ਚੰਡੀਗੜ੍ਹ (ਸਮਾਜ ਵੀਕਲੀ):ਮੁੱਖ ਮੰਤਰੀ ਭਗਵੰਤ ਮਾਨ ਨੇ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਪੂਰੀ ਬਿਜਲੀ ਸਪਲਾਈ ਦੇਣ ਲਈ ਕੇਂਦਰੀ ਪੂਲ ’ਚੋਂ ਵਾਧੂ ਬਿਜਲੀ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਪੱਤਰ ਲਿਖ ਕੇ ਕੇਂਦਰੀ ਪੂਲ ਵਿੱਚੋਂ 15 ਜੂਨ ਤੋਂ 15 ਅਕਤੂਬਰ ਤੱਕ ਰੋਜ਼ਾਨਾ ਇੱਕ ਹਜ਼ਾਰ ਮੈਗਾਵਾਟ ਬਿਜਲੀ ਸਪਲਾਈ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਹਾਲ ਹੀ ਵਿੱਚ ਪੰਜਾਬ ਸਣੇ ਪੂਰੇ ਉੱਤਰ-ਪੱਛਮ ਭਾਰਤ ਵਿੱਚ ਘੱਟ ਬਰਸਾਤ ਹੋਣ ਦੀ ਭਵਿੱਖਬਾਣੀ ਨੂੰ ਦੇਖਦਿਆਂ ਵਾਧੂ ਬਿਜਲੀ ਦੀ ਲੋੜ ਪਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 6500 ਮੈਗਾਵਾਟ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਵੇਲੇ ਬਿਜਲੀ ਦੀ ਮੰਗ 15,500 ਮੈਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ। ਇਸ ਕਰਕੇ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਲਈ ਕੇਂਦਰੀ ਮਦਦ ਦੀ ਲੋੜ ਹੈ। ਕੇਂਦਰੀ ਪੂਲ ’ਚੋਂ ਬਿਜਲੀ ਸਪਲਾਈ ਲੈਣ ਵਾਸਤੇ ਟਰਾਂਸਮਿਸ਼ਨ ਸਮਰੱਥਾ 9500 ਮੈਗਾਵਾਟ ਕਰਨ ਦਾ ਟੀਚਾ ਹੈ ਪ੍ਰੰਤੂ ਹਾਲੇ ਤੱਕ 9 ਹਜ਼ਾਰ ਮੈਗਾਵਾਟ ਦਾ ਕੰਮ ਹੋ ਸਕਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly