ਚੰਡੀਗੜ੍ਹ (ਸਮਾਜ ਵੀਕਲੀ): ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਅੱਜ ਕਿਹਾ ਕਿ ਪੰਜਾਬ ਪੁਲੀਸ ਨੇ ਖੁਫੀਆ ਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ ਲੁਧਿਆਣਾ ਬੰਬ ਧਮਾਕੇ ਦੀ ਘਟਨਾ ਦਾ ਪਰਦਾਫਾਸ਼ ਕਰ ਦਿੱਤਾ ਹੈ।
ਇੱਥੇ ਇਕ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਜਦੋਂ ਉਹ ਪੁਲੀਸ ਵਿਚ ਭਰਤੀ ਹੋਏ ਸਨ ਉਸ ਵੇਲੇ ਸਿਰਫ਼ ਅਤਿਵਾਦ ਹੀ ਇਕ ਚੁਣੌਤੀ ਸੀ ਪਰ ਇਸ ਵੇਲੇ ਡਰੱਗ ਮਾਫੀਆ, ਸੰਗਠਿਤ ਅਪਰਾਧ ਅਤੇ ਅਤਿਵਾਦ ਦਾ ਇਕ ਖ਼ਤਰਨਾਕ ਕਾਕਟੇਲ ਬਣ ਚੁੱਕਾ ਹੈ ਅਤੇ ਲੁਧਿਆਣਾ ਬੰਬ ਧਮਾਕਾ ਇਸ ਦੀ ਪ੍ਰਤੱਖ ਉਦਾਹਰਨ ਹੈ। ਉਨ੍ਹਾਂ ਕਿਹਾ, ‘‘ਇਹ ਇਕ ਵੱਡੀ ਘਟਨਾ ਸੀ। ਸਾਨੂੰ ਇਕ ਫਟਿਆ ਹੋਇਆ ਕੱਪੜਾ, ਮੋਬਾਈਲ ਦਾ ਸਿਮ ਅਤੇ ਇਕ ਟੈਟੂ ਮਿਲਿਆ। ਮ੍ਰਿਤਕ ਵਿਅਕਤੀ ਕੋਲ ਧਮਾਕਾਖੇਜ਼ ਸਮੱਗਰੀ ਸੀ। ਇਹ ਮੁੱਢਲੇ ਤੌਰ ’ਤੇ ਲਗਾਇਆ ਗਿਆ ਇਕ ਅਨੁਮਾਨ ਸੀ ਪਰ ਬਾਅਦ ਵਿਚ ਇਹ ਸਹੀ ਸਾਬਿਤ ਹੋਇਆ।’’
ਪੁਲੀਸ ਮੁਖੀ ਨੇ ਕਿਹਾ, ‘‘ਬਰਖ਼ਾਸਤ ਪੁਲੀਸ ਮੁਲਾਜ਼ਮ ਗਗਨਦੀਪ ਸਿੰਘ ਨੇ ਇਹ ਧਮਾਕਾ ਕੀਤਾ ਅਤੇ ਇਸ ਘਟਨਾ ਵਿਚ ਖ਼ੁਦ ਮਰ ਗਿਆ। ਉਸ ਨੂੰ ਅਗਸਤ 2019 ਵਿਚ ਲੁਧਿਆਣਾ ’ਚ 385 ਗ੍ਰਾਮ ਹੈਰੋਇਨ ਰੱਖਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਸੀ। ਅਮਨਦੀਪ ਤੇ ਵਿਕਾਸ ਉਸ ਦੇ ਸਾਥੀ ਸਨ। ਦੋ ਸਾਲ ਜੇਲ੍ਹ ਵਿਚ ਰਹਿਣ ਮਗਰੋਂ ਉਸ ਦੀ ਜ਼ਮਾਨਤ ਹੋ ਗਈ ਸੀ।’’ ਉਨ੍ਹਾਂ ਕਿਹਾ, ‘‘ਸਾਨੂੰ ਸ਼ੱਕ ਹੈ ਕਿ ਜੇਲ੍ਹ ਵਿਚ ਰਹਿੰਦੇ ਹੋਏ ਉਹ ਨਸ਼ਿਆਂ ਤੋਂ ਬੰਬਾਂ ਵਾਲੇ ਪਾਸੇ ਮੁੜ ਗਿਆ। ਅਸੀਂ ਵਧੇਰੇ ਕੁਝ ਨਹੀਂ ਦੱਸ ਸਕਦੇ ਪਰ ਉਸ ਦੇ ਵਿਦੇਸ਼ੀ ਏਜੰਸੀਆਂ, ਨਸ਼ਾ ਤਸਕਰਾਂ, ਡਰੱਗ ਮਾਫੀਆ ਅਤੇ ਖਾਲਿਸਤਾਨੀਆਂ ਨਾਲ ਸਬੰਧ ਸਨ।’’
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਬਾਰੇ ਸ੍ਰੀ ਚਟੋਪਾਧਿਆਏ ਨੇ ਕਿਹਾ, ‘‘ਡੀਸੀਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।’’ ਉਨ੍ਹਾਂ ਕਿਹਾ, ‘‘ਕਪੂਰਥਲਾ ਘਟਨਾ ਇਕ ਨਿੱਜੀ ਗੁਰਦੁਆਰੇ ਵਿਖੇ ਵਾਪਰੀ ਸੀ। ਪੁਲੀਸ ਨੇ ਇਸ ਸਬੰਧੀ ਬੇਅਦਬੀ ਦਾ ਕੇਸ ਦਰਜ ਕੀਤਾ ਸੀ ਪਰ ਬਾਅਦ ਵਿਚ ਸਾਹਮਣੇ ਆਇਆ ਕਿ ਇਹ ਬੇਅਦਬੀ ਦਾ ਨਹੀਂ ਚੋਰੀ ਦਾ ਮਾਮਲਾ ਸੀ। ਮੁਲਜ਼ਮ ਦੀ ਹੱਤਿਆ ਕਰ ਦਿੱਤੀ ਗਈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਅਤੇ ਇਹ ਵਰਤਾਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਵਾਸਤੇ ਅਸੀਂ ਹੱਤਿਆ ਦੇ ਮੁਲਜ਼ਮ ਗ੍ਰੰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’’
ਡੀਜੀਪੀ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਦੀ ਤਿਆਰੀ ਆਰੰਭ ਦਿੱਤੀ ਗਈ ਹੈ। ਉਨ੍ਹਾਂ ਅਪਰਾਧ ਨੂੰ ਨੱਥ ਪਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ। ਇਸ ਦੌਰਾਨ ਉਨ੍ਹਾਂ ਮਾਫੀਆ, ਗੈਂਗਸਟਰਾਂ ਅਤੇ ਅਤਿਵਾਦ ਸਮਰਥਕਾਂ ਨੂੰ ਖ਼ੁਦ ਆਤਮਸਮਰਪਣ ਕਰਨ ਦਾ ਸੱਦਾ ਦਿੰਦਿਆਂ ਅਗਲੇ ਦਿਨਾਂ ਵਿਚ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਦੀ ਚਿਤਾਵਨੀ ਵੀ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly