ਲੁਧਿਆਣਾ ਬੰਬ ਕਾਂਡ: ਅਦਾਲਤ ਜਾਣ ਤੋਂ ਪਹਿਲਾਂ ਖੰਨਾ ਦੇ ਹੋਟਲ ’ਚ ਰੁਕਿਆ ਸੀ ਮੁਲਜ਼ਮ

ਲੁਧਿਆਣਾ (ਸਮਾਜ ਵੀਕਲੀ):  ਇਥੋਂ ਦੇ ਅਦਾਲਤੀ ਕੰਪਲੈਕਸ ਵਿੱਚ ਬੰਬ ਧਮਾਕੇ ’ਚ ਮਾਰੇ ਗਏ ਸਾਬਕਾ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਬਾਰੇ ਪਰਤਾਂ ਖੁੱਲ੍ਹਣ ਲੱਗੀਆਂ ਹਨ। ਏਜੰਸੀਆਂ ਲਗਾਤਾਰ ਜਾਂਚ ਕਰ ਰਹੀਆਂ ਹਨ ਕਿ ਗਗਨਦੀਪ ਸਿੰਘ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਉਣ ਮਗਰੋਂ ਕਿੱਥੇ-ਕਿੱਥੇ ਗਿਆ ਤੇ ਉਸ ਦੀਆਂ ਗਤੀਵਿਧੀਆਂ ਕੀ ਸਨ। ਇਸ ਦੇ ਨਾਲ ਹੀ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਕਿਨ੍ਹਾਂ ਲੋਕਾਂ ਨੂੰ ਮਿਲਿਆ ਹੈ ਤੇ ਕਿਸ ਨਾਲ ਉਸ ਦੀ ਗੱਲ ਹੁੰਦੀ ਸੀ।

ਹੁਣ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਲੁਧਿਆਣਾ ਦੀ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਗਗਨਦੀਪ ਸਿੰਘ ਆਪਣੀ ਮਹਿਲਾ ਦੋਸਤ ਨਾਲ ਖੰਨਾ ਦੇ ਹੋਟਲ ਵਿੱਚ ਰੁਕਿਆ ਸੀ। ਦੋਵਾਂ ਨੇ ਇਹ ਹੋਟਲ ਇੱਕ ਦਿਨ ਲਈ ਬੁੱਕ ਕਰਵਾਇਆ ਸੀ ਪਰ ਉਹ ਉਥੇ 5-6 ਘੰਟੇ ਹੀ ਰੁਕੇ। ਇਸ ਦੌਰਾਨ ਮੁਲਜ਼ਮ ਦੇ ਹੱਥ ’ਚ ਬੈਗ ਵੀ ਸੀ। ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਏਜੰਸੀਆਂ ਜਾਂਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਸ ਬੈਗ ਵਿੱਚ ਕੀ ਸੀ। ਜਾਂਚ ਟੀਮ ਨੂੰ ਸ਼ੱਕ ਹੈ ਕਿ ਉ ਬੈਗ ਵਿਚ ਵਿਸਫੋਟਕ ਸਮੱਗਰੀ ਸੀ, ਜੋ ਹੋਟਲ ਦੇ ਕਮਰੇ ਵਿੱਚ ਉਹ ਆਪਣੇ ਨਾਲ ਲੈ ਕੇ ਗਏ ਸਨ। ਟੀਮ ਨੂੰ ਇਹ ਵੀ ਸ਼ੱਕ ਹੈ ਕਿ ਮਹਿਲਾ ਕਾਂਸਟੇਬਲ ਨੂੰ ਪਤਾ ਸੀ ਕਿ ਗਗਨਦੀਪ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ।

ਹੋਟਲ ਵਿੱਚ ਕਮਰਾ ਬੁੱਕ ਕਰਵਾਉਣ ਲਈ ਵਿਅਕਤੀ ਨੂੰ ਆਪਣਾ ਪਛਾਣ ਪੱਤਰ ਦੇਣਾ ਲਾਜ਼ਮੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਗਗਨਦੀਪ ਸਿੰਘ ਨੇ ਮਹਿਲਾ ਦੋਸਤ ਨਾਲ ਜਦੋਂ ਕਮਰਾ ਬੁੱਕ ਕਰਵਾਇਆ ਤਾਂ ਪਛਾਣ ਪੱਤਰ ਅਸਲੀ ਦਿੱਤੇ ਜਾਂ ਨਕਲੀ। ਸੂਤਰਾਂ ਅਨੁਸਾਰ ਹੋਟਲ ਦੀ ਸੀਸੀਟੀਵੀ ਫੁਟੇਜ ਚੈੱਕ ਕਰਨ ਮਗਰੋਂ ਜਾਂਚ ਏਜੰਸੀਆਂ ਨੇ ਹੋਟਲ ਦੇ ਕੁਝ ਮੁਲਾਜ਼ਮਾਂ ਨੂੰ ਸ਼ੱਕੀ ਮੰਨ ਕੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਦੇ ਨਾਲ-ਨਾਲ ਜਾਂਚ ਏਜੰਸੀਆਂ ਵੱਲੋਂ ਵੀ ਗਗਨਦੀਪ ਸਿੰਘ ਦੇ ਕੁਝ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਧਮਾਕੇ ਲਈ ਵਰਤੀ ਸਮੱਗਰੀ ਬਾਰੇ ਪੜਤਾਲ ਜਾਰੀ

ਏਜੰਸੀਆਂ ਇਹ ਵੀ ਜਾਂਚ ਕਰ ਰਹੀਆਂ ਹਨ ਕਿ ਧਮਾਕੇ ਲਈ ਸਮੱਗਰੀ ਕਿੱਥੋਂ ਤੇ ਕਿਹੜੀ ਵਰਤੀ ਗਈ ਸੀ ਅਤੇ ਇਹ ਸਮੱਗਰੀ ਕਿੱਥੋਂ ਆਈ? ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਗਗਨਦੀਪ ਸਿੰਘ ਕਈ ਸਾਲ ਪਹਿਲਾਂ  ਥਾਣਾ ਮਾਛੀਵਾੜਾ ਵਿੱਚ ਤਾਇਨਾਤ ਸੀ। ਕੁਝ ਸਾਲ ਪਹਿਲਾਂ ਉਥੋਂ ਪੁਲੀਸ ਨੇ ਆਰਡੀਐੱਕਸ ਬਰਾਮਦ ਕੀਤਾ ਸੀ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਗਗਨਦੀਪ ਸਿੰਘ ਨੇ ਉਹੀ ਆਰਡੀਐੱਕਸ ਤਾਂ ਚੋਰੀ ਨਹੀਂ ਕੀਤਾ। ਪੰਜਾਬ ਦੀਆਂ ਜਾਂਚ ਏਜੰਸੀਆਂ ਦੇ ਨਾਲ-ਨਾਲ ਕੇਂਦਰ ਦੀਆਂ ਜਾਂਚ ਏਜੰਸੀਆਂ ਇਹ ਵੀ ਚੈੱਕ ਕਰ ਰਹੀਆਂ ਹਨ ਕਿ ਬਰਖਾਸਤ ਹੋਣ ਮਗਰੋਂ ਗਗਨਦੀਪ ਸਿੰਘ ਜ਼ਮਾਨਤ ’ਤੇ ਬਾਹਰ ਆਇਆ ਤਾਂ ਤਿੰਨ ਮਹੀਨੇ ’ਚ ਉਹ ਕਿਹੜੇ ਵਿਅਕਤੀਆਂ ਨੂੰ ਮਿਲਿਆ। ਇਸ ਦੇ ਨਾਲ ਹੀ ਜਾਂਚ ਏਜੰਸੀਆਂ ਗਗਨਦੀਪ ਸਿੰਘ ਦੇ ਪਰਿਵਾਰ ਅਤੇ ਮਹਿਲਾ ਮਿੱਤਰ ਬਾਰੇ ਵੀ ਪੁੱਛ-ਪੜਤਾਲ ਕਰ ਰਹੀਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਾ ਦੇ ਲੋਕਾਂ ਨੂੰ ਸਹੂਲਤਾਂ ਦੀ ਉਡੀਕ
Next articleਹਿਮਾਚਲ ਦੇ ਲੋਕਾਂ ਨੂੰ ਡਬਲ-ਇੰਜਣ ਸਰਕਾਰ ਦਾ ਫਾਇਦਾ ਹੋਇਆ: ਮੋਦੀ