(ਸਮਾਜ ਵੀਕਲੀ)
ਖੁੱਲ੍ਹੇ ਦਿਲ ਨਾਲ ਦਿੱਤੇ ਹੜ੍ਹ ਪੀੜਤਾਂ ਨੂੰ,
ਜਿੰਨੇਂ ਜੋਗੇ ਸੀ ਲੋਕਾਂ ਨੇ ਫੰਡ ਬਾਬਾ।
ਹੁਣ ਪਹੁੰਚ ਜਾਣ ਲੋੜਵੰਦਾਂ ਤਾਂਈ,
ਸਹੀ ਢੰਗ ਨਾਲ ਹੋਵੇ ਵੰਡ ਬਾਬਾ।
ਬਹੁਤੇ ਜ਼ਿਲੇ ਨੇ ਪਾਣੀ ਦੀ ਮਾਰ ਥੱਲੇ,
ਜੋ ਪੈਂਦੇ ਸੀ ਇਲਾਕੇ ਵਿੱਚ ਮੰਡ ਬਾਬਾ।
ਪਸ਼ੂ,ਮਾਲ,ਧਨ, ਬੰਦੇ ਸਭ ਰੋੜ੍ਹ ਦਿੱਤੇ,
ਨਾ ਛੱਡਿਆ ਕਰੀਰ ਕੋਈ ਜੰਡ ਬਾਬਾ।
ਘਾਟੇ ਪੂਰੇ ਤਾਂ ਨਹੀਂ ਹੁਣ ਹੋ ਸਕਦੇ,
ਐਸੀ ਫੇਰੀ ਕੁਦਰਤ ਨੇ ਕੰਡ ਬਾਬਾ।
ਸ਼ਾਬਾਸ਼ ਉਹਨਾਂ ਦਾਨੀ ਸੱਜਣਾਂ ਦੇ,
ਜਿੰਨਾਂ ਦਿੱਤੀ ਰਾਹਤ ਦੀ ਪੰਡ ਬਾਬਾ।
ਨਾਲ ਭਰਾਵਾਂ ਦੁੱਖ ਨੇ ਘੱਟ ਜਾਂਦੇ,
ਨਾਲੇ ਪੈਂਦੀ ਮਹੁੱਬਤੀ ਗੰਢ ਬਾਬਾ।
ਪ੍ਰਮਾਤਮਾ ਕਰੇ ਆਬਾਦ ਹੋਣ ਇਲਾਕੇ,
‘ਪੱਤੋ’ ਹੋਵੇ ਖ਼ੁਸ਼ਹਾਲੀ ਦੀ ਠੰਡ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417



