ਲੋਕ ਸਭਾ ਸਪੀਕਰ ਵੱਲੋਂ ਬਜਟ ਇਜਲਾਸ ਦੀਆਂ ਤਿਆਰੀਆਂ ਦਾ ਜਾਇਜ਼ਾ

ਨਵੀਂ ਦਿੱਲੀ(ਸਮਾਜ ਵੀਕਲੀ): ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸੰਸਦ ਭਵਨ ’ਚ ਵੱਖ ਵੱਖ ਸਹੂਲਤਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਲੋਕ ਸਭਾ ਚੈਂਬਰ, ਕੇਂਦਰੀ ਹਾਲ ਅਤੇ ਹੋਰ ਥਾਵਾਂ ਦਾ ਦੌਰਾ ਕੀਤਾ। ਸਪੀਕਰ ਨੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਤਹਿਤ ਬਜਟ ਇਜਲਾਸ ਦੌਰਾਨ ਸੰਸਦ ਮੈਂਬਰਾਂ, ਅਧਿਕਾਰੀਆਂ ਅਤੇ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਸ੍ਰੀ ਬਿਰਲਾ ਨੂੰ ਸੰਸਦ ਭਵਨ ’ਚ ਕੋਵਿਡ ਪ੍ਰੋਟੋਕੋਲ ਨੇਮਾਂ ਦੀ  ਪਾਲਣਾ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੂੰ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਦੀ ਪ੍ਰਗਤੀ ਬਾਰੇ ਵੀ ਦੱਸਿਆ ਗਿਆ। ਸਪੀਕਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਸਦ ਭਵਨ ਦੀ ਮੁਰੰਮਤ ਦਾ ਕੰਮ ਕਰਵਾਉਂਦੇ ਰਹਿਣ ਅਤੇ ਜ਼ੋਰ ਦਿੱਤਾ ਕਿ ਸਹੂਲਤਾਂ ਦੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਇਸ ’ਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਲੋਕ ਸਭਾ ਅਤੇ ਰਾਜ ਸਭਾ ਚੈਂਬਰਾਂ ’ਚ ਢੁੱਕਵੇਂ ਸੁਰੱਖਿਆ ਉਪਰਾਲਿਆਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਦੌਰੇ ਸਮੇਂ ਬਿਰਲਾ ਨੇ ਮੀਡੀਆ ਸਟੈਂਡਾਂ, ਲਾਬੀਆਂ ਅਤੇ ਕੇਂਦਰੀ ਹਾਲ ’ਚ ਵਧੇਰੇ ਸਫ਼ਾਈ ’ਤੇ ਜ਼ੋਰ ਦਿੱਤਾ। ਸੰਸਦ ਦਾ ਬਜਟ ਇਜਲਾਸ ਦੋ ਸ਼ਿਫ਼ਟਾਂ ’ਚ ਹੋਵੇਗਾ ਜਿਸ ਤਹਿਤ ਰਾਜ ਸਭਾ ਸਵੇਰੇ ਅਤੇ ਲੋਕ ਸਭਾ ਸ਼ਾਮ ਨੂੰ ਜੁੜਿਆ ਕਰੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਜਟ ਇਜਲਾਸ: ਕਿਸਾਨੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਸਰਹੱਦੀ ਿਵਵਾਦ ਦੇ ਮੁੱਦੇ ਉਠਾਏਗੀ ਕਾਂਗਰਸ
Next articleਰਵਾਇਤੀ ਪਾਰਟੀਆਂ ਦੀ ਥਾਂ ‘ਆਪ’ ਨੂੰ ਮੌਕਾ ਦੇਣਗੇ ਲੋਕ: ਚੱਢਾ