ਲਵ ਮੈਰਿਜ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਕਾਫ਼ੀ ਦਿਨਾਂ ਤੋਂ ਕਹਾਣੀ ਲਿਖਣ ਦੀ ਸੋਚ ਰਿਹਾ ਸੀ, ਪਰ ਲਿਖਣ ਦਾ ਟਾਇਮ ਨਹੀ ਸੀ ਮਿਲਦਾ। ਜੇ ਟਾਇਮ ਹੁੰਦਾ, ਤਾਂ ਲਿਖਣ ਦਾ ਮੂਡ ਨਾ ਬਣਦਾ, ਜੇ ਲਿਖਣ ਦਾ ਮੂਡ ਬਣਦਾ, ਤਾਂ ਕਈ ਘਟਨਾਵਾਂ ਅੱਗੇ ਪਿੱਛੇ ਆਉਣ ਲੱਗੀਆਂ ,ਕੋਈ ਕਾਬੂ ਨਾ ਆਏ।ਬੰਦਾ ਕੋਸ਼ਿਸ਼ ਬਥੇਰੀ ਕਰਦੈ ਕਿ ਕੋਈ ਪ੍ਰੇਸ਼ਾਨੀ ਘੇਰਾ ਨਾ ਪਾਏ, ਪਰ ਜ਼ਿਆਦਾ ਘਰੇਲੂ ਪਰੇਸ਼ਾਨੀਆਂ, ਮਜ਼ਬੂਰੀਆਂ, ਜਿੰਮੇਵਾਰੀਆਂ ਬੰਦੇ ਨੂੰ ਮਾਰ ਲੈਂਦੀਆਂ ਨੇ।ਕੋਈ ਆਪਣੀਆਂ ਜਿੰਮੇਵਾਰੀਆਂ ਤੋ ਭੱਜਣਾ ਨਹੀ ਚਾਹੁੰਦਾ,ਕੋਸਿਸ਼ ਕਰਦਾ ਹੈ ਕਿ ਮੈਂ ਸਾਰੀਆਂ ਜ਼ਿੰਮੇਵਾਰੀਆਂ ਸਫ਼ਲਤਾ ਪੂਰਵਕ ਨਿਭਾਵਾਂ।ਕੋਈ ਕੋਈ ਕੰਮ ਚੋਰ ਹੁੰਦੈ ਹੋਣਾ,ਸਾਰੇ ਨਹੀਂ।

ਚੱਲੋ ਮੈਂ ਤੁਹਾਨੂੰ ਆਪਣੇ ਦੋਸਤ ਦੇ ਘਰ ਲੈ ਕੇ ਚੱਲਦਾ।ਮੈ ਵੀ ਉਸਨੂੰ ਦਸ ਸਾਲਾਂ ਬਾਦ ਮਿਲਣ ਚੱਲਿਆ।ਬੀ ਏ ਕਰਕੇ ਮੈ ਵਿਦੇਸ਼ ਚੱਲਾ ਗਿਆ ਤੇ ਮੇਰਾ ਦੋਸਤ ਨੌਕਰੀ ਦੀ ਭਾਲ ਚ।ਪਰ ਜਦ ਮੈ ਆਪਣੇ ਦੋਸਤ ਦੇ ਪਿੰਡ ਗਿਆ, ਤਾਂ ਜਾ ਕੇ ਪਤਾ ਲੱਗਿਆ ਕਿ ਉਹ ਤਾਂ ਪਿੰਡ ਛੱਡ ਕੇ ਸ਼ਹਿਰ ਚੱਲੇ ਗ਼ਏ ਨੇ। ਇੱਥੇ ਹੁਣ ਕੋਈ ਨਹੀਂ ਰਹਿੰਦਾ।ਮੇਰੇ ਦੋਸਤ ਦਾ ਕੋਈ ਭੈਣ ਭਾਈ ਨਹੀ ਸੀ, ਆਪਣੇ ਮਾਂ ਪਿਉ ਦਾ ਇਕਲੋਤਾ ਪੁੱਤਰ ਸੀ।ਕਬੀਲਦਾਰੀ ਔਖਿਆ ਸੌਖਿਆ ਰਿੜੀ ਜਾਂਦੀ ਸੀ।ਮੇਰਾ ਦੋਸਤ ਬਹੁਤ ਹੁਸ਼ਿਆਰ ਸੀ,ਪਰ ਇਸਨੂੰ ਕਾਫ਼ੀ ਗਿਲਾ ਸ਼ਿਕਵਾ ਰਿਹਾ ਸੀ, ਸਮੇਂ ਦੀਆਂ ਸਰਕਾਰਾਂ ਤੇ।ਉਹ ਦੱਸਦਾ ਸੀ ਕਿ ਜਦੋਂ ਉਸਦਾ ਪੜਦਾਦਾ, ਉਸਦੇ ਦਾਦੇ ਸਮੇਤ ਪਾਕਿਸਤਾਨੋਂ ਆਇਆ ਸੀ,ਤਾਂ ਉਸ ਵੇਲੇ ਕੋਈ ਕੰਮ ਕਾਰ ਨਾ ਹੋਣ ਕਰਕੇ, ਸਰਕਾਰ ਨੇ ਸ਼ਰਨਾਰਥੀਆਂ ਨੂੰ ਇਸ ਗ਼ੱਲ ਦੀ ਇਜ਼ਾਜਤ ਦਿੱਤੀ ਕਿ ਭੱਠੀਆਂ ਲਾਓ ਤੇ ਕੰਮ ਚੱਲਾਓ।

ਤਾਂ ਜੋ ਦੇਸੀ ਦਾਰੂ ਕੱਢਕੇ ਆਪਣਾ ਰੋਜ਼ਗਾਰ ਚੱਲਾ ਸਕਣ ਤੇ ਲੁੱਟਾ ਖੋਹਾਂ ਕਰਕੇ ਮਾਹੌਲ ਖ਼ਰਾਬ ਨਾ ਕਰਨ।ਪਤਾ ਨਹੀ ਸੀ ਕਿ ਇਹ ਜਾਣਕਾਰੀ ਗ਼ਲਤ ਸੀ ਕਿ ਠੀਕ, ਪਰ ਦਾਰੂ ਨੇ ਕਈ ਘਰ ਡਬੋ ਦਿੱਤੇ। ਅੰਗਰੇਜ਼ਾਂ ਨੇ ਦੁੱਧ ਲੱਸੀ ਦੀ ਥਾਂ ਚਾਹ ਤੇ ਲਾ ਦਿੱਤਾ ਤੇ ਆਪਣਿਆਂ ਨੇ ਨਸ਼ਿਆਂ ਤੇ।ਪਹਿਲਾਂ ਲੋਕੀ ਨਸ਼ਾ ਘੱਟ ਕਰਦੇ ਸਨ ਤੇ ਖ਼ੁਰਾਕਾਂ ਵਧੀਆ ਖਾਂਦੇ ਸਨ, ਪਰ ਹੁਣ ਤਾਂ ਖ਼ੁਰਾਕਾਂ ਪਹਿਲਾਂ ਵਰਗੀਆਂ ਰਹੀਆਂ ਨਹੀ, ਰਸਾਣਿਕ ਖ਼ਾਦਾਂ ਸਪੇਰਆਂ, ਟੀਕਿਆਂ, ਮਿਲ਼ਾਵਟਾਂ ਨੇ, ਸਤਿਆ ਨਾਸ਼ ਕਰ ਦਿੱਤਾ। ਜੋ ਹੁਣ ਹਾਲ ਹੈ,ਸਭ ਦੀਆਂ ਅੱਖਾਂ ਸਾਹਮਣੇ ਹੈ।ਕਈ ਸਿਆਣਪ ਵਰਤ ਕੇ ਕਰੋੜਾਂ ਚ ਹੋ ਗਏ ਤੇ ਕਈ ਫ਼ੋਕੀ ਸੋਹਰਤ ਲਈ ਫੁਕਰਪੁਣੇ, ਦਿਖਾਵੇ ਚ ਝੁੱਗਾ ਚੋੜ ਕਰਵਾ ਬੈਠੇ।

ਮੈ ਤਾਂ ਤੁਹਾਨੂੰ ਆਪਣੇ ਦੋਸਤ ਦੇ ਘਰ ਲੈ ਕੇ ਜਾਣਾ ਸੀ,ਪਰ ਗੱਲਾਂ ਕਿਹੜੀਆਂ ਛੇੜ ਬੈਠਾ।ਪਿੰਡੋ ਕਿਸੇ ਨੇ ਦੱਸਿਆ ਕਿ ਕੁਲਵਿੰਦਰ ਨੇ ਸ਼ਹਿਰ ਕਿਸੇ ਜੋਤੀ ਨਾਮ ਦੀ ਲੜਕੀ ਨਾਲ ਲਵ ਮੈਰਿਜ ਕਰਾਈ ਹੈ, ਉਥੇ ਹੀ ਰਹਿੰਦਾ ਐ। ਖ਼ੈਰ ਮੈ ਦੋਸਤ ਦਾ ਪੂਰਾ ਪਤਾ, ਫੋਨ ਨੰਬਰ ਲੈ ਕੇ ਪਟਿਆਲੇ ਗਿਆ।ਉਸਦਾ ਘਰ ਲੱਭਣ ਚ ਕੋਈ ਮੁਸ਼ਕਿਲ ਨਾ ਆਈ। ਕਾਲੋਨੀ ਦੇ ਗੇਟ ਤੇ ਖੜੇ ਸਿਕਰਉਟੀ ਗਾਰਡ ਨੇ ਐਂਟਰੀ ਕਰਕੇ ਪੁੱਛ ਪੜਤਾਲ ਕਰਕੇ ਦੱਸਿਆ ਕਿ ਉਹ ਸਾਹਮਣੇ ਹੀ ਕੋਠੀ ਹੈ,ਜਿੱਥੇ ਤੁਸੀਂ ਜਾਣਾ ਹੈ।ਮੈ ਦੇਖ ਕੇ ਹੈਰਾਨ ਰਹਿ ਗਿਆ ਕਿ ਐਨੀ ਵੱਡੀ ਕੋਠੀ ਚ ਰਹਿੰਦੈ ਯਾਰ ਮੇਰਾ। ਜਾ ਕੇ ਡੋਰ ਬੈਲ ਵਜਾਈ, ਤਾਂ ਇੱਕ ਨੇਪਾਲੀ ਨੌਕਰ ਆਇਆ। ਜਦ ਮੈ ਕੁਲਵਿੰਦਰ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਸਾਹਿਬ ਤਾਂ ਘਰ ਨਹੀ ਹਨ।ਬੱਚਿਆਂ ਨੂੰ ਲੈ ਕੇ ਸ਼ਿਮਲੇ ਗਏ ਨੇ ,ਹੁਣ ਇੱਕ ਦੋ ਦਿਨਾਂ ਚ ਆ ਜਾਣਗੇ।ਤੁਸੀ ਨਾਮ ਪਤਾ ਦੱਸ ਦਿਓ, ਸਾਹਿਬ ਨੂੰ ਦੱਸ ਦਿਆਂਗਾ।ਮੈ ਅਜੇ ਨੇਪਾਲੀ ਨੌਕਰ ਨੂੰ ਕੁਝ ਕਹਿਣ ਲੱਗਾ ਸੀ ਕਿ ਚਾਚਾ ਚਾਚੀ ਬਾਹਰ ਆ ਗਏ ਤੇ ਮੇਰੇ ਬਾਰੇ ਪੁੱਛਿਆ ਫਿਰ ਮੈਨੂੰ ਕਹਿਣ ਕਿ ਤੂੰ ਕਵੀ ਤਾਂ ਨਹੀ ਜੋ ਸਾਡੇ ਵਿੰਦਰ ਨਾਲ ਪੜ੍ਹਦਾ ਸੀ, ਤਾਂ ਮੇਰੇ ਵੱਲੋ ਹਾਂ ਕਰਨ ਤੇ ਉਹ ਬੜਾ ਖੁਸ਼ ਹੋਏ ਤੇ ਆਪਣੇ ਨਾਲ ਅੰਦਰ ਲਿਜਾ ਕੇ ਪੂਰੀ ਸੇਵਾ ਕੀਤੀ।

ਮੈਂ ਚਾਚਾ ਚਾਚੀ ਨੂੰ ਪੁੱਛਿਆ ਕਿ ਤੁਸੀ ਇੱਥੇ ਕਦੋਂ ਆਏ ?ਕੁਲਵਿੰਦਰ ਕੰਮ ਕੀ ਕਰਦਾ ਏ ,ਬੜੀ ਵਧੀਆ ਕੋਠੀ ਖ਼ਰੀਦ ਕੀਤੀ ਏ ,ਤਾਂ ਚਾਚਾ ਜੀ ਕਹਿਣ ਲੱਗੇ ਕਿ ਕੀ ਦੱਸਾਂ ਪੁੱਤ ਏ, ਕੋਠੀ ਕੁਲਵਿੰਦਰ ਦੀ ਜੋਤੀ ਦੇ ਮਾਂ ਬਾਪ ਦੀ ਹੈ, ਜੋ ਹੁਣ ਵਿਦੇਸ਼ ਚ ਰਹਿੰਦੇ ਨੇ ।ਸਾਲ ਚ ਦੋ ਚਾਰ ਵਾਰ ਗੇੜਾ ਮਾਰ ਜਾਂਦੇ ਨੇ ਤੇ ਕਈ ਕਾਫ਼ੀ ਸਮਾਂ ਇੱਥੇ ਰਹਿੰਦੇ ਨੇ।ਅਸੀ ਤਾਂ ਇੱਥੇ ਟਾਇਮ ਪਾਸ ਕਰਨ ਆਗੇ,ਨਾਲੇ ਸਾਡਾ ਕਿਹੜਾ ਪਿੰਡ ਕੱਲਿਆਂ ਦਾ ਜੀ ਲੱਗਣਾ ਸੀ। ਅਸੀ ਤਾਂ ਕੁਲਵਿੰਦਰ ਦਾ ਘਰ ਬਾਰ ਵੱਸਦਾ ਦੇਖ ਕੇ ਖੁਸ਼ ਹਾਂ।

ਕੁਝ ਦਿਨਾਂ ਬਾਅਦ ਮੇਰਾ ਦੋਸਤ ਵੀ ਆ ਗਿਆ।ਉਹ ਹੈਰਾਨ ਹੋਇਆ ਕਿ ਐਨੇ ਸਾਲਾਂ ਬਾਅਦ ਕਿਵੇਂ ਆ ਗਿਆ। ਕਾਫ਼ੀ ਗੱਲਾਂ ਹੁੰਦੀਆ ਰਹੀਆਂ।ਫਿਰ ਮੈ ਕਬੀਲਦਾਰ ਬਾਰੇ ਪੁੱਛਿਆ, ਤਾਂ ਕਹਿਣ ਲੱਗਾ ਕਿ ਵਧੀਆਂ ਐਸ਼ ਕਰਦੇ ਹਾਂ, ਪਰ ਕਦੇ ਕਦੇ ਹੱਥ ਟੈਟ ਹੋ ਜਾਂਦਾ। ਕੀ ਕਰੀਏ ਕਈ ਵਾਰ ਐਨਾ ਕਮਾਉਣ ਦੇ ਬਾਵਜੂਦ ਵੀ ਖ਼ਰਚੇ ਪੂਰੇ ਨਹੀਂ ਹੁੰਦੇ।ਤਾਂ ਇਹ ਸੁਣ ਕੇ ਮੈ ਉਸਨੂੰ ਹੌਂਸਲਾ ਦਿੱਤਾ ਕਿ ਕਿਉਂ ਘਬਰਾਉਂਦਾ ਏ, ਸਭ ਕੁਝ ਠੀਕ ਹੋ ਜਾਊ। ਤੂੰ ਇਹ ਦੱਸ ਇਹ ਕੋਠੀ ਕਦੋਂ ਖ਼ਰੀਦ ਕੀਤੀ,ਬੜੀ ਵਧੀਆ ਐ।ਸੱਤਰ ਅੱਸੀ ਲੱਖ ਤੋ ਘੱਟ ਤਾਂ ਨਹੀ ਹੋਣੀ।ਤਾਂ ਉਹ ਹੱਸਦੇ ਹੋਏ ਕਹਿਣ ਲੱਗਾ ਕਿ ਆਪਣੇ ਤੋਂ ਤਾਂ ਹਾਲੇ ਕਿਸੇ ਥਾਂ ਪਲਾਟ ਨਹੀ ਖ਼ਰੀਦ ਹੋਣਾ ਸੀ,ਕਰਜ਼ਾ ਉਤਾਰਦਿਆਂ ਉਮਰ ਬੀਤ ਜਾਣੀ ਸੀ। ਏ ਤਾਂ ਤੇਰੀ ਭਾਬੀ ਦੀ ਮਿਹਰਬਾਨੀ ਏ,ਜੇ ਤੇਰੀ ਭਾਬੀ ਸਾਥ ਨਾ ਦਿੰਦੀ, ਤਾਂ ਪਿੰਡ ਹੀ ਹੋਣਾ ਸੀ।

ਹੁਣ ਤਾਂ ਮਹਿੰਗਾਈ ਐਨੀ ਐ ਕਿ ਤੀਹ ਪੈਤੀ ਹਜ਼ਾਰ ਨਾਲ ਗੁਜ਼ਾਰਾ ਨਹੀ ਹੁੰਦਾ। ਉੱਤੋ ਮੇਰੀ ਸੱਸ ਐਨੀ ਕੰਜ਼ੂਸ ਆਂ ਕਿ ਜੋ ਪਿੰਡੋ ਜ਼ਮੀਨ ਦਾ ਠੇਕਾ ਆਉਦਾ ਏ, ਜੋ ਦੁਕਾਨਾਂ ਦਾ ਕਿਰਾਇਆ ਆਉਂਦਾ ਏ,ਉਹ ਵੀ ਸਾਂਭ ਲੈਂਦੀ। ਜਦ ਮੇਰੇ ਸੁਹਰੇ ਦੀ ਪੇਸ਼ ਨਹੀ ਜਾਂਦੀ, ਤਾਂ ਮੇਰੀ ਕੀ ਪੇਸ਼ ਜਾਊ? ਤਾਂ ਮੈਂ ਪੁੱਛਿਆ ਕਿ ਤੇਰਾ ਸੁਹਰਾ ਕੀ ਕਰਦੈ? ਤਾਂ ਉਹ ਕਹਿਣ ਲੱਗਾ ਕਿ ਮੇਰਾ ਸੁਹਰਾ ਰੇਲਵੇ ਵਿਭਾਗ ਵਿਚੋਂ ਰਿਟਾਇਰ ਹੋਇਆ ਹੈ।ਕਾਫ਼ੀ ਪੈਸਾ ਮਿਲਿਆ ਏ,ਕਾਫ਼ੀ ਐਫ. ਡੀਆਂ ਕਰਾ ਰੱਖੀਆਂ ਨੇ।ਐਂ ਸਮਝ ਲੈ ਪੰਜਾਹ ਸੱਠ ਹਜ਼ਾਰ ਪਿੰਡੋ ਸਾਲ ਛਿਮਾਹੀ ਆ ਜਾਂਦਾ ਏ ਤੇ ਦੁਕਾਨਾਂ ਦਾ ਕਿਰਾਇਆ ਵੀਹ ਹਜ਼ਾਰ ਮਹੀਨਾ ਤੇ ਮੇਰੇ ਸੁਹਰੇ ਦੀ ਐਫ਼ ਡੀਆਂ ਦਾ ਵਿਆਜ ਵੀ ਹਜ਼ਾਰਾਂ ਰੁਪਿਆਂ ਚ ਆਉਂਦਾ।ਜਦ ਮੈ ਕਿਹਾ ਕਿ ਤੈਨੂੰ ਕਿਸੇ ਵੱਲ ਦੇਖਣ ਦੀ ਕੀ ਲੋੜ ਹੈ,ਤੇਰਾ ਤਨਖਾਹ ਨਾਲ ਵਧੀਆ ਸਰ ਸਕਦੈ।

ਤਾਂ ਉਹ ਕਹਿਣ ਲੱਗਾ ਕਿ ਤੈਨੂੰ ਕੀ ਪਤੈ, ਖ਼ਰਚਾ ਤਾਂ ਮੇਰੇ ਸਿਰ ਤੇ ਐ, ਮੈਨੂੰ ਪਤਾ ਕਿਵੇ ਖ਼ਰਚਾ ਕਰਨਾ ਏ, ਕਿੱਥੇ ਕਰਨਾ ਏ? ਪੰਦਰਾਂ ਹਜ਼ਾਰ ਰੁਪੈ ਤਾਂ ਤੇਰੀ ਭਰਜਾਈ ਲੈ ਜਾਂਦੀ ਏ ,ਪੰਜ ਛੇ ਹਜ਼ਾਰ ਦਾ ਦੁੱਧ ਆ ਜਾਂਦਾ ਏ ।ਮੇਰੇ ਕੋਲ ਤਾਂ ਬੜੀ ਮੁਸ਼ਕਿਲ ਨਾਲ ਖਰਚੇ ਜੋਗੇ ਬਚਦੇ ਨੇ, ਕਿਸ਼ਤਾਂ ਭਰਨੀਆਂ ਹੁੰਦੀਆਂ ਨੇ ਕਾਰ ਦੀਆਂ।ਮੈ ਤਾਂ ਸੋਚਿਆ ਸੀ ਕਿ ਘਰ ਜਵਾਈ ਬਣ ਕੇ ਐਸ਼ ਕਰਾਂਗੇ ।ਪਰ ਮੈ ਤਾਂ ਲਵ ਮੈਰਿਜ ਕਰਾ ਕੇ, ਘਰ ਜਵਾਈ ਬਣ ਕੇ ਦੁੱਖ ਹੀ ਸਹੇੜ ਲਿਆ।ਹੁਣ ਤੂੰ ਦੱਸ ਲਵ ਮੈਰਿਜ ਕਰਾਉਣੀ ਏ?

 ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ

9463162463

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੰਕਾਰੇ ਬੰਦੇ ਦਾ
Next articleਮੈਨੂੰ ਵੀ ਸਕੂਲੇ ਪੜ੍ਹਨੇ ਪਾ ਬਾਪੂ।