(ਸਮਾਜ ਵੀਕਲੀ) ਅੱਜ ਐਤਵਾਰ ਦਾ ਦਿਨ ਹੈ। ਐਤਵਾਰ ਵਾਲੇ ਦਿਨ ਅਖਬਾਰਾਂ ਵਾਲਾ ਦਸ ਵਜੇ ਤੋਂ ਬਾਅਦ ਹੀ ਆਉਂਦਾ ਹੈ। ਅਖਬਾਰਾਂ ਵਾਲਾ ਅਖਬਾਰ ਗੇਟ ਦੇ ਅੰਦਰ ਸੁੱਟ ਕੇ ਛੇਤੀ ਨਾਲ ਚਲਾ ਗਿਆ। ਜਤਿੰਦਰਪਾਲ ਸਿੰਘ ਨੇ ਅਖਬਾਰ ਚੁੱਕ ਕੇ ਇਸ ਦੀਆਂ ਮੋਟੀਆਂ, ਮੋਟੀਆਂ ਖਬਰਾਂ ਪੜ੍ਹ ਲਈਆਂ। ਫਿਰ ਉਹ ਅਖਬਾਰ ਦੇ ਮੈਗਜ਼ੀਨ ਸੈਕਸ਼ਨ ਨੂੰ ਪੜ੍ਹਨ ਵਿੱਚ ਰੁੱਝ ਗਿਆ। ਅਚਾਨਕ ਉਸ ਦੀ ਪਤਨੀ ਨੇ ਆ ਕੇ ਉਸ ਨੂੰ ਕਿਹਾ,” ਮੈਂ ਕੱਲ੍ਹ ਬਹਿਰਾਮ ਪੰਡਤ ਕੇਦਾਰ ਨਾਥ ਸ਼ਰਮਾ ਕੋਲ ਗਈ ਸਾਂ। ਆਪਣੇ ਗੋਗੀ ਨੂੰ ਜਿਹੜੀ ਕੁੜੀ ਦਾ ਰਿਸ਼ਤਾ ਹੁੰਦਾ, ਉਸ ਬਾਰੇ ਪੁੱਛ ਕੇ ਆਈ ਆਂ।”
” ਫਿਰ ਕੀ ਕਿਹਾ ਪੰਡਤ ਜੀ ਨੇ?” ਉਸ ਨੇ ਪੂਰੀ ਦਿਲਚਸਪੀ ਲੈਂਦੇ ਹੋਏ ਆਖਿਆ।
” ਉਸ ਨੇ ਕਿਹਾ ਕਿ ਆਪਣੇ ਗੋਗੀ ਤੇ ਕੁੜੀ ਦੇ ਸਿਰਫ ਬਾਰਾਂ ਗੁਣ ਸੂਤਰ ਹੀ ਮਿਲਦੇ ਆ। ਕਾਮਯਾਬ ਰਿਸ਼ਤੇ ਲਈ ਘੱਟੋ ਘੱਟ 27 ਗੁਣ ਸੂਤਰ ਜ਼ਰੂਰ ਮਿਲਣੇ ਚਾਹੀਦੇ ਆ। ਇਸ ਕਰਕੇ ਇਹ ਰਿਸ਼ਤਾ ਨਾ ਕਰਿਓ।”
” ਤੈਨੂੰ ਪਤਾ ਹੀ ਆ ਕਿ ਕੁੜੀ ਐੱਮ. ਏ., ਬੀ. ਐੱਡ.ਪਾਸ ਐ। ਉਸ ਨੇ ਟੀ.ਈ. ਟੀ. ਵੀ ਪਾਸ ਕੀਤਾ ਹੋਇਐ। ਇੱਕ, ਦੋ ਸਾਲ ਵਿੱਚ ਉਸ ਨੂੰ ਟੀਚਰ ਦੀ ਨੌਕਰੀ ਵੀ ਮਿਲ ਸਕਦੀ ਐ। ਨਾਲੇ ਕੁੜੀ ਦੇ ਨੈਣ-ਨਕਸ਼ ਵੀ ਠੀਕ ਨੇ ਤੇ ਉਸ ਦੇ ਮੰਮੀ, ਡੈਡੀ ਵੀ ਨੌਕਰੀ ਕਰਦੇ ਆ। ਹੋਰ ਤਾਂ ਹੋਰ ਆਪਣੇ ਪਿੰਡ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਉਸ ਦਾ ਪਿੰਡ ਆ। ਫਿਰ ਤੈਨੂੰ ਹੋਰ ਕੀ ਚਾਹੀਦਾ। ਜਦੋਂ ਆਪਣਾ ਵਿਆਹ ਹੋਇਆ ਸੀ, ਉਸ ਵੇਲੇ ਕਿਹੜਾ ਕਿਸੇ ਨੇ ਸਾਡੇ ਗੁਣ-ਸੂਤਰ ਮੇਲੇ ਸਨ। ਕੀ ਆਪਣਾ ਰਿਸ਼ਤਾ ਚੰਗੀ ਤਰ੍ਹਾਂ ਨਹੀਂ ਨਿਭ ਰਿਹਾ?”
ਉਸ ਦੀ ਪਤਨੀ ਨੇ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ। ਉਸ ਦੀ ਪਤਨੀ ਨੂੰ ਇਨ੍ਹਾਂ ਵਿੱਚ ਵਜ਼ਨ ਲੱਗਾ। ਉਸ ਨੇ ਹੌਲੀ ਦੇਣੀ ਇਸ ਰਿਸ਼ਤੇ ਲਈ ‘ਹਾਂ ‘ ਕਰ ਦਿੱਤੀ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly