ਲੋਹੜੀ ਦਾ ਤਿਉਹਾਰ

 ਅਮਰਜੀਤ ਸਿੰਘ ਜੀਤ

(ਸਮਾਜ ਵੀਕਲੀ) 

ਪੋਹ ਦੇ  ਅਖੀਰ  ਆਉਂਦਾ  ਲੋਹੜੀ ਦਾ ਤਿਉਹਾਰ ,

ਮਘ    ਉੱਠੇ    ਦਿਲ   ਵਿੱਚ  ਚਾਅ  ‘ਤੇ  ਮਲਾਰ।
ਆਉ  ਸਾਰੇ  ਰਲ-ਮਿਲ  ਐਸੀ   ਲੋਹੜੀ ਪਾਈਏ,
ਲਾ ਕੇ ਮੋਹ ਦੀ ਚਿਣਗ ਭਲਾ ਸਭ ਦਾ  ਮਨਾਈਏ।
ਪੋਹ  ਦੇ  ਮਹੀਨੇ  ਨਾ  ਕੋਈ  ਆਰੰਭੇ  ਨਵਾਂ  ਕਾਜ਼ ,
ਲੋਹੜੀ  ਹੀ  ਤਾਂ ਕਰੇ  ਸ਼ੁੱਭ ਮਹੂਰਤਾਂ ਦਾ ਆਗਾਜ਼ ।
ਛੱਡ   ਸਰਦ  ਖਿਆਲ  ਨਿੱਘੇ  ਸੁਪਨੇ  ਸਜਾਈਏ , , ,
ਟੋਲੀਆਂ   ਬਣਾ   ਕੇ   ਲੋਹੜੀ  ਮੰਗਦੇ  ਨਿਆਣੇ ,
ਗੱਚਕਾਂ  ,  ਰਿਉੜੀਆਂ ,  ਮੱਕੀ  ਦੇ  ਖਿੱਲ  ਦਾਣੇ ।
ਚਿੱਤ     ਕਰੇ    ਬਚਪਨਾ   ਮੁੜ   ਕੇ   ਹੰਢਾਈਏ , , , ,
ਫੱਬੇ ਸੱਜ-ਵਿਆਹੀ ਨਾਰ ਮਾਹੀ ਸੰਗ ਪਹਿਲੀ ਲੋਹੜੀ ,
ਲਿਖੇ  ਧੁਰੋਂ  ਸੰਯੋਗ  ਤਾਹੀਓਂ  ਬਣੀ ਸੋਹਣੀ  ਜੋੜੀ ।
ਲੇਖ  ਲਿਖਣ  ਵਾਲੇ  ਤੋਂ ਯਾਰੋ ਵਾਰੇ  ਵਾਰੇ  ਜਾਈਏ , , ,
ਪਹਿਲੀ  ਬੱਚੇ ਦੀ ਜੋ ਲੋਹੜੀ ਚੜ੍ਹੇ ਬਾਪੂ ਤਾਈਂ ਲੋਰ ,
ਮਿਲੀ  ਮਨ  ਦੀ  ਮੁਰਾਦ  ਚੱਲੇ ਖੁਸ਼ੀਆਂ  ਦਾ ਦੌਰ ।
ਹੋ  ਕੇ  ਖੁਸ਼ੀ  ਵਿੱਚ  ਖੀਵੇ ਆਉ ਜਾਮ  ਟਕਰਾਈਏ  , , ,
ਧੁੰਦ  ਅਤੇ  ਕੋਹਰਾ  ਕਦੇ  ਵਿਹੜਾ  ਕੋਈ  ਮੱਲੇ ਨਾ ,
ਹਨੇਰੇ  ‘ ਤੇ  ਵਿਛੋੜੇ  ਵਾਲਾ  ਦੁੱਖ  ਕੋਈ  ਝੱਲੇ  ਨਾ ।
ਜੜ੍ਹੋਂ  ਪੁੱਟ ਕੇ  ਦਲਿੱਦਰ  ਨੂੰ  ‘ਜੀਤ’  ਚੁੱਲ੍ਹੇ  ਡਾਹੀਏ  , , ,
ਆਉ  ਸਾਰੇ   ਰਲ-ਮਿਲ  ਐਸੀ  ਲੋਹੜੀ  ਪਾਈਏ ,
ਲਾ ਕੇ ਮੋਹ ਦੀ  ਚਿਣਗ  ਭਲਾ ਸਭ ਦਾ ਮਨਾਈਏ ।
 ਅਮਰਜੀਤ ਸਿੰਘ ਜੀਤ
Previous articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਲੋਹੜੀ ਦਾ ਤਿਉਹਾਰ ਮਨਾਇਆ
Next articleਗਾਇਕਾ ਸੀਮਾ ਅਣਜਾਣ “ਮੇਰੀ ਇੱਕ ਆਸ ਗੁਰੂ ਰਵਿਦਾਸ” ਟ੍ਰੈਕ ਨਾਲ ਸੰਗਤ ਦੇ ਵਿੱਚ ਭਰ ਰਹੀ ਹੈ ਹਾਜਰੀ – ਰਾਮ ਭੋਗਪੁਰੀਆ