ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਿਰਮੌਰ ਗੀਤਕਾਰ ਰਾਜ ਕਾਕੜਾ ਦਾ ਗੀਤ ਸੰਗ੍ਰਹਿ “ਪੈਂਡਾ” ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਲੁਧਿਆਣਾ ਵਿੱਚ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਵਿਰਸੇ ਤੋਂ ਵਰਤਮਾਨ ਤੀਕ ਪਸਰੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗਾਂ ਨਾਲ ਭਰਪੂਰ ਇਹ ਵੱਡ ਆਕਾਰੀ ਗੀਤ ਸੰਗ੍ਰਹਿ ਸਾਹਿਤਕ ਰੰਗਣ ਵਾਲੇ ਗੀਤ ਜਗਤ ਵਿੱਚ ਨਿਵੇਕਲੀ ਪਛਾਣ ਬਣਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਪਸੰਦ ਦੇ ਬਹੁਤ ਪਿਆਰੇ ਗੀਤਕਾਰ ਤੇ ਗਾਇਕ ਰਾਜ ਕਾਕੜਾ ਦੇ ਗੀਤਾਂ ਦਾ ਰੱਜ ਕੇ ਸੋਹਣਾ ਸੰਗ੍ਰਹਿ “ਪੈਂਡਾ” ਮੈਨੂੰ ਘਰ ਬੈਠਿਆਂ ਹੀ ਪ੍ਰਾਪਤ ਕਰਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਰਾਜ ਕਾਕੜਾ ਤੇ ਦੇਬੀ ਮਖਸੂਸਪੁਰੀ ਮੇਰੇ ਮਨ ਪਸੰਦ ਸ਼ਾਇਰ ਨੇ। ਦੋਵੇਂ ਮਿੱਠਾ ਮਿੱਠਾ ਲਿਖਦੇ ਤੇ ਗਾਉਂਦੇ ਨੇ। ਇਹ ਦੋਵੇਂ ਸ਼ਬਦਾਂ ਦੀ ਕੰਡ ਨੰਗੀ ਨਹੀਂ ਹੋਣ ਦੇਂਦੇ। ਇਸ ਮੌਕੇ ਬੋਲਦਿਆਂ ਮੋਹਾਲੀ ਵੱਸਦੇ ਲੋਕ ਗਾਇਕ ਹਰਦੀਪ ਨੇ ਕਿਹਾ ਕਿ ਚੰਗੇ ਗੀਤ ਲਿਖਣ ਦੇ ਨਾਲ-ਨਾਲ ਰਾਜ ਕਾਕੜਾ ਨਿੱਜੀ ਜ਼ਿੰਦਗੀ ਵਿੱਚ ਵੀ ਸਾਹਿਤਕ ਗੀਤਾਂ ਵਰਗਾ ਹੈ। ਜਲੰਧਰ ਤੋਂ ਆਏ ਸੰਗੀਤਕਾਰ ਕੁਲਜੀਤ ਨੇ ਕਿਹਾ ਕਿ ਰਾਜ ਕਾਕੜਾ ਦੇ ਗੀਤਾਂ ਵਿੱਚ ਸਹਿਜ ਵੀ ਹੈ ਤੇ ਸੁਹਜ ਵੀ। ਇਹ ਆਪਣੇ ਗੀਤਾਂ ਦੀ ਧੁਨ ਆਪ ਹੀ ਤਿਆਰ ਕਰਦਾ ਹੈ ਜਿਸ ਕਾਰਨ ਇਸ ਦੇ ਗੀਤ ਚੋਟੀ ਦੇ ਗਾਇਕਾਂ ਨੇ ਗਾਏ ਹਨ। ਪੰਜਾਬ ਕਲਚਰਲ ਸੋਸਾਇਟੀ(ਰਜਿ:) ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਰੰਗੂਵਾਲ ਨੇ ਕਿਹਾ ਕਿ ਦੇਸ਼ ਬਦੇਸ਼ ਵਿੱਚ ਉਨ੍ਹਾਂ ਦੇ ਕਦਰਦਾਨ ਫ਼ੈਲੇ ਹੋਏ ਹਨ ਜਿਸ ਸਦਕਾ ਉਨ੍ਹਾਂ ਦੀ ਇਹ ਕਿਤਾਬ ਅਮਰੀਕਾ ਤੇ ਜਰਮਨੀ ਵਿੱਚ ਜੂਨ ਮਹੀਨੇ ਅੰਦਰ ਲੋਕ ਅਰਪਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਪੈਂਡਾ” ਦੀ ਸੁੰਦਰ ਪ੍ਰਕਾਸ਼ਨਾ ਪ੍ਰਿੰਟ ਵੈੱਲ ਅੰਮ੍ਰਿਤਸਰ ਵਾਲਿਆਂ ਨੇ ਬਾ ਕਮਾਲ ਕੀਤੀ ਹੈ। ਫਿਲਮ ਜਗਤ ਵਿੱਚ ਨਿਵੇਕਲੀ ਪਛਾਣ ਵਾਲੇ ਅਦਾਕਾਰ ਯਾਦ ਧਾਲੀਵਾਲ ਵੀ ਇਸ ਮੌਕੇ ਹਾਜ਼ਰ ਸਨ। “ਪੈਂਡਾ” ਜਰਮਨੀ ਦੀ ਸੰਸਥਾ “ਪੰਜ ਆਬ” ਨੇ ਪ੍ਰਕਾਸ਼ਿਤ ਕੀਤੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



