ਲਾਲਸਾ

(ਸਮਾਜ ਵੀਕਲੀ)

ਰਾਕੇਸ਼ ਦੀ ਹਮੇਸ਼ਾ ਖੂਬਸੂਰਤ ਪਤਨੀ ਪ੍ਰਾਪਤ ਕਰਨ ਦੀ ਦਿਲੀ ਇੱਛਾ ਰਹੀ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਦੇ ਮਾਪਿਆਂ ਦੇ ਪੈਸੇ ਦੇ ਲਾਲਚ ਕਾਰਨ ਕਾਲੀ ਕਲੂਟੀ ਲੜਕੀ ਉਸਦੀ ਪਤਨੀ ਦੇ ਰੂਪ ਵਿੱਚ ਉਸਦੀ ਚੌਖਟ ਤੇ ਆ ਗਈ। ਰਾਕੇਸ਼ ਨੇ ਪਹਿਲੀ ਰਾਤ ਹੀ ਉਸ ਤੋਂ ਮੂੰਹ ਮੋੜ ਲਿਆ ।ਸਮਾਂ ਆਪਣੀ ਚਾਲੇ ਤੁਰਦਾ ਗਿਆ।

ਉਸਦੀ ਪਤਨੀ ਦੀ ਬਦਸੂਰਤ ਦਿੱਖ ਤੇ ਦੋਸਤਾਂ ਦੇ ਮਜਾਕ ਨੇ ਉਸ ਨੂੰ ਜਿਵੇਂ ਵਹਿਸ਼ੀ ਬਣਾ ਦਿੱਤਾ। ਤੇ ਉਸ ਨੇ ਅੰਦਰੋਂ -ਅੰਦਰੀ ਭੇਦ ਪੂਰਨ ਢੰਗ ਨਾਲ ਆਪਣੀ ਪਤਨੀ ਦੀ ਹੱਤਿਆ ਕਰਕੇ ਲੋਕਾਂ ਦੀ ਨਜ਼ਰ ‘ਚ ਉਸਦੀ ਕੁਦਰਤੀ ਮੌਤ ਨੂੰ ਇੰਝ ਪੇਸ਼ ਕੀਤਾ ਕਿ ਉਹ ਵਿਚਾਰਾ ਬਣ ਕੇ ਰਹਿ ਗਿਆ।

ਕਈ ਦਿਨ ਰੋਂਦੇ ਧੋਂਦੇ ਨਿਕਲ ਗਏ।

ਵਕਤ ਲਗਾਤਾਰ ਬੀਤਦਾ ਗਿਆ। ਹੁਣ ਵਡੇਰੀ ਉਮਰ ਦੇ ਬਾਵਜੂਦ ਵੀ ਉਸਦੀ ਖੂਬਸੂਰਤ ਪਤਨੀ ਦੀ ਲਾਲਸਾ ਨਹੀਂ ਸੀ ਮੁੱਕੀ। ਮਾਪਿਆਂ ਨੇ ਲੜਕੀ ਦੀ ਤਲਾਸ਼ ਆਰੰਭ ਕਰ ਦਿੱਤੀ। ਤੇ ਉਹ ਵਕਤ ਵੀ ਆ ਗਿਆ ਜਦ ਇਕ ਖੂਬਸੂਰਤ ਲੜਕੀ ਪਤਨੀ ਦੇ ਰੂਪ ‘ਚ ਉਸ ਦੀਆਂ ਬਾਹਾਂ ‘ਚ ਸੀ । ਸਮੇਂ ਨੇ ਕਰਵਟ ਬਦਲੀ ।

ਦੌਲਤ ਦੇ ਲਾਲਚ ‘ਚ ਆਪਣੇ ਤੋਂ ਵਡੇਰੀ ਉਮਰ ਦੇ ਆਦਮੀ ਨਾਲ ਕੀਤੀ ਸ਼ਾਦੀ ਤੋਂ ਜਿਵੇਂ ਉਸਦੀ ਖੂਬਸੂਰਤ ਪਤਨੀ ਦਾ ਮਨ ਉੱਭ ਗਿਆ ਤੇ ਉਸ ਨੇ ਉਸ ਨੂੰ ਸਬਜ਼ੀ ਚ ਜ਼ਹਿਰ ਮਿਲਾ ਕੇ ਦੇ ਦਿੱਤਾ।

ਅੱਜ ਹੁਣ ਜ਼ਿੰਦਗੀ ਦੀਆਂ ਆਖਰੀ ਘੜੀਆਂ ਗਿਣਦੇ ਆਪਣੀ ਪਤਨੀ ਦੀ ਕੀਤੀ ਤੋਂ ਜਾਣੂ ਹੋ ਕੇ ਰਕੇਸ਼ ਦੀਆਂ ਅੱਖਾਂ ਅੱਗੇ ਆਪਣੀ ਕਾਲੀ ਪਰ ਬੇਹੱਦ ਮਾਸੂਮ , ਮੋਹ ਪਿਆਰ ਦੀਆਂ ਤੰਦਾਂ ਵਿੱਚ ਭਿੱਜੀ ਪਤਨੀ ਦਾ ਚਿਹਰਾ ਘੁੰਮਿਆਂ ਤੇ ਨਾਲ ਹੀ ਉਸ ਦੀ ਮੌਤ ਦਾ ਦ੍ਰਿਸ਼ ਜਿਉਂ ਹੀ ਉਸਦੀਆਂ ਅੱਖਾਂ ਅੱਗੇ ਘੁੰਮਿਆਂ ਤਾਂ ਉਸਦੇ ਮੂੰਹੋਂ ਅਚਨਚੇਤ ਹੀ ਨਿੱਕਲਿਆ ,”ਹਾਏ ਰੱਬਾ ! ਮੈਂ ਇਹ ਕੀ ਕੀਤਾ , ਮੈਂ ਤਾਂ ਸੁੰਦਰਤਾ ਦੇ ਲਾਲਚ ਵਿਚ ਸੱਚੇ ਪਿਆਰ ਦਾ ਗਲਾ ਘੁੱਟ ਬੈਠਾ|,”ਕਹਿੰਦੇ ਹੀ ਉਹ ਸਦਾ ਲਈ ਮੌਤ ਦੀ ਗੋਦ ‘ਚ ਜਾ ਬਿਰਾਜਿਆ।

ਮਨਪ੍ਰੀਤ ਕੌਰ ਭਾਟੀਆ
ਫਿਰੋਜ਼ਪੁਰ ਸ਼ਹਿਰ।

 

Previous articleਸੰਗਠਨ
Next articleਕਸੂਰ