(ਸਮਾਜ ਵੀਕਲੀ)
ਪੰਜਾਬ ਦੇ ਅੰਦਰ ਕਈ ਤਰ੍ਹਾਂ ਦੀਆਂ ਲੁੱਟਮਾਰ ਚੱਲਦੀ ਹੈ। ਇਹ ਲੁੱਟਮਾਰ ਸਮਾਜਿਕ, ਧਾਰਮਿਕ,ਆਰਥਿਕ ਤੇ ਰਾਜਨੀਤਿਕ ਦੇ ਹਰ ਖੇਤਰ ਵਿੱਚ ਸਦੀਆਂ ਤੋਂ ਪਨਪ ਰਹੀ ਹੈ। ਹਰ ਥਾਂ ਉਤੇ ਕੁੱਝ ਚੁਸਤ ਤੇ ਚਲਾਕ ਬੰਦੇ ਸਮਾਜ ਸੇਵਾ ਦੇ ਨਾਲ ਪਹਿਲਾਂ ” ਲੋਕ ਸੇਵਾ ” ਲਈ ਕਮੇਟੀ ਗਠਨ ਕਰਦੇ ਹਨ। ਫੇਰ ਵੱਖਰੀ ਤਰ੍ਹਾਂ ਦੇ ਕੈਪ ਲਗਾ ਕੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਸਮਾਜ ਸੇਵੀ ਹੋਣ ਦਾ ਦੰਭ ਰਚਦੇ ਹਨ।
ਹਰ ਤਿੱਥ ਤਿਉਹਾਰ ਦੇ ਉਪਰ ਕੋਈ ਮੁਫਤ ਕੈਪ ਲਗਾ ਕੇ ਲੋਕਾਂ ਵਿੱਚ ਆਪਣੇ ਆਪ ਨੂੰ ਸਮਾਜ ਸੇਵੀ ਅਖਵਾਉਣ ਦੀਆਂ ਕਹਾਣੀਆਂ ਫੈਲਾਉਦੇ ਹਨ ਤੇ ਦਾਨ ਕਰਨ ਵਾਲਿਆਂ ਨੂੰ ਮਗਰ ਲਗਾਉਦੇ ਹਨ। ਖੇਤਰ ਕੋਈ ਵੀ ਹੋਵੇ ਸਭ ਪਾਸੇ ਹੀ ਇਹਨਾਂ ਦਾ ਬੋਲਬਾਲਾ ਹੈ। ਸਿਹਤ, ਸਿੱਖਿਆ ਦੇ ਵਿੱਚ ਹੁਣ ਸੰਸਥਾਵਾਂ ਵੱਡੀਆਂ ਇਮਾਰਤਾਂ ਦੇ ਵਿੱਚ ਚੱਲ ਰਹੀਆਂ ਹਨ, ਇਹ ਸਭ ਲੋਕ ਸੇਵਾ ਦੇ ਨਾਲ ਸ਼ੁਰੂ ਹੋਈਆਂ ਜਦੋਂ ਕਾਰੋਬਾਰ ਚੱਲ ਗਿਆ ਫੇਰ ਸੇਵਾ ਦਾ ਰੂਪ ਬਦਲ ਗਿਆ ।
ਪਹਿਲਾਂ ਮੁਫਤ ਫੇਰ ਇਕ ਰੁਪਏ ਦੀ ਫੀਸ ਲੈ ਕੇ ਸਮਾਜ ਵਿੱਚ ਆਪਣੀ ਥਾਂ ਬਣਾਈ । ਹੁਣ ਤੁਸੀਂ ਸਭ ਦੇਖਦੇ ਹੀ ਸਗੋਂ ਆਪਣੇ ਪਿੰਡੇ ਉਤੇ ਸਭ ਜਰ ਰਹੇ ਹੋ। ਹੁਣ ਲੋਕ ਸੇਵਾ ਦੇ ਨਾਮ ਹੇਠਾਂ ਜਨਮੀਆਂ ਸਿਹਤ ਤੇ ਸਿੱਖਿਆ ਦੀਆਂ ਸੰਸਥਾਵਾਂ ਲੋਕਾਂ ਦੀ ਜਾਨ ਦਾ ਕਜੀਆ ਬਣ ਗਈਆਂ ਹਨ । ਇਨ੍ਹਾਂ ਦੇ ਮਾਲਕਾਂ ਦੀਆਂ ਜੜ੍ਹਾਂ ਸਿਆਸਤ ਦੇ ਵਿੱਚ ਹਨ। ਸਮਾਜ ਦੇ ਵਿੱਚ ਕੋਈ ਵੀ ਕਾਰੋਬਾਰ ਜੇ ਤੁਸੀਂ ਕਰਨਾ ਹੈ ਤਾਂ ਤੁਹਾਨੂੰ ਪ੍ਰਸਾਸ਼ਨ ਤੇ ਸਿਆਸੀ ਲੋਕਾਂ ਦੀ ਸਰਪ੍ਰਸਤੀ ਦੀ ਲੋੜ ਹੁੰਦੀ ਹੈ , ਜੇ ਨਹੀਂ ਤਾਂ ਤੁਸੀਂ ਆਪਣਾ ਕਾਰੋਬਾਰ ਨਹੀਂ ਕਰ ਸਕਦੇ ।
ਹੁਣ ਸਭ ਕੁੱਝ ਦਾ ਨਿੱਜੀਕਰਨ ਹੋਣ ਦੇ ਕਰਕੇ ਲੁੱਟਮਾਰ ਵੱਧ ਗਈ ਹੈ। ਦੇਸ਼ ਦੀ ਵੰਡ ਹੋਇਆ 74 ਸਾਲ ਹੋ ਗਏ। ਇਹਨਾਂ ਸੱਤ ਦਹਾਕਿਆਂ ਦੇ ਜੋ ਕੁੱਝ ਹੋਇਆ ਸਭ ਦਿਲ ਕੰਬਾਊ ਹੈ। ਹੁਣ ਤਾਂ ਹਰ ਪਾਸੇ ਹੀ ਲੁੱਟਮਾਰ ਵਧੀ ਹੈ। ਜਿਸਦਾ ਜਿਸ ਥਾਂ ਉਤੇ ਹੱਥ ਪੈਂਦਾ ਹੈ.ਉਹ ਆਪਣੀ ਲੁੱਟਮਾਰ ਕਰਦਾ ਹੈ।
ਹਰ ਕੋਈ ਦੂਜੇ ਦੇ ਮੋਢਿਆਂ ਦੇ ਉਪਰ ਬੰਦੂਕ ਰੱਖ ਕੇ ਆਪਣਾ ਮਕਸਦ ਪੂਰਾ ਕਰਦਾ ਹੈ। ਅੱਜਕੱਲ੍ਹ ਸਿਆਸਤ ਦੇ ਵਿੱਚ ਪ੍ਰਤੱਖ ਹੋ ਰਿਹਾ ਹੈ। ਹਾਲਤ ਦਿਨੋ ਦਿਨ ਪਤਲੀ ਹੋ ਰਹੀ ਹੈ।
ਕਿਹੜਾ ਕਿਸਦੇ ਵਾਸਤੇ ਕਾਰੋਬਾਰ ਕਰਦਾ ਹੈ ? ਪਹਿਲੀ ਨਜ਼ਰ ਪਤਾ ਨਹੀਂ ਲੱਗਦਾ ਪਰ ਜਦੋਂ ਪਤਾ ਲੱਗਦਾ ਹੈ ਲੋਕ ਹੱਥ ਮਲਦੇ ਤੇ ਸੋਚਦੇ ਹੀ ਰਹਿ ਜਾਂਦੇ ਹਨ। ਹੁਣ ਵੀ ਪੰਜਾਬ ਦੀ ਸਿਆਸਤ ਵਿੱਚ ਚੱਲ ਰਹੀ ਤਿਕੜਮਬਾਜ਼ੀ ਦੇ ਚਾਣਕਯ ਕੋਈ ਹੋਰ ਹਨ । ਮੰਚ ਉਤੇ ਪਾਤਰ ਕੋਈ ਹੋਰ ਹਨ ਪਰ ਉਨ੍ਹਾਂ ਦੀਆਂ ਵਾਗਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ। ਸਿਆਸਤ ਦੇ ਵਿੱਚ ਹੋ ਰਿਹਾ ਕੱਠਪੁਤਲੀ ਨਾਚ ਦਾ ਅਸਲੀ ਸੱਚ ਭਵਿੱਖ ਦੇ ਗਰਭ ਵਿੱਚ ਹੈ।
ਚਿਹਰੇ ਵਰਤੇ ਜਾ ਰਹੇ ਹਨ। ਜਾਤ ਤੇ ਊਚ ਨੀਚ ਦਾ ਕੋਹੜ ਜ਼ੋਰਦਾਰ ਢੰਗ ਨਾਲ ਫੈਲਾਇਆ ਜਾ ਰਿਹਾ ਹੈ। ਸਭ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਤੇਰੀ ਥਾਂ ਕੀ ਹੈ ? ਜਾਤ ਦਾ ਕੋਹੜ ਪੰਜਾਬ ਦੀਆਂ ਰਗਾਂ ਦੇ ਵਿੱਚ ਤਾਂ ਸਦੀਆਂ ਤੇ ਯੁੱਗਾਂ ਤੋਂ ਹੈ। ਮੌਕਾ ਪ੍ਰਸਤ ਇਸਨੂੰ ਮੌਕੇ ਅਨੁਸਾਰ ਵਰਤਦੇ ਹਨ। ਚੋਣਾਂ ਦੇ ਦਿਨੀਂ ਕੀੜੀ ਦੇ ਘਰ ਨਰੈਣ ਆਉਦੇ ਹਨ। ਕੀੜੀਆਂ ਤੇ ਕੀੜਿਆਂ ਦੇ ਨਾਲ ਰਲ ਕੇ ਭੋਜਨ ਛਕਦੇ ਹਨ ਤੇ ਉਨ੍ਹਾਂ ਦੇ ਚਰਨ ਛੂਹਦੇ ਹਨ। ਮੁਸ਼ਕਿਲ ਵਿੱਚ ਗਧੇ ਨੂੰ ਬਾਪ ਬਣਾਉਣਾ ਆਮ ਗੱਲ ਹੈ।
ਸਿਆਸਤ ਦੇ ਵਿੱਚ ਇਹ ਆਮ ਹੈ। ਕਿਸੇ ਦਾ ਕਿਸੇ ਦੇ ਉਪਰ ਕੋਈ ਭਰੋਸਾ ਨਹੀਂ । ਹਰ ਕੋਈ ਆਪਣਾ ਕਾਰੋਬਾਰ ਦੇਖਦਾ ਹੈ। ਕਿਸ ਨੂੰ ਗਲੇ ਲਗਾਉਣਾ ਤੇ ਕਿਸਦਾ ਗਲਾ ਘੁੱਟਣਾ ਹੈ…ਮੌਕੇ ਉਤੇ ਹੀ ਫੈਸਲਾ ਹੁੰਦਾ ਹੈ।ਮਾਸਟਰ ਤਰਲੋਚਨ ਦਾ ਗੀਤ ਹੈ…” ਲੀਡਰ ਬਣ ਜਾ ਯਾਰ ਸਲਾਮਾਂ ਹੋਣਗੀਆਂ ।”
ਸਮਾਜ ਹਰ ਚੜ੍ਹਦੇ ਸੂਰਜ ਨੂੰ ਸਲਾਮ ਕਰਦਾ ਹੈ । ਸਮਾਜ ਵਿੱਚ ਲਿਆਕਤ ਦਾ ਨਹੀਂ ਜਾਤ ਤੇ ਕਾਰੋਬਾਰ ਦਾ ਮੁੱਲ ਹੈ । ਮੁੱਲ ਕੁੱਝ ਵੀ ਖਰੀਦਿਆ ਜਾ ਸਕਦਾ ਹੈ। ਸਮਾਜ ਵਿੱਚ ਹਰ ਕੋਈ ਮੰਡੀ ਦੀ ਜਿਣਸ ਬਣ ਗਿਆ ਹੈ।
ਹੁਣ ਲੋਕਾਂ ਦੀਆਂ ਭਾਵਨਾਵਾਂ ਤੋਂ ਲੈ ਕੇ ਜਿਸਮ ਵੇਚਣ ਤੇ ਖਰੀਦਣ ਦਾ ਕਾਰੋਬਾਰ ਸਿਖਰ ਉਪਰ ਹੈ। ਧਰਮ ਵਾਲੇ ਧਰਮ ਵੇਚਦੇ.ਬੇਸ਼ਰਮ ਸ਼ਰਮ ਵੇਚਦੇ ਹਨ। ਹੁਣ ਮਨੁੱਖ ਨਹੀਂ ਵਿਕਦੇ ਜਿਣਸ ਵਿਕਦੀ ਹੈ। ਵੇਚਣ ਵਾਲੇ ਤੇ ਖਰੀਦਣ ਵਾਲੇ ਕੋਈ ਹੋਰ ਹਨ। ਲੋਕਾਂ ਦੀਆਂ ਭਾਵਨਾਵਾਂ ਨੂੰ ਵੇਚਣਾ ਕਦੋਂ ਤੇ ਕਿਥੇ ਹੈ ਪਤਾ ਨਹੀ ਹੁੰਦਾ । ਇਹਨਾਂ ਭਾਵਨਾਵਾਂ ਨੂੰ ਭੜਕਾਉਣਾ ਕਦੋਂ ਹੈ ਸਭ ਸਿਆਸਤ ਜਾਣਦੀ ਹੈ। ਲੋਕਾਂ ਦੀਆਂ ਭਾਵਨਾਵਾਂ ਬਹੁਤ ਕੋਮਲ ਹਨ ਤੇ ਕਾਰੋਬਾਰੀ ਬਹੁਤ ਸਖਤ ਹਨ ਤੇ ਖਮਿਆਜਾ ਲੋਕ ਭੁਗਤਦੇ ਹਨ। ਹਰ ਵਾਰ ਭਾਵਨਾਵਾਂ ਤੇ ਦੇਹਾਂ ਦੇ ਕਤਲੇਆਮ ਤੋਂ ਬਾਅਦ ਅਮਨ ਤੇ ਸ਼ਾਂਤੀ ਦਾ ਭਰਾਤਰੀ ਦਾ ਕਾਰੋਬਾਰ ਹੁੰਦਾ ਹੈ।
ਕਤਲੇਆਮ ਤੋਂ ਬਾਅਦ ਭਾਈਚਾਰੇ ਨੂੰ ਮਜ਼ਬੂਤ ਰੱਖਣ ਦਾ ਪਾਠ ਕਰਵਾਇਆ ਜਾਂਦਾ ਹੈ। ਸਾਂਝ ਦੇ ਦੀਵੇ ਜਗਾਏ ਜਾਂਦੇ ਹਨ। ਸਭ ਇਕ ਹੀ ਹਨ ਦਾ ਸਬਕ ਦੁਰਹਾਇਆ ਜਾਂਦਾ ਹੈ। ਇਹ ਕਾਰੋਬਾਰ ਵੀ ਦਹਾਕਿਆਂ ਤੇ ਸਦੀਆਂ ਤੋਂ ਚੱਲ ਰਿਹਾ ਹੈ। ਲੋਕ ਹਰ ਵਾਰ ਮੂਰਖ ਬਣਦੇ ਹਨ ਤੇ ਬਣਦੇ ਰਹਿਣਗੇ । ਲੋਕਾਂ ਦੇ ਕੋਲ ਅਕਲ ਦਾ ਖਾਨਾ ਨਹੀ ਜੇ ਕਿਸੇ ਨੇ ਹਾਸਲ ਕਰ ਲਿਆ ਤਾਂ ਉਸਦੇ ਵਿੱਚ ਧਰਮ ਤੇ ਹੰਕਾਰ ਦਾ ਭਰਤ ਪਾ ਕੇ ਉਸਨੂੰ ਬਰਾਬਰ ਕੀਤਾ ਜਾਂਦਾ ਹੈ। ਲੁੱਟਮਾਰ ਦਾ ਕਾਰੋਬਾਰ ਹੁਣ ਚਰਮਸੀਮਾ ਉਪਰ ਹੈ। ਇਹ ਉਸ ਵੇਲੇ ਤੱਕ ਹੁੰਦਾ ਰਹੇਗਾ ਜਦੋਂ ਤੱਕ ਅਸੀਂ ਆਪਣਾ ਮੂਲਿ ਨਹੀਂ ਪਛਾਣ ਦੇ। ਗੁਰੂ ਸਾਹਿਬ ਨੇ ਆਖਿਆ ਸੀ ਕਿ….” ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲਿ ਪਛਾਣੁ ॥
ਗੁਰੂ ਜੀ ਹੁਕਮ ਮੰਨ ਕੇ ਕਿਸਨੇ ਕਦ ਤੇ ਕਦੋਂ ਆਪਣਾ ਪਛਾਣਿਆ ਹੈ ? ਜੇ ਲੋਕਾਂ ਨੇ ਆਪਣਾ ਮੂਲਿ ਪਛਾਣਿਆ ਹੁੰਦਾ ਤਾਂ ਇਹ ਕੁੱਝ ਨਹੀਂ ਸੀ ਹੋਣਾ ਜੋ ਹੋ ਰਿਹਾ ਹੈ। ਮੱਛੀਆਂ ਪੱਥਰ ਚੱਟਣ ਜਾ ਰਹੀਆਂ ਹਨ ਪਰ ਵਾਪਸ ਨਹੀਂ ਪਰਤ ਦੀਆਂ । ਇਹ ਮੱਛੀਆਂ ਕਦ ਵਾਪਸ ਪਰਤਣਗੀਆਂ
ਬੁੱਧ ਸਿੰਘ ਨੀਲੋਂ
9464370823
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly