(ਸਮਾਜ ਵੀਕਲੀ)-ਅੱਜਕੱਲ੍ਹ ਦੀ ਇਕੱਲ ਭਰੀ ਦੁਨੀਆਂ ਵਿੱਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋਵੋ।ਆਪਣਾ ਖਿਆਲ ਰੱਖਦੇ ਹੋਵੋ।
ਸਾਨੂੰ ਹਮੇਸ਼ਾ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਦੂਜੇ ਸਾਡਾ ਖਿਆਲ ਨਹੀਂ ਰੱਖਦੇ।ਪਰ ਕੀ ਅਸੀਂ ਖੁਦ ਦਾ ਖਿਆਲ ਕਰਦੇ ਹਾਂ ।ਹਿੰਦੁਸਤਾਨੀ ਪੱਧਤੀ ਵਿੱਚ ਵੈਸੇ ਵੀ ਆਪਣੇ ਆਪ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ।ਜਦਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਦਤ ਹੁੰਦੀ ਹੈ।ਆਪਣਾ ਸੁੱਖ ਦੁੱਖ ਤੁਸੀਂ ਆਪ ਭੋਗਣਾ ਹੁੰਦਾ ਹੈ।ਤੁਹਾਡਾ ਪਹਿਲਾ ਅਤੇ ਅਸਲੀ ਸਾਥੀ ਤੁਹਾਡਾ ਸਰੀਰ ਹੈ।ਸਭ ਤੋਂ ਪਹਿਲਾਂ ਧਿਆਨ ਆਪਣੇ ਸਰੀਰ ਵੱਲ ਦਿਓ।ਨਿਰੋਗ ਸਰੀਰ ਵਿੱਚ ਹੀ ਨਿਰੋਗ ਮਨ ਨਿਵਾਸ ਕਰ ਸਕਦਾ ਹੈ।ਇਹ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਕਸਰਤ ਕਰੋ।ਜਿਸ ਸਮੇਂ ਵੀ ਤੁਹਾਨੂੰ ਸੌਖਾ ਲੱਗਦਾ ਹੈ ਸੈਰ ਕਰਨ ਜਾਓ।ਸੈਰ ਕਰਨ ਨਾਲ ਸਰੀਰ ਵਿੱਚ ਆਕਸੀਜਨ ਦਾ ਸੰਚਾਰ ਵਧਦਾ ਹੈ।ਸਾਡੇ ਇਕਲਾਪੇ ਤੇ ਪਿੱਛੇ ਸਿਰਫ਼ ਸਮਾਜਿਕ ਕਾਰਨ ਨਹੀਂ ਕਈ ਵਾਰ ਸਰੀਰਕ ਕਾਰਨ ਵੀ ਹੁੰਦੇ ਹਨ।ਆਕਸੀਜਨ ਦਾ ਸੰਚਾਰ ਸਰੀਰ ਨੂੰ ਚੁਸਤੀ ਫੁਰਤੀ ਦਿੰਦਾ ਹੈ।ਸਵੇਰ ਦੀ ਸੈਰ ਤੁਹਾਨੂੰ ਕੁਦਰਤ ਦੇ ਨੇੜੇ ਲੈ ਜਾਂਦੀ ਹੈ।ਮਨ ਸਾਰਾ ਦਿਨ ਖਿੜਿਆ ਖਿੜਿਆ ਰਹਿੰਦਾ ਹੈ।ਜੇਕਰ ਤੁਹਾਨੂੰ ਸੰਗੀਤ ਪਸੰਦ ਹੈ ਤਾਂ ਦਿਨ ਵਿੱਚ ਕੁਝ ਸਮਾਂ ਸੰਗੀਤ ਤੇ ਕੱਢੋ।ਸੰਗੀਤ ਦਾ ਆਨੰਦ ਲਓ।ਇਹ ਤੁਹਾਡੀ ਰੂਹ ਦੇ ਖੇੜਿਆਂ ਲਈ ਜ਼ਰੂਰੀ ਹੈ।ਕੋਈ ਵੀ ਕੰਮ ਜੋ ਤੁਹਾਨੂੰ ਪਸੰਦ ਹੈ ਉਹ ਕਰੋ ਬੇਸ਼ੱਕ ਉਹ ਨਵੇਂ ਤਰੀਕੇ ਦਾ ਖਾਣਾ ਬਣਾਉਣਾ ਹੀ ਹੋਵੇ।ਵਿਗਿਆਨ ਦੀ ਤਰੱਕੀ ਨੇ ਜ਼ਿੰਦਗੀ ਨੂੰ ਸੁਖਾਲਾ ਕਰ ਦਿੱਤਾ ਹੈ ਪਰ ਨਾਲ ਹੀ ਸਾਡੇ ਕੋਲ ਬਹੁਤ ਸਾਰਾ ਸਮਾਂ ਵੀ ਬਚਿਆ ਹੈ ਜਿਸ ਦਾ ਸਹੀ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ।ਆਪਣੇ ਆਪ ਨੂੰ ਸੁੰਦਰ ਸਮਝੋ। ਆਪਣੇ ਆਪ ਦਾ ਖਿਆਲ ਰੱਖੋ।ਖ਼ੁਦ ਨੂੰ ਸੰਵਾਰੋ।ਇਸ ਨਾਲ ਵੀ ਮਨ ਵਿੱਚ ਸਾਕਾਰਾਤਮਕ ਵਿਚਾਰ ਪੈਦਾ ਹੁੰਦੇ ਹਨ।ਪਸ਼ੂ ਪੰਛੀਆਂ ਨਾਲ ਪਿਆਰ ਕਰੋ।ਯਕੀਨ ਜਾਣਿਓਂ ਜੋ ਆਦਮੀ ਪਸ਼ੂ ਪੰਛੀਆਂ ਨਾਲ ਪਿਆਰ ਕਰਦਾ ਹੈ ਉਸ ਦੇ ਜੀਵਨ ਵਿਚ ਡਿਪਰੈਸ਼ਨ ਨਹੀਂ ਆਉਂਦਾ।ਸਭ ਤੋਂ ਜ਼ਰੂਰੀ ਹੈ ਕਿ ਕਿਤਾਬਾਂ ਪੜ੍ਹਨ ਦਾ ਸ਼ੌਂਕ ਪਾਓ।ਇਹ ਸ਼ੌਕ ਜਿੱਥੇ ਤੁਹਾਡਾ ਗਿਆਨ ਵਧਾਉਂਦਾ ਹੈ ਅੱਠ ਤੁਹਾਨੂੰ ਸਮੇਂ ਦਾ ਹਾਣੀ ਵੀ ਬਣਾਉਂਦਾ ਹੈ।ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਤੇ ਕੁਝ ਸਮਾਂ ਉਨ੍ਹਾਂ ਨਾਲ ਬਿਤਾਓ।ਤੁਸੀਂ ਉਨ੍ਹਾਂ ਦੀ ਸੰਗਤ ਵਿੱਚ ਬਹੁਤ ਕੁਝ ਸਿੱਖੋਗੇ।ਉਨ੍ਹਾਂ ਕੋਲ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਹੈ।ਸਿਰਫ਼ ਜ਼ਿੰਮੇਵਾਰੀਆਂ ਵਿੱਚ ਹੀ ਨਾ ਡੁੱਬੇ ਰਹੋ ਕੁਝ ਸਮਾਂ ਆਪਣੇ ਆਪ ਲਈ ਆਪਣੇ ਸ਼ੌਕ ਲਈ ਕੱਢੋ।ਆਪਣੇ ਆਪ ਨੂੰ ਆਪਣੇ ਨਜ਼ਰੀਏ ਨਾਲ ਦੇਖੋ ਲੋਕਾਂ ਦੇ ਨਜ਼ਰੀਏ ਨਾਲ ਨਹੀਂ।ਕਈ ਵਾਰ ਕੋਈ ਸਾਡੇ ਬਾਰੇ ਕੁਝ ਟਿੱਪਣੀ ਕਰਦਾ ਹੈ ਅਤੇ ਅਸੀਂ ਉਸ ਨੂੰ ਮਨ ਵਿੱਚ ਵਸਾ ਕੇ ਪਰੇਸ਼ਾਨ ਹੋ ਜਾਂਦੇ ਹਾਂ।ਤੁਹਾਡੇ ਨਜ਼ਦੀਕ ਸਭ ਤੋਂ ਪਹਿਲਾਂ ਤੁਸੀਂ ਆਪ ਹੋ।ਤੁਹਾਡੀ ਆਪਣੇ ਬਾਰੇ ਵਿਚਾਰ ਸਕਾਰਾਤਮਕ ਹੋਣੇ ਬਹੁਤ ਜ਼ਰੂਰੀ ਹਨ।ਆਪਣੇ ਗੁਣਾਂ ਨੂੰ ਨਿਖਾਰੋ ਔਗੁਣਾਂ ਨੂੰ ਘਟਾਓ।ਇਹ ਬਹੁਤ ਜ਼ਰੂਰੀ ਕੰਮ ਹੈ ਤੇ ਇਸ ਵਿੱਚ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ।ਸਮੇਂ ਦਾ ਸਹੀ ਇਸਤੇਮਾਲ ਕਰੋ।ਆਪਣੇ ਸ਼ੌਕ ਹਮੇਸ਼ਾਂ ਜ਼ਿੰਦਾ ਰੱਖੋ।
ਜੀਅ ਭਰ ਕੇ ਜੀਓ।ਇਹ ਜ਼ਿੰਦਗੀ ਇਕੋ ਵਾਰ ਮਿਲੀ ਹੈ ਇਸ ਨੂੰ ਅਜਾਈਂ ਨਾ ਗਵਾਓ।
ਹਰਪ੍ਰੀਤ ਕੌਰ ਸੰਧੂ
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly