ਪਿਆਰ ਵਿੱਚ ਵਾਧਾ ਕਰਦਾ ਹੈ, ਇੱਕਠਿਆਂ ਭੋਜਨ ਕਰਨਾ

ਇਕੱਠੇ ਭੋਜਨ ਕਰਨ ਦਾ ਖ਼ੁਸ਼ਨੁਮਾ ਮਾਹੌਲ
ਰੁਝੇਵੇਂ ਭਰੀ ਇਸ ਜਿੰਦਗ਼ੀ ‘ਚ ਸਾਡੇ ਸਾਰਿਆ ਕੋਲ ਇਕ ਦੂਜੇ ਨਾਲ ਸਮਾਂ ਬਿਤਾਉਣ ਦਾ ਵੀ ਸਮਾ ਨਹੀਂ ਹੈ। ਇਸ ਲਈ ਸਾਨੂੰ ਇਹਨਾਂ ਖੁਸ਼ੀ ਦੇ ਮੌਕਿਆਂ ਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ।
(ਸਮਾਜ ਵੀਕਲੀ) ਪੁਰਾਣੇ ਸਮਿਆਂ ‘ਚ ਇੱਕੋ ਹੀ ਛੱਤ ਥੱਲੇ ਰਹਿ ਕੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਭੋਜਨ ਕਰਦੇ ਸੀ। ਜਿੱਥੇ ਇੱਕੋ ਹੀ ਚੁੱਲ੍ਹੇ ਅਤੇ ਇੱਕੋ ਹੀ ਭਾਂਡੇ ‘ਚ ਸਾਗ ਸਬਜ਼ੀ ਬਣਾਕੇ ਸਾਰਾ ਪਰਿਵਾਰ ਇਕੱਠਿਆਂ ਹੀ ਭੋਜਨ ਕਰਦਾ ਸੀ ਉੱਥੇ ਹੀ ਸਾਰੇ ਪਰਿਵਾਰਕ ਮੈਂਬਰ ਆਪੋ ਆਪਣੇ ਦੁੱਖ-ਸੁੱਖ ਵੀ ਸਾਂਝੇ ਕਰਦੇ ਸੀ। ਪਰ ਅੱਜਕਲ ਮਹਿਗਾਈ ਦੀ ਮਾਰ ਹੇਠ ਅਤੇ ਬੱਚਿਆਂ ਵਲੋਂ ਅਨੇਕਾਂ ਹੀ ਤਰਾਂ ਦੇ ਮਨਭਾਉਂਦੇ ਖਾਣਿਆਂ ਕਰਕੇ ਜਾਂ ਫੇਰ ਘਰਾਂ ਦੀ ਨੋਕ-ਝੋਕ ਕਰਕੇ ਇੱਕੋ ਹੀ ਪਰਿਵਾਰ ‘ਚੋ ਭਰਾਵਾਂ ਦੇ ਛੋਟੇ-ਛੋਟੇ ਪਰਿਵਾਰ ਬਣਕੇ ਰਹਿ ਗਏ। ਇਸਦੇ ਬਾਵਜੂਦ ਇਹਨਾਂ ਪਰਿਵਾਰਾਂ ‘ਚ ਮੋਹ ਦੀਆਂ ਤੰਦਾਂ ਨੂੰ ਮਜਬੂਤ ਕਰਨ ਲਈ ਬਹੁਤ ਸਾਰੇ ਅਜਿਹੇ ਮੌਕੇ ਵੀ ਆਉਂਦੇ ਹਨ ਜਿਸ ਨਾਲ ਇਹ ਪਰਿਵਾਰ ਕਿਸੇ ਨਾ ਕਿਸੇ ਬਹਾਨੇ ਇਕੱਠੇ ਮਿਲ ਕੇ ਭੋਜਨ ਕਰ ਸਕਣ।
ਸਭ ਭਰਾ-ਭਰਜਾਈਆਂ, ਭਤੀਜੇ-ਭਤੀਜਿਆਂ ਦਾ ਇਕੱਠ ਕਰਨ ਲਈ ਕੋਈ ਨਾ ਕੋਈ ਖੁਸ਼ੀ ਦਾ ਸਮਾਂ ਵੀ ਲੱਭਣਾ ਪੈਂਦਾ ਹੈ। ਉਸ ਖੁਸ਼ ਨੁਮਾ ਮਾਹੌਲ ਨੂੰ ਲੱਭਣ ਲਈ ਘਰਾਂ ‘ਚ ਅਨੇਕਾਂ ਹੀ ਤਰਾਂ ਦੇ ਮੌਕੇ ਵੀ ਮਿਲ ਜਾਂਦੇ ਹਨ ਜਿਵੇਂ ਕਿ ਕਈ ਤਰ੍ਹਾਂ ਦੇ ਤਿਉਹਾਰ, ਸਾਡੇ ਕਿਸੇ ਬੱਚੇ ਦਾ ਜਨਮ ਦਿਨ, ਕੋਈ ਵਿਆਹ ਦੀ ਵਰ੍ਹੇਗੰਡ ਹੋਵੇ, ਕਿਸੇ ਨੇ ਕੋਈ ਨਵੀਂ ਗੱਡੀ ਲਿਆਂਦੀ ਹੋਵੇ ਜਾਂ ਫੇਰ ਕਿਸੇ ਬੱਚੇ ਨੇ ਇਮਤਿਹਾਨਾਂ ‘ਚੋ ਚੰਗੇ ਨੰਬਰ ਲਏ ਹੋਣ। ਇਹ ਉਹ ਮੌਕੇ ਹੁੰਦੇ ਹਨ ਜਦੋਂ ਸਾਰੇ ਪਰਿਵਾਰਕ ਮੈਂਬਰ ਇਕ ਵਾਰ ਫੇਰ ਇਕੱਠੇ ਹੋ ਕੇ ਦਿਲਾਂ ਦੀ ਸਾਂਝ ਨੂੰ ਵਧਾਉਂਦੇ ਹਨ ਅਤੇ ਇਕ ਦੂਜੇ ਨਾਲ ਬੈਠ ਕੇ ਦੁੱਖ- ਸੁੱਖ ਫਰੋਲਦੇ ਹਨ। ਸਾਰੇ ਭਰਾ, ਦਰਾਣੀਆਂ, ਜਠਾਣੀਆਂ ਤੋ ਇਲਾਵਾ ਉਸ ਘਰਾਂ ਦੇ ਬੱਚੇ ਵੀ ਸਚਾਈ, ਇਮਾਨਦਾਰੀ, ਮਿਹਨਤ, ਮਿਲਵਰਤਣ, ਸਹਿਣਸ਼ੀਲਤਾ ਅਤੇ ਸੇਵਾ ਭਾਵਨਾ ਆਦਿ ਗੁਣ ਇਸ ਮਾਹੌਲ ਵਿੱਚੋਂ ਸਿਖਦੇ ਹਨ। ਅੱਜਕਲ ਜਿੱਥੇ ਨਫ਼ਰਤ ਦੀ ਜੰਗ ਲੱਗੀ ਹੋਈ ਹੈ ,ਉਥੇ ਹੀ ਇਸ ਜੰਗ ਨੂੰ ਇਕੱਠੇ ਭੋਜਨ ਕਰਨ ਤੇ ਮੁੜ ਪਿਆਰ ਦਾ ਤੇਲ ਪਾਕੇ ਰੌਸ਼ਨ ਕੀਤਾ ਜਾਂਦਾ ਜਾ ਸਕਦਾ ਹੈ। ਰੁਝੇਵੇਂ ਭਰੀ ਇਸ ਜਿੰਦਗ਼ੀ ‘ਚ ਸਾਡੇ ਸਾਰਿਆ ਕੋਲ ਇਕ ਦੂਜੇ ਨਾਲ ਸਮਾਂ ਬਿਤਾਉਣ ਦਾ ਵੀ ਸਮਾ ਨਹੀਂ ਹੈ। ਇਸ ਲਈ ਸਾਨੂੰ ਇਹਨਾਂ ਖੁਸ਼ੀ ਦੇ ਮੌਕਿਆਂ ਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ। ਜਦੋਂ ਅਸੀਂ ਇਕੱਠੇ ਬੈਠ ਸਾਰੇ ਸਾਂਝੇ ਪਰਿਵਾਰ ਦੇ ਮੈਂਬਰ ਖਾਣਾ ਖਾਂਦੇ ਹਾਂ ਅਤੇ ਆਪਣੀਆਂ ਖੁਸ਼ੀਆਂ ਤੇ ਮੁਸ਼ਕਿਲਾਂ ਨੂੰ ਆਪਸ ਵਿਚ ਸਾਂਝੀਆਂ ਕਰਦੇ ਹਾਂ ਤਾਂ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ। ਭੋਜਨ ਕਰਨ ਵੇਲੇ ਜਦੋਂ ਸਾਰਾ ਪਰਿਵਾਰ ਆਪਣੇ ਪੁਰਾਣੇ ਸਮੇਂ ਦੀ ਗੱਲ ਬਾਤ ਕਰਦਾ ਹੈ ਤਾਂ ਉਸ ਵੇਲੇ ਸਾਡੇ ਬੱਚਿਆਂ ਨੂੰ ਵੀ ਸਾਡੇ ਪਿਛੋਕੜ ਬਾਰੇ ਵੀ ਗਿਆਨ ਹੁੰਦਾ ਹੈ ਕਿ ਸਾਡਾ ਪਰਿਵਾਰ ਕਿਹੜੇ ਹਾਲਾਤ ‘ਚ ਪਹਿਲਾਂ ਸੀ ਅਤੇ ਹੁਣ ਕੀ ਹੈ।
ਇਸ ਤਰ੍ਹਾਂ, ਇਕੱਠੇ ਭੋਜਨ ਕਰਨ ਨਾਲ ਸਿਰਫ਼ ਖਾਣ ਦਾ ਹੀ ਨਹੀਂ, ਸਗੋਂ ਸੰਜੀਦੇ ਰਿਸ਼ਤਿਆਂ ਦਾ ਵੀ ਮਾਣ ਵਧਦਾ ਹੈ।  ਅੱਜ ਲੋੜ ਹੈ ਇਹਨਾਂ ਰੁਝੇਵੇਂ ਭਰਿਆਂ ਸਮਿਆਂ ‘ਚ ਆਪਣੇ ਲਈ ਅਤੇ ਆਪਣੀਆਂ ਲਈ ਕੁਝ ਇਹੋ ਜਿਹੇ ਮੌਕਿਆਂ ਦੀ ਤਲਾਸ਼ ਕਰਦੇ ਰਹੀਏ ਅਤੇ ਇੱਕਠੀਆਂ ਬੈਠ ਭੋਜਨ ਕਰ ਅਪਣੱਤ ਦੀ ਮਹਿਕ ਨੂੰ ਫਲਾਈਏ। ਪਿਆਰ ਭਰੇ ਰਿਸ਼ਤੇ ਜਿਉਂ ਦੇ ਤਿਉਂ ਕਾਇਮ ਰੱਖਣ ਲਈ ਇਸ ਤਰਾਂ ਦੇ ਮੌਕੇ ਹੀ ਸਾਡੀ ਵਿਸ਼ਵਾਸ ਦੀ ਨੀਂਹ ਨੂੰ ਮਜ਼ਬੂਤ ਕਰਦੇ ਹਨ। ਸੋ ਆਓ ਰਿਸ਼ਤਿਆਂ ਦੇ ਰੇਗਿਸਤਾਨਾਂ ‘ਚ ਇਹੋ ਜਿਹੇ ਫੁੱਲ ਖਿੜਾਈਏ, ਜਿਸ ਨਾਲ ਇੱਕ ਦੂਜੇ ਨੂੰ ਆਪਣੇ-ਪਣ ਦਾ ਅਹਿਸਾਸ ਹੋਵੇ।
✍️ ਬਲਦੇਵ ਸਿੰਘ ਬੇਦੀ
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਐਂਡਮਿੰਟਨ ਵਿੱਚ ਵੀ ਛਾਇਆ ਮੰਗਲ ਹਠੂਰ ਦੀ ਕਲਮ ਦਾ ਜਾਦੂ
Next articleਗੋਇੰਦਵਾਲ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਮੌਕੇ 3 ਦਿਨ ਚੱਲਣਗੇ ਲੰਗਰ- ਸੰਤ ਹਰਜੀਤ ਸਿੰਘ