ਮਨਰੇਗਾ ਬਚਾਓ ਮੁਹਿੰਮ ਰੈਲੀ: ਮਹਿਲ ਕਲਾਂ ਤੋਂ ਵੱਡੇ ਕਾਫ਼ਲੇ ਨਾਲ ਕਾਂਗਰਸੀ ਵਰਕਰ ਰਵਾਨਾ
ਮਹਿਲ ਕਲਾਂ (ਸਮਾਜ ਵੀਕਲੀ) ਗੁਰਭਿੰਦਰ ਗੁਰੀ – 10 ਜਨਵਰੀ ਨੂੰ ਕਰਵਾਈ ਗਈ “ਮਨਰੇਗਾ ਬਚਾਓ ਮੁਹਿੰਮ” ਰੈਲੀ ਨੂੰ ਕਾਮਯਾਬ ਬਣਾਉਣ ਲਈ ਹਲਕਾ ਮਹਿਲ ਕਲਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ। ਮੁੱਖ ਦਫ਼ਤਰ ਮਹਿਲ ਕਲਾਂ ਤੋਂ ਬੱਸਾਂ ਤੇ ਗੱਡੀਆਂ ਦੇ ਇੱਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਕਾਂਗਰਸੀ ਵਰਕਰ ਰੈਲੀ ਲਈ ਰਵਾਨਾ ਹੋਏ। ਵਰਕਰਾਂ ਦੇ ਇਸ ਵਿਸ਼ਾਲ ਇਕੱਠ ਨੇ ਇਹ ਸਾਫ਼ ਸੰਕੇਤ ਦਿੱਤਾ ਕਿ ਹਲਕੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਿਲ ਕਲਾਂ ਦੀ ਸੀਟ ਕਾਂਗਰਸ ਦੀ ਝੋਲੀ ਪਾਉਣ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਰੈਲੀ ਦੀ ਕਾਮਯਾਬੀ ਲਈ ਸਹਿਯੋਗ ਕਰਨ ਵਾਲੇ ਸਾਰੇ ਵੀਰ-ਭੈਣਾਂ ਅਤੇ ਬਜ਼ੁਰਗਾਂ ਦਾ ਧੰਨਵਾਦ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਥੋੜ੍ਹੇ ਜਿਹੇ ਸੱਦੇ ’ਤੇ ਭਾਰੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਪਾਰਟੀ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਲੋਕਾਂ ਨੇ ਜਿਹੜੀਆਂ ਉਮੀਦਾਂ ਕਾਂਗਰਸ ਨਾਲ ਜੋੜੀਆਂ ਹਨ, ਉਨ੍ਹਾਂ ’ਤੇ ਖਰਾ ਉਤਰਣ ਲਈ ਪਾਰਟੀ ਪੂਰੀ ਜਿੰਦ-ਜਾਨ ਨਾਲ ਕੋਸ਼ਿਸ਼ ਕਰੇਗੀ।
ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਮਨਰੇਗਾ ਵਰਗੀਆਂ ਲੋਕ-ਹਿਤੈਸ਼ੀ ਯੋਜਨਾਵਾਂ ਦੀ ਰੱਖਿਆ ਅਤੇ ਮਜ਼ਦੂਰ ਵਰਗ ਦੇ ਹੱਕਾਂ ਲਈ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਲੜਾਈ ਲੜਦੀ ਰਹੇਗੀ।
ਰੈਲੀ ਦੌਰਾਨ ਵਰਕਰਾਂ ਵਿੱਚ ਜੋਸ਼ ਅਤੇ ਉਤਸ਼ਾਹ ਸਪਸ਼ਟ ਨਜ਼ਰ ਆਇਆ, ਜਿਸ ਨਾਲ ਇਹ ਭਰੋਸਾ ਹੋਰ ਮਜ਼ਬੂਤ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਹਲਕਾ ਮਹਿਲ ਕਲਾਂ ਵਿੱਚ ਕਾਂਗਰਸ ਦੀ ਸਿਆਸੀ ਪਕੜ ਹੋਰ ਮਜ਼ਬੂਤ ਹੋਵੇਗੀ।




