ਉਸਦਾ ਜਨਮ ਭਾਵੇਂ ਮੁਸਲਿਮ ਧਰਮ ‘ਚ ਹੋਇਆ ਪਰ ਉਸਦਾ ਅਤੁੱਟ ਵਿਸ਼ਵਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਬਹੁਤ ਸੀ। 
 ਬਲਦੇਵ ਸਿੰਘ ਬੇਦੀ 
(ਸਮਾਜ ਵੀਕਲੀ)  ਮਧੂਬਾਲਾ, ਹਿੰਦੀ ਸਿਨੇਮਾ ਦੀ ਉਹ ਮਲਿਕਾ ਜਿਸਨੇ ਸਿਰਫ਼ ਆਪਣੀ ਖੂਬਸੂਰਤੀ ਨਾਲ ਹੀ ਨਹੀਂ ਬਲਕਿ ਸਦਾਬਹਾਰ ਅਦਾਕਾਰੀ ਦੇ ਜਾਦੂ ਨਾਲ ਵੀ ਦਿਲਾਂ ‘ਤੇ ਰਾਜ ਕੀਤਾ। 14 ਫਰਵਰੀ 1933 ਨੂੰ ਦਿੱਲੀ ਦੇ ਇੱਕ ਮੱਧ ਵਰਗੀ ਮੁਸਲਿਮ ਪਰਿਵਾਰ ‘ਚ ਜਨਮ ਲੈਣ ਵਾਲੀ ਮਧੂਬਾਲਾ, ਜਿਸਦਾ ਅਸਲੀ ਨਾਮ ਮੁਮਤਾਜ ਸੀ, ਕਲਾਕਾਰੀ ਦੇ ਉਹ ਸੁਨਹਿਰੇ ਅਧਿਆਏ ਦੀ ਨੁਮਾਇੰਦਗੀ ਕਰਦੀ ਹੈ, ਜੋ ਸਦੀਆਂ ਤੱਕ ਯਾਦ ਕੀਤਾ ਜਾਵੇਗਾ। ਉਸਦੇ ਸਾਦੇ ਜੀਵਨ ਅਤੇ ਆਸਥਾ ਭਰਪੂਰ ਵਿਅਕਤਿਤਵ ਨੇ ਸਾਰੇ ਧਰਮਾਂ ਅਤੇ ਸਮਾਜਾਂ ਨੂੰ ਪ੍ਰੇਰਣਾ ਦਾ ਸਰੋਤ ਬਣਾਇਆ।
ਮਧੂਬਾਲਾ ਨੇ ਬਚਪਨ ਵਿੱਚ ਹੀ ਸਿਨੇਮਾ ਦੀ ਦੁਨੀਆਂ ਵਿੱਚ ਕਦਮ ਰੱਖਿਆ, ਜਦੋਂ ਉਸਨੇ 1942 ਵਿੱਚ ਫ਼ਿਲਮ “ਬਸੰਤ” ਨਾਲ ਪਰਦੇ ‘ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸਦੀ ਕਲਾ ਦਾ ਸਿਖਰ “ਮੁਗਲ-ਏ-ਆਜ਼ਮ” ਵਿੱਚ ਅਨਾਰਕਲੀ ਦੇ ਕਿਰਦਾਰ ਦੁਆਰਾ ਵਿਖਾਈ ਦਿੱਤਾ, ਜਿਸਦੀ ਇੱਕ-ਇੱਕ ਅਦਾ ਨੇ ਲੋਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ।
ਉਸਨੇ “ਹਾਵੜਾ ਬ੍ਰਿਜ,” “ਚਲਤੀ ਕਾ ਨਾਮ ਗਾੜੀ,” “ਮਹਿਲ” ਅਤੇ “ਬਰਸਾਤ ਕੀ ਰਾਤ” ਵਰਗੀਆਂ ਫਿਲਮਾਂ ਰਾਹੀਂ ਸਦਾਬਹਾਰ ਰੋਲ ਨੂੰ ਸਿਰਜਿਆ। ਉਸਦੇ ਫਿਲਮਾਂ ਦੀ ਗਿਣਤੀ ਲਗਭਗ 73 ਸੀ, ਜਿਨ੍ਹਾਂ ਨੇ ਸਿਨੇਮਾ ਦੇ ਸੁਨਹਿਰੇ ਯੁੱਗ ਨੂੰ ਹੋਰ ਵੀ ਸੰਵਾਰਿਆ।
ਮਧੂਬਾਲਾ ਸਿਰਫ ਇੱਕ ਕਲਾਕਾਰ ਨਹੀਂ, ਸਗੋਂ ਇਕ ਆਧਿਆਤਮਿਕ ਅਤੇ ਸਦਭਾਵਨਾਵਾਂ ਨਾਲ ਭਰਪੂਰ ਸ਼ਖਸੀਅਤ ਸੀ। ਮੁਸਲਿਮ ਧਰਮ ਵਿੱਚ ਜਨਮ ਲੈਣ ਦੇ ਬਾਵਜੂਦ ਉਸਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਅਤੁੱਟ ਵਿਸ਼ਵਾਸ ਸੀ। ਉਸਦੇ ਪਰਸ ਵਿੱਚ ਹਮੇਸ਼ਾਂ “ਜਪੁਜੀ ਸਾਹਿਬ” ਦਾ ਗੁਟਕਾ ਹੁੰਦਾ ਸੀ, ਜਿਸਨੂੰ ਉਹ ਨਿਤਨੇਮ ਵਾਂਗ ਪੜ੍ਹਦੀ ਸੀ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਉਹ ਇਕ ਪਵਿੱਤਰ ਦਿਨ ਮੰਨਦੀ ਅਤੇ ਉਸ ਦਿਨ ਫਿਲਮਾਂ ਦੀ ਸ਼ੂਟਿੰਗ ਨਹੀਂ ਕਰਦੀ ਸੀ। ਮੁੰਬਈ ਦੇ ਅੰਧੇਰੀ ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ‘ਤੇ ਲੰਗਰ ਦਾ ਸਾਰਾ ਖਰਚ ਉਸਦੀ ਜਿੰਮੇਵਾਰੀ ਹੁੰਦਾ। ਉਸਦੀ ਇਹ ਹਰੀ-ਭਗਤੀ ਅਤੇ ਸੇਵਾ ਦੇ ਜਜ਼ਬੇ ਨੇ ਧਰਮਾਂ ਦੇ ਬੰਧਨਾਂ ਨੂੰ ਪਾਰ ਕਰਕੇ ਮਨੁੱਖਤਾ ਦੇ ਅਸਲ ਮਾਇਨੇ ਸਮਝਾਏ।
ਮਧੂਬਾਲਾ ਦੀ ਜ਼ਿੰਦਗੀ ਦੁੱਖਾਂ ਨਾਲ ਭਰਪੂਰ ਰਹੀ। ਦਿਲ ਦੀ ਗੰਭੀਰ ਬਿਮਾਰੀ ਕਾਰਨ ਉਹ (1969) ਸਿਰਫ 36 ਸਾਲ ਦੀ ਉਮਰ ‘ਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਹ ਆਖਰੀ ਦਿਨਾਂ ਵਿੱਚ ਵੀ ਮਨੁੱਖਤਾ ਅਤੇ ਧਾਰਮਿਕ ਸੇਵਾ ‘ਤੇ ਅਮਲ ਕਰਦੀ ਰਹੀ। ਉਸਦੀ ਮੌਤ ਮਗਰੋਂ ਅੰਧੇਰੀ ਦੇ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਹ ਦ੍ਰਿਸ਼ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲਾ ਸੀ ਕਿ ਇੱਕ ਮੁਸਲਿਮ ਅਭਿਨੇਤਰੀ ਦੀ ਗੁਰਦੁਆਰੇ ਵਿੱਚ ਅੰਤਿਮ ਅਰਦਾਸ ਕੀਤੀ ਗਈ। ਮਧੂਬਾਲਾ ਦੇ ਜਾਣ ਤੋਂ ਬਾਅਦ ਉਸਦੇ ਪਿਤਾ ਨੇ ਵੀ ਦੁਨੀਆਂ ਤੋਂ ਰੁਖ਼ਸਤ ਹੋਣ ਤੱਕ ਹਰ ਸਾਲ ਗੁਰਪੁਰਬ ‘ਤੇ ਲੰਗਰ ਦੀ ਸੇਵਾ ਜਾਰੀ ਰੱਖੀ। ਉਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਲਿਆ ਕੀ ਗੁਰੂ ਨਾਨਕ ਦੇਵ ਜੀ ਦੇ ਹਰੇਕ ਪ੍ਰਕਾਸ਼ ਪੁਰਬ ‘ਤੇ ਲੱਗਦੇ ਲੰਗਰ ਲਈ ਮਧੂਬਾਲਾ ਦੇ ਨਾਂ ਦੀ ਅਰਦਾਸ ਕੀਤੀ ਜਾਵੇਗੀ ਅਤੇ ਇਹ ਰਵਾਇਤ ਅੱਜ ਤੱਕ ਜਾਰੀ ਰੱਖੀ।
ਮਧੂਬਾਲਾ ਸਿਰਫ਼ ਇੱਕ ਕਲਾਕਾਰ ਹੀ ਨਹੀਂ ਸੀ, ਧਰਮਾਂ ਅਤੇ ਮਜ਼ਹਬਾਂ ਦੇ ਬੰਧਨਾਂ ਤੋਂ ਉੱਪਰ ਇੱਕ ਸ਼ਕਸੀਅਤ ਵੀ ਸੀ। ਉਸਦੀ ਜ਼ਿੰਦਗੀ ਮਨੁੱਖਤਾ ਅਤੇ ਸੱਚੇ ਧਰਮ ਦੇ ਸੱਚੇ ਮਾਇਨੇ ਸਮਝਾਉਂਦੀ ਹੈ। ਮਧੂਬਾਲਾ ਦੀ ਯਾਦ ਅੱਜ ਵੀ ਉਸਦੀ ਕਲਾਕਾਰੀ ਅਤੇ ਉਸਦੀ ਆਸਥਾ ਰਾਹੀਂ ਜੀਵੰਤ ਹੈ।
 ਬਲਦੇਵ ਸਿੰਘ ਬੇਦੀ  ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੇਂਡੂ ਪੰਜਾਬ ਦੀ ਦਸ਼ਾ, ਸਰਕਾਰ ਅਤੇ ਸਮਾਜਿਕ ਚੇਤਨਤਾ
Next articleਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਨੇੜੇ ਧਮਾਕਾ, ਦਹਿਸ਼ਤ ਦਾ ਮਾਹੌਲ; ਗੈਂਗਸਟਰ ਜੀਵਨ ਫੌਜੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ