ਸੁਫਨੇ ’ਚ ਆਉਂਦੇ ਨੇ ਭਗਵਾਨ ਕ੍ਰਿਸ਼ਨ: ਅਖਿਲੇਸ਼

Samajwadi Party president Akhilesh Yadav

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਭਗਵਾਨ ਕ੍ਰਿਸ਼ਨ ਰੋਜ਼ ਰਾਤ ਉਨ੍ਹਾਂ ਦੇ ਸੁਫਨੇ ਵਿਚ ਆ ਕੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਸਰਕਾਰ ਬਣਾਉਣਗੇ ਤੇ ਉੱਤਰ ਪ੍ਰਦੇਸ਼ ਵਿਚ ‘ਰਾਮ ਰਾਜ’ ਸਥਾਪਿਤ ਕਰਨਗੇ। ਸਾਬਕਾ ਮੁੱਖ ਮੰਤਰੀ ਯਾਦਵ ਨੇ ਇਹ ਦਾਅਵਾ ਹਲਕੇ-ਫੁਲਕੇ ਅੰਦਾਜ਼ ਵਿਚ ਇਕ ਸਮਾਗਮ ਦੌਰਾਨ ਕੀਤਾ। ਇਸ ਸਮਾਗਮ ਵਿਚ ਬਹਿਰਾਈਚ ਤੋਂ ਭਾਜਪਾ ਦੀ ਵਿਧਾਇਕ ਮਾਧੁਰੀ ਵਰਮਾ ਨੂੰ ਸਪਾ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਯੂਪੀ ਵਿਚ ਸਰਕਾਰ ਬਣਾਉਣ ਜਾ ਰਹੇ ਹਨ।

ਸਪਾ ਪ੍ਰਧਾਨ ਨੇ ਕਿਹਾ, ‘ਰਾਮ ਰਾਜ ਦਾ ਰਾਹ ਸਮਾਜਵਾਦ ਵਿਚੋਂ ਹੋ ਕੇ ਜਾਂਦਾ ਹੈ। ਜਿਸ ਦਿਨ ਸਮਾਜਵਾਦ ਸਥਾਪਿਤ ਹੋ ਗਿਆ, ਸੂਬੇ ਵਿਚ ਰਾਮ ਰਾਜ ਸਥਾਪਿਤ ਹੋ ਜਾਵੇਗਾ।’ ਅਖਿਲੇਸ਼ ਨੇ ਕਿਹਾ ਕਿ, ‘ਭਗਵਾਨ ਸ੍ਰੀ ਕ੍ਰਿਸ਼ਨ ਰੋਜ਼ ਰਾਤ ਸੁਫਨੇ ਵਿਚ ਆ ਕੇ ਕਹਿੰਦੇ ਹਨ ਕਿ ਸਾਡੀ ਸਰਕਾਰ ਆ ਰਹੀ ਹੈ।’ ਸਪਾ ਆਗੂ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਸਰਕਾਰ ਰਾਜ ਵਿਚ ‘ਨਾਕਾਮ’  ਹੋ ਗਈ ਹੈ। ਯੂਪੀ ਵਿਚ ਚੋਣ ਪ੍ਰਚਾਰ ਕਰ ਰਹੇ ਵੱਡੀ ਗਿਣਤੀ ਭਾਜਪਾ ਆਗੂਆਂ ਦੇ ਸੰਦਰਭ ਵਿਚ ਅਖਿਲੇਸ਼ ਨੇ ਕਿਹਾ ਕਿ ਜਿਵੇਂ ਕੁਝ ਰਾਜਾਂ ਵਿਚ ਆਪਣੇ ਬੱਚਿਆਂ ਨੂੰ ਪਾਸ ਕਰਾਉਣ ਲਈ ਮਾਪੇ ਤੇ ਰਿਸ਼ਤੇਦਾਰ ਪ੍ਰੀਖਿਆ ਕੇਂਦਰਾਂ ਉਤੇ ਉਨ੍ਹਾਂ ਨੂੰ ਨਾਜਾਇਜ਼ ਢੰਗ ਨਾਲ ਪਰਚੀਆਂ ਫੜਾਉਂਦੇ ਹਨ, ਇਸੇ ਤਰ੍ਹਾਂ ਫੇਲ੍ਹ ਹੋਏ ਯੋਗੀ ਦੀ ਮਦਦ ਲਈ ਭਾਜਪਾ ਆਗੂ ਯੂਪੀ ਦੇ ਗੇੜੇ ਲਾ ਰਹੇ ਹਨ।

ਅਖਿਲੇਸ਼ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਜਿੱਥੋਂ ਮਰਜ਼ੀ ਚੋਣਾਂ ਲੜਨ, ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਹ ਆਪਣੇ ਵਾਅਦੇ ਪੁਗਾਉਣ ਵਿਚ ਨਾਕਾਮ ਰਹੇ ਹਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਵੀ ਵਫ਼ਾ ਨਹੀਂ ਹੋਇਆ। ਅਖਿਲੇਸ਼ ਨੇ ਕਿਹਾ ਕਿ ਪਾਰਟੀ ਜਿੱਥੋਂ ਵੀ ਫੈਸਲਾ ਕਰੇਗੀ, ਉਹ ਚੋਣ ਲੜਨਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਸਲਿਮ ਬੋਰਡ ਨੂੰ ‘ਸੂਰਿਆ ਨਮਸਕਾਰ’ ਦੇ ਹੁਕਮਾਂ ’ਤੇ ਇਤਰਾਜ਼
Next articleਮਥੁਰਾ ਲਈ ਕੁਝ ਨਹੀਂ ਕੀਤਾ, ਕੰਸ ਦੀ ਪੂਜਾ ਕਰਦੀ ਰਹੀ ਸਪਾ ਸਰਕਾਰ: ਯੋਗੀ