(ਸਮਾਜ ਵੀਕਲੀ): ਕੁਲਦੀਪ ਕੁਮਾਰ ( ਉਮਰ 60 ਸਾਲ) ਫਿਰੋਜ਼ਪੁਰ ਜ਼ਿਲ੍ਹੇ ‘ਚ ਪੈਂਦੇ ਪਿੰਡ ਤਲਵੰਡੀ ਭਾਈ ਦੇ ਇੱਕ ਖੁਸ਼ਹਾਲ ਪਰਿਵਾਰ ਵਿੱਚ ਜੰਮਿਆ ਪਲਿਆ, ਹੱਸਿਆ ਖੇਡਿਆ।ਕੁਲਦੀਪ ਕੁਮਾਰ ਦੀਆਂ ਦੋ ਭੈਣਾ, ਇੱਕ ਭਰਾ, ਭਤੀਜੇ, ਭਾਣਜੇ ਸਾਰੇ ਹੀ ਬਾਹਰਲੇ ਮੁਲਕਾਂ ‘ਚ ਸੈੱਟ ਹੋ ਗਏ। ਕੁਲਦੀਪ ਕੁਮਾਰ ਦਾ ਆਪਣਾ ਕੋਈ ਘਰ-ਬਾਰ ਜਾਂ ਪਰਿਵਾਰ ਨਾ ਹੋਣ ਕਰਕੇ ਆਪਣੇ ਭਰਾ ਦੇ ਮਕਾਨ ‘ਚ ਇੱਕ ਕਮਰੇ ‘ਚ ਰਹਿੰਦਾ ਸੀ। ਦਿਮਾਗੀ ਸੰਤੁਲਨ ਠਕਿ ਨਾ ਹੋਣ ਕਰਕੇ ਉਹ ਘਰ ਤੋਂ ਬਾਹਰ ਰਾਸਤਿਆਂ ਵਿਚਲਾ ਕੂੜਾ-ਕਰਕਟ ਚੁੱਕ ਕੇ ਘਰ ਲੈ ਆਉਦਾ ਅਤੇ ਉਸਦੇ ਢੇਰ ਘਰ ਦੇ ਵਿਹੜੇ ਵਿੱਚ ਲਗਾਈ ਜਾਂਦਾ ਸੀ। ਉਸਨੇ ਆਪਣੇ ਕਮਰੇ ਵਿਚਲੇ ਸਮਾਨ (ਕੱਪੜੇ, ਕੂਲਰ, ਮੋਟਰਸਾਇਕਲ, ਦਰਵਾਜ਼ੇ-ਖਿੜਕੀਆਂ, ਟੂਟੀਆਂ, ਮੰਜ਼ੇ, ਕੁਰਸੀਆਂ) ਦੀ ਤੋੜ ਭੰਨ ਕਰਕੇ ਵਿਹੜੇ ਵਿੱਚ ਖਿਲਾਰਿਆ ਪਿਆ ਸੀ।ਇੱਕ ਤਰ੍ਹਾਂ ਦੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ।
ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਕ ਇਹ ਕਈ ਸਾਲਾਂ ਤੋਂ ਦਿਨ ਰਾਤ-ਗਲੀਆਂ ਵਿੱਚ ਘੁੰਮਦਾ ਰਹਿੰਦਾ ਸੀ। ਜੇਕਰ ਕੋਈ ਤਰਸ ਖਾ ਕੇ ਖਾਣ ਨੂੰ ਕੁੱਝ ਦੇ ਦਿੰਦਾ ਤਾਂ ਕਈ ਵਾਰ ਖਾ ਲਂੈਦਾ ਸੀ ਨਹੀ ਤਾਂ ਸੁੱਟ ਵੀ ਦਿੰਦਾ ਸੀ। ਨਾ ਹੀ ਇਸਨੂੰ ਕੱਪੜੇ ਪਾਉਣ ਦੀ ਕੋਈ ਸੁੱਧ-ਬੁੱਧ ਸੀ। ਉੱਪਰ ਟੀ-ਸ਼ਰਟ ਅਤੇ ਨੀਚੇ ਜਨਾਨਾ ਸਲਵਾਰ ਪਾ ਕੇ ਲਵਾਰਸਾਂ ਦੀ ਤਰ੍ਹਾਂ ਘੁੰਮਦਾ ਰਹਿੰਦਾ ਸੀ। ਹੱਥਾਂ-ਪੈਰਾਂ ਦੇ ਵਧੇ ਹੋਏ ਨਹੁੰ, ਖਿਲਰੇ ਵਾਲ, ਮੈਲੇ-ਕੁਚੈਲੇ ਕੱਪੜੇ, ਪੈਰੋਂ ਨੰਗਾ, ਨਾਹੀ ਇਸ ਨੂੰ ਗਰਮੀ-ਸਰਦੀ ਦਾ ਪਤਾ ਲਗਦਾ ਸੀ। ਇੱਕ ਦਿਨ ਕਿਸੇ ਭਲੇ ਪੁਰਸ਼ ਨੇ ਤਰਸ ਖਾ ਕੇ ਫਿਰੋਜ਼ਪੁਰ ਸਥਿੱਤ ਭਗਤ ਪੂਰਨ ਸਿੰਘ ਸੁਸਾਇਟੀ ਨਾਲ ਸੰਪਰਕ ਕੀਤਾ ਤਾਂ ਕਿ ਇਸਨੂੰ ਕਿਸੇ ਆਸ਼ਰਮ ਵਿੱਚ ਛੱਡ ਦਿੱਤਾ ਜਾਵੇ। ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਇਸਨੂੰ 3 ਮਈ ਨੂੰ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਛੱਡ ਦਿੱਤਾ ਗਿਆ ਹੈ। ਕੁਲਦੀਪ ਕੁਮਾਰ ਆਸ਼ਰਮ ਵਿੱਚ ਆ ਕੇ ਬਹੁਤ ਖੁਸ਼ ਹੈ । ਦੋ ਦਿਨਾਂ ਦੀ ਸੰਭਾਲ ਨਾਲ ਹੀ ਇਸਦੀ ਹਾਲਤ ਬਦਲ ਗਈ ਹੈ। ਉਮੀਦ ਹੈ ਕਿ ਦਿਮਾਗੀ ਇਲਾਜ ਹੋਣ ਨਾਲ ਇਹ ਵੀ ਚੰਗੇ-ਭਲੇ ਵਿਅਕਤੀਆਂ ਦੀ ਤਰ੍ਹਾਂ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕੇਗਾ।
ਇਸ ਸੰਸਥਾ ਦੇ ਬਾਨੀ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਦੋ ਸੌ(200) ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆ ਨਾਲ ਪੀੜਤ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਮਰੀਜ਼ ਪੂਰੀ ਤਰਾਂ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਸੰਪਰਕ: ਆਸ਼ਰਮ: 95018-42505; ਡਾ. ਨੌਰੰਗ ਸਿੰਘ ਮਾਂਗਟ: 95018-42506; ਕੈਨੇਡਾ: 403-401-8787 ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly