**ਲੋਗੜੀ ਦੇ ਫੁੱਲ****

(ਸਮਾਜ ਵੀਕਲੀ)
ਵਾਂਸਾਂ ਦਿਆਂ ਫੁੱਲਾਂ ਨਾਲ਼
ਰੱਖੀ ਸੀ ਸਜਾ ਕੇ ਮੈਂ ਤਾਂ
ਵਾਂਸਾਂ ਦੀਆਂ ਤੀਲ੍ਹਾਂ ਦੀ ਚੰਗੇਰ ਵੇ
ਸੁਰਮੇ ਦਾ ਰੰਗ ਮੇਰੇ
ਨੈਣਾਂ ਦੇ ਆਕਾਸ਼ ਵਿੱਚੋਂ
ਡੁੱਲ੍ਹਿਆ ਏ ਅੱਜ ਪਹਿਲੀ ਵੇਰ ਵੇ
ਘਰਾਂ ਦੀਆਂ ਬਾਰੀਆਂ
ਗੁਲਾਬੀ ਤੇ ਉਨਾਭੀ ਜਹੀਆਂ
ਬੂਹੇ ਅਸਮਾਨੀ ਨੀਲੇ ਰੰਗ ਦੇ,
ਤੂਤਾਂ ਦੀਆਂ ਨਿੱਕੀਆਂ
ਕਰੂੰਬਲਾਂ ਝੁਕਾਅ ਕੇ ਧੌਣਾਂ
ਚੁੰਮਣ ਲਏ ਸੀ ਮੇਰੀ ਵੰਗ ਦੇ
ਦੁਖ-ਸੁਖ ਫੋਲਦੀਆਂ
ਪੱਤੀਆਂ ਸਰੀਂਹ ਦੀਆਂ
ਡੋਲਦਾ ਸੁਹਾਂਝਣੇ ਦਾ ਚਿੱਤ ਵੇ,
ਗ਼ਮਾਂ ਦਿਆਂ ਮਹਿਲਾਂ ਵਿੱਚ
ਰੂਹਾਂ ਦਿਆ ਰਾਜਿਆ ਵੇ
ਕੌਣ ਸਾਡਾ ਗੋਲੀਆਂ ਦਾ ਮਿੱਤ ਵੇ
ਮੇਲਿਆਂ ਦਾ ਗੀਤ ਜੋ
ਉਤਾਰਿਆ ਸੀ ਅੰਬਰਾਂ ਤੋਂ
ਕਿਹੜੀਆਂ ਕਿਤਾਬਾਂ ਵਿੱਚ ਲਿਖਿਆ?
ਸੱਜਰੇ ਗੁਲਾਬਾਂ ਕੋਲੋਂ
ਦੂਰ-ਦੂਰ ਰਹਿਣ ਲੱਗੇ
ਰੁੱਸਣਾ ਭੌਰਾਂ ਨੇ ਕਿੱਥੋਂ ਸਿਖਿਆ
ਚਿੜੀਆਂ ਦੀ ਚੂਕ ਤੇ
ਮੁਹੱਬਤਾਂ ਦੀ ਵਾਸ਼ਨਾ ਤੋਂ
ਮੰਹਿਗੀਆਂ ਨੇ ਦੱਸ ਚੀਜਾਂ ਕਿਹੜੀਆਂ?
ਮੱਲੋ-ਮੱਲੀ ਉੱਗਿਆ ਏ
ਘਾਹ ਤੇਰੇ ਹਿਜਰਾਂ ਦਾ
ਅਸੀਂ ਕਿਹੜਾ ਯਾਰੀਆਂ ਸਹੇੜੀਆਂ
ਗਿੱਠ-ਗਿੱਠ ਰੂਪ ਸਾਡੇ
ਅੱਕ ਦਿਆਂ ਬੂਟਿਆਂ ‘ਤੇ
ਚੱਪਾ-ਚੱਪਾ ਲਾਲੀ ਦਿੱਸੇ ਥੋਹਰ ਦੀ
ਬਿੰਦ-ਬਿੰਦ ਰੂਹ ਨੂੰ
ਵੈਰਾਗ਼ ਜਿਹਾ ਖਾਈ ਜਾਵੇ
ਵੇਖ ਕੇ ਉਦਾਸ ਅੱਖ ਮੋਰ ਦੀ
ਰੱਜ-ਰੱਜ ਰੋਏ ਅਸੀਂ
ਖੇੜਿਆਂ ਨੂੰ ਜਾਣ ਲੱਗੇ
ਪੀੜਾਂ ਸਾਥੋਂ ਝੱਲੀਆਂ ਨਾ ਜਾਂਦੀਆਂ,
ਹਿਜਰਾਂ ਨੇ ਖੋਲ੍ਹੇ ਜਦੋਂ
ਮੀਢੀਆਂ ‘ਚੋਂ ਵਲ਼ ਸਾਡੇ
ਵਾਲ਼ਾਂ ਵਿੱਚੋਂ ਡਿੱਗੀਆਂ ਪਰਾਂਦੀਆਂ
ਕੋਲ਼ੋਂ ਹੋ ਕੇ ਲੰਘਿਆ ਈ
ਮੋਢੇ ਨਾਲ ਮੋਢਾ ਲਾ ਕੇ
ਚਾਂਦੀ ਦਿਆਂ ਕੰਙਣਾਂ ਦਾ ਸ਼ੋਰ ਵੇ,
ਮੋੜ ਕੇ ਲਿਆਵੇ ਕਿਹੜਾ
ਸਾਡਿਆਂ ਸ਼ਿੰਗਾਰਾਂ ਵਿਚ
ਲੋਗੜੀ ਦੇ ਫੁੱਲਾਂ ਵਾਲਾ ਦੌਰ ਵੇ
ਯਾਦਾਂ ਨਸ਼ਿਆ ਦਿੰਦਾ
ਨਿੱਘੀ – ਨਿੱਘੀ ਰੁੱਤ ਵਿਚ
ਡੇਕਾਂ ਦਿਆਂ ਫੁੱਲਾਂ ਵਾਲਾ ਮੋਹ ਵੇ,
ਜਿਵੇਂ-ਜਿਵੇਂ ਢਲ਼ਦੀ
ਦੁਪਹਿਰ ਜਾਵੇ ਹੁਸਨਾਂ ਦੀ
ਪੈਂਦੀ ਸਾਡੇ ਕਾਲ਼ਜੇ ਨੂੰ ਖੋਹ ਵੇ
ਹਾਸੇ ਗੁਲਮੋਹਰਾਂ ਜਿਹੇ
ਤਿਤਲੀ ਦੇ ਖੰਭਾਂ ਉੱਤੇ
ਬੈਠ ਕਿਤੇ ਉੱਡ-ਪੁੱਡ ਗਏ ਵੇ,
ਸੁਪਨੇ ਸੰਧੂਰੀ ਸੀ ਜੋ
ਬਣ ਕੇ ਸ਼ਰੀਕ ਸਾਰੇ
ਰਾਹ ਸਾਡੇ ਹੰਝੂਆਂ ਦੇ ਪਏ ਵੇ
ਜੰਮਦਿਆਂ ਰੂਹ ਨੂੰ
ਵੈਰਾਗ਼ ਐਸਾ ਲੱਗਾ
ਨਾਲ਼ ਹੌਕੇ ਦੇ ਤਿੜਕ ਗਿਆ ਬੁੱਤ ਵੇ,
ਸਿਰ ਦਾ ਬਣਾਉਂਦੇ ਕਦੋਂ?
ਤਾਜ ਸਾਨੂੰ ਬਾਂਦੀਆਂ ਨੂੰ
ਤੇਰੇ ਜਹੇ ਰਾਜਿਆਂ ਦੇ ਪੁੱਤ ਵੇ
ਸਵਾਦ ਸਾਰੇ ਭੁੱਲਣੇ ਨੂੰ
ਛਿੱਲੜਾਂ ਫ਼ਲਾਅ ਦੀਆਂ
ਦੰਦਾਂ ਥੱਲੇ ਰੱਖੀਆਂ ਤੇ ਚਿੱਥੀਆਂ
ਮੌਤਾਂ ਤੇ ਮੁਹੱਬਤਾਂ ‘ਚ
ਭੇਦ ਨਹੀਂਓਂ ਹੁੰਦਾ
ਜਾਣ ਉਪਰੋਂ ਤਰੀਕਾਂ ਦੋਵੇਂ ਮਿੱਥੀਆਂ
~ ਰਿਤੂ ਵਾਸੂਦੇਵ
Previous articleਚਾਹ ਦੀ ਚਾਅ।
Next articleਆਪੋ ਆਪਣੀ ਚਾਹਤ