ਸਿਰਾਂ ਨੂੰ ਲਾਹ ਕੇ ਜਿਊਣਾ

ਜਗਤਾਰ ਸਿੰਘ ਹਿੱਸੋਵਾਲ

(ਸਮਾਜ ਵੀਕਲੀ)

ਸੱਚੀਆਂ ਘਟਨਾਵਾਂ ਦੇ ਅਧਾਰਿਤ ਥਾਣੇ ਦੀ ਡਾਇਰੀ – 1 

ਬੀ. ਏ. ਵਿੱਚ ਪੜ੍ਹਦੀ ਕੁੜੀ ਨੂੰ ਘਰ ਤੋਂ ਗਈ ਨੂੰ ਦੋ ਦਿਨ ਬੀਤ ਗਏ ਸਨ। ਪਰ ਅਜੇ ਤੱਕ ਕੁੜੀ ਦੀ ਕੋਈ ਉੱਘ ਸੁੱਘ ਨਹੀਂ ਲੱਗੀ ਸੀ। ਭਾਵੇਂ ਕਿ ਉਨ੍ਹਾਂ ਦਾ ਕੇਸ ਥਾਣੇਦਾਰ ਦੇ ਕੋਲ ਸੀ ਪਰ ਉਹ ਬਚੀ ਖੁੱਚੀ ਆਸ ਨਾਲ ਮੇਰੇ ਵੱਲ ਦੇਖ ਰਹੇ ਸਨ। ਮਾਂ ਦੀ ਹਾਲਤ ਰੋ ਰੋ ਕੇ ਪਾਗਲਾਂ ਵਾਂਗ ਹੋ ਗਈ ਲੱਗਦੀ ਸੀ। ਪੰਤਾਲੀ ਸੰਤਾਲੀ ਸਾਲਾਂ ਦਾ ਉਹ ਵਿਆਕਤੀ ਸੱਠਾਂ ਨੂੰ ਢੁੱਕ ਗਿਆ ਲੱਗਦਾ ਸੀ। ਸੋਚਦਾ ਹਾਂ ਕੀ ਕਰਨ, ਕਿੱਧਰ ਜਾਣ..ਹੁਣ ਪੁਲਿਸ ਹੀ ਤਾਂ ਹੈ ਉਹਨਾਂ ਲਈ ਇਕ ਸਹਾਰਾ। ਪਤਾ ਨਹੀਂ ਉਨ੍ਹਾਂ ਨੇ ਕਿੱਥੇ ਕਿੱਥੇ ਨੱਕ ਰਗੜੇ ਹੋਣਗੇ। ਹੱਥ ਜੋੜੇ ਹੋਣਗੇ। ਸੁੱਖਾ ਸੁੱਖੀਆਂ ਹੋਣਗੀਆਂ। ਅਰਦਾਸਾਂ ਕੀਤੀਆਂ ਹੋਣਗੀਆਂ। ਪਰ ਕੁੜੀ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ ।

ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਕੁੜੀ ਜਿਸ ਨਾਲ ਗਈ ਹੈ ਉਹ ਲੜਕਾ ਮਾਸੀ ਘਰ ਰਹਿੰਦਾ ਸੀ ਤੇ ਹੁਣ ਮਾਸੀ ਵੀ ਘਰ ਤੋਂ ਫਰਾਰ ਹੈ। ਮੁੰਡੇ ਅਤੇ ਕੁੜੀ ਦੇ ਦੋਵਾਂ ਦੇ ਮੋਬਾਈਲ ਵੀ ਬੰਦ ਹਨ। ਇਸ ਕਰਕੇ ਉਨ੍ਹਾਂ ਦੀ ਲੁਕੇਸ਼ਨ ਨਹੀਂ ਪਤਾ ਲੱਗ ਰਹੀ ਸੀ। ਵਿਚਾਰੇ ਮਾਂ -ਬਾਪ.. ਪਤਾ ਨਹੀਂ ਦੋ ਦਿਨ ਕਿਵੇਂ ਲੰਘੇ ਹੋਣਗੇ। ਪਹਾੜਾਂ ਵਰਗੇ …ਲੰਬੇ ਤੇ ਰੁੱਖੇ ਅਤੇ ਰਾਤਾਂ ਕਾਲੀਆਂ ਸੁਆਹ… ਬੰਦ ਗੁਫਾਵਾਂ ਵਰਗੀਆਂ।

ਚੌਥੇ ਦਿਨ ਜਾ ਕੇ ਮੁੰਡੇ ਦਾ ਮੋਬਾਈਲ ਖੁਲਿਆ। ਥਾਣੇਦਾਰ ਨੇ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੇ ਕੋਰਟ ਮੈਰਿਜ ਕਰਵਾ ਲਈ ਹੈ। ਪਰ ਉਹ ਡਰਦੇ ਥਾਣੇ ਨਾ ਆਏ ।ਆਖ਼ੀਰ ਉਹਨਾਂ ਦੇ ਮੋਬਾਈਲ ਦੀ ਲੁਕੇਸ਼ਨ ਦੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਜਲੰਧਰ ਤੋਂ ਲਿਆਂਦਾ ਗਿਆ।

ਉਹਨਾਂ ਕੋਲ ਕੋਰਟ ਦੇ ਹੁਕਮ ਸਨ। ਅਸੀਂ ਚਾਹੁੰਦੇ ਹੋਏ ਵੀ ਕੁੱਝ ਨਹੀਂ ਕਰ ਸਕਦੇ ਸੀ। ਤੇ ਹੁਣ ਉਹ ਮਹਿਕਮੇ ਵਿੱਚ ਨਵੀਂ ਭਰਤੀ ਹੋਈਆਂ ਲੇਡੀ ਕਾਂਸਟੇਬਲਾਂ ਦੀ ਨਿਗਰਾਨੀ ਹੇਠ ਪੁਲਿਸ ਦੀ ਹਿਫਾਜ਼ਤ ਵਿਚ ਸਨ। ਬਾਹਰ ਕੁੜੀ ਦਾ ਬਾਪ ਅਤੇ ਭਰਾ ਆਪਣੇ ਅੰਦਰ ਗੁੱਸੇ ਦੇ ਲਾਵੇ ਨੂੰ ਦਬਾ ਕੇ ਬੇਵੱਸ ਹੋਏ ਏਧਰ ਉਧਰ ਗੇੜੇ ਕੱਢ ਰਹੇ ਸਨ।

ਕੁੜੀ ਦੀ ਮਾਂ ਦੀ ਕੁੜੀ ਨੂੰ ਮਿਲਣ ਦੀ ਬੇਨਤੀ ਤੇ ਉਸ ਨੂੰ ਇਸ ਸ਼ਰਤ ਤੇ ਮਿਲਣ ਦਿੱਤਾ ਗਿਆ ਕਿ ਉਹ ਕੁੜੀ ਅਤੇ ਮੁੰਡੇ ਤੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਵੇਗੀ ਕਿਉਕਿ ਕੋਰਟ ਦੇ ਹੁਕਮਾਂ ਤਹਿਤ ਉਨ੍ਹਾਂ ਦੇ ਅਜਿਹਾ ਕਰਨ ਤੇ ਪੁਲਿਸ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

ਮੈਂ ਦੇਖ ਰਿਹਾ ਸੀ ਕਿ ਮਿਲਣ ਤੋਂ ਪਹਿਲਾਂ ਹੀ ਉਹ ਰੋ ਪਈ। ਫਿਰ ਚੁੰਨੀ ਨਾਲ ਅੱਖਾਂ ਸਾਫ ਕਰਕੇ ਕੁੜੀ ਬਾਂਹ ਬੋਲੀ, “ਧੀਏ, ਮੈਂ ਤੇਰੀ ਹਰ ਲੋੜ ਨੂੰ ਸਮਝਿਆ ਹੈ। ਜਨਮ ਤੋਂ ਲੈ ਕੇ ਅੱਜ ਤੱਕ। ਬਿਨਾ ਤੇਰੇ ਦੱਸਿਆਂ.. ਕਰਿਆਂ.. ਤੇਰੇ ਹਰ ਲੋੜ ਦਾ ਖਿਆਲ ਰੱਖਿਆ। ਤੈਨੂੰ ਕਿਸੇ ਪੱਖੋਂ ਔਖਿਆਈ ਨਹੀਂ ਆਉਣ ਦਿੱਤੀ। ਭਾਵੇਂ ਅਸੀਂ ਜਿਵੇਂ ਮਰਜ਼ੀ ਗੁਜ਼ਾਰਾ ਕਰਦੇ ਰਹੇ। …ਪਰ ਕੀ ਧੀਏ ਮੈਂ ਤੇਰੀ ਵਿਆਹ ਦੀ ਲੋੜ ਨੂੰ ਨਹੀਂ ਸੀ ਸਮਝਦੀ ?”

ਕੁੜੀ ਨੇ ਮਾਂ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਆਪਣੀ ਬਾਂਹ ਝਟਕਾ ਜਿਹਾ ਦੇ ਕੇ ਪਿੱਛੇ ਖਿੱਚ ਲਈ। ਮਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਰਾਲਾਂ ਵਹਿ ਤੁਰੀਆਂ। ਕੁੜੀ ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਉਹ ਬਿੱਟਰ ਬਿੱਟਰ ਦੇਖ ਰਹੀ ਸੀ। ਮਾਂ ਫਿਰ ਬੋਲੀ, “ਧੀਏ, ਇਸ ਅਭਾਗਣ ਤੋਂ ਤੇਰੀ ਪਰਵਰਿਸ਼ ਵਿਚ ਕੇੜ੍ਹੀ ਕਮੀ ਰਹਿ ਗਈ ਸੀ। ਜੋ ਤੂੰ ਏਡਾ ਕਦਮ ਚੁੱਕ ਲਿਆ ?”

ਮਾਂ ਹਾੜੇ ਕੱਢ ਰਹੀ ਸੀ। ਕੁੜੀ ਟਸ ਤੋਂ ਮਸ ਨਹੀਂ ਹੋਈ। ਮਾਂ ਤੋਂ ਖਹਿੜਾ ਜਿਹਾ ਛੁਡਵਾਉਣ ਲਈ ਉਹ ਬੋਲੀ, ” ਮਾਂ ਮੈਂ ਖੁਸ਼ ਆਂ। ਮੈਂ ਹੋਰ ਨਹੀਂ ਸੁਣਨਾ ਚਾਹੁੰਦੀ। ਤੂੰ ਹੁਣ ਜਾ। ”

ਮਾਂ ਨੇ ਫਿਰ ਤਰਲਾ ਕੀਤਾ, “ਚੱਲ ਧੀਏ, ਅਸੀਂ ਹਾਰੇ..ਨੀ ਅਸੀਂ ਹਾਰ ਗਏ.. ਜੇ ਤੂੰ ਇਹ ਗਲਤੀ ਕਰ ਵੀ ਲਈ ਹੈ ਤਾਂ ਸਾਨੂੰ ਤੇਰੀ ਗਲਤੀ ਵੀ ਸਵੀਕਾਰ ਹੈ। ..ਪਰ ਧੀਏ ਅਸੀਂ ਜਿਉਣ ਜੋਗੇ ਨ੍ਹੀ ਰਹਿਣਾ। ਕਲੰਕ ਲਾ ਕੇ ਨਾ ਜਾਹ ਸਾਡੇ ਮੱਥਿਆਂ ਉੱਤੇ। ਆਪਣੇ ਬਾਪ ਵੱਲ ਦੇਖ.. ਆਪਣੇ ਭਰਾ ਵੱਲ ਦੇਖ। ਸਾਡੇ ਤੇ ਰਹਿਮ ਕਰ।ਅੱਜ ਘਰ ਚੱਲ ਪੈ.. ਕੱਲ੍ਹ ਘਰ ਤੋਂ ਤੋਰ ਦੇਵਾਂਗੇ ਤੇਰੀ ਡੋਲੀ। …ਹਾਂ ..ਅਸੀਂ ਤੋਰਾਂਗੇ ਤੈਨੂੰ ਏਦ੍ਹੇ ਨਾਲ ਹੀ। “ਕੁੜੀ ਫਿਰ ਵੀ ਕੁੱਝ ਨਾ ਬੋਲੀ।

ਮਾਂ ਨੇ ਤਰਲਾ ਕੀਤਾ, “ਇਕ ਪਰਉਪਕਾਰ ਕਰਦੇ ਧੀਏ ਆਪਣੀ ਮਾਂ ਉੱਤੇ.. ਅੱਜ ਘਰ ਚੱਲ ਪੈ …।” ਬੋਲਦੀ ਹੋਈ ਨੇ ਆਪਣੀ ਚੁੰਨੀ ਧੀ ਦੇ ਪੈਰਾਂ ਉੱਤੇ ਧਰ ਦਿੱਤੀ।ਭੀਖ਼ ਮੰਗਣ ਵਾਲਿਆਂ ਵਾਂਗ ਧੀ ਦੇ ਸਾਹਮਣੇ ਗੋਡਿਆਂ ਭਾਰ ਬੈਠ ਗਈ। ਪਰ ਕੁੜੀ ਨੇ ਪੈਰਾਂ ਨਾਲ ਹੀ ਚੁੰਨੀ ਆਪਣੇ ਪੈਰਾਂ ਤੋਂ ਪਰੇ ਕਰ ਦਿੱਤੀ ਅਤੇ ਜ਼ਮੀਨ ਤੇ ਬੈਠੀ ਮਾਂ ਵੱਲ ਪਿੱਠ ਕਰ ਲਈ। ਮੈਂ ਦੇਖਿਆ ਕਿ ਕੋਲ ਖੜ੍ਹੀਆਂ ਲੇਡੀ ਕਾਂਸਟੇਬਲਾਂ ਵੀ ਭਾਵੁਕ ਜਿਹੀਆਂ ਹੋ ਗੲੀਆਂ ਸਨ। ਬਾਪ ਜੋ ਬਾਹਰ ਖੜਾ ਦੇਖ ਰਿਹਾ ਸੀ।

ਤੇਜੀ ਨਾਲ ਅੰਦਰ ਆਇਆ ਤੇ ਉਸਨੇ ਰੋਂਦੀ ਹੋਈ ਕੁੜੀ ਦੀ ਮਾਂ ਨੂੰ ਉਠਾਉਂਦਿਆਂ ਬੋਲਿਆ ,”ਉੱਠ ਜੀਤ.. ਹੁਣ ਘਰ ਚੱਲੀਏ.. ਇਹ ਹੁਣ ਸਾਡੇ ਲਈ ਮਰ ਗਈ ਆ.. ਤੇ ਅਸੀਂ ਏਦ੍ਹੇ ਲਈ। ” ਉਹ ਦੋਵੇਂ ਦਫਤਰ ਤੋਂ ਬਾਹਰ ਚਲੇ ਗਏ ਤੇ ਕੁੜੀ ਦਾ ਭਰਾ ਵੀ ਆਪਣੀ ਮਾਂ ਨੂੰ ਸੰਭਾਲਦਾ ਹੋਇਆ ਹੁੱਬਕੀਂ ਹੁੱਬਕੀਂ ਰੋਣ ਰੋਣ ਲੱਗ ਪਿਆ ਸੀ। ਉਹ ਤਿੰਨੇ ਜਣੇ ਇਕ ਦੂਜੇ ਨੂੰ ਸਹਾਰਾ ਦਿੰਦੇ ਹੋਏ ਬਾਹਰ ਜਾ ਰਹੇ ਸਨ। ਜਿਵੇਂ ਆਪਣੀ ਕੁੜੀ ਦੇ ਸਿਵੇ ਤੋਂ ਜਾ ਰਹੇ ਹੋਣ। ਗਹਿਰੀਆਂ ਉਦਾਸੀਆਂ, ਬੇਵੱਸੀਆਂ ਅਤੇ ਬੇਇਜੱਤੀਆਂ ਨੂੰ ਦਿਲ ਵਿੱਚ ਸਮੇਟ ਕੇ।

ਇਹ ਘਟਨਾ ਮੈਂ ਜ਼ੁਬਾਨੀ ਤੌਰ ਬਹੁਤ ਸਾਰੇ ਦੋਸਤਾਂ ਨੂੰ ਸੁਣਾਈ ਹੈ। ਅੱਜ ਜਦੋਂ ਇਸ ਨੂੰ ਕਾਗਜ਼ ਦੀ ਹਿੱਕ ‘ਤੇ ਝਰੀਟਣ ਲੱਗਿਆਂ ਤਾਂ ਕਲਮ ਛੱਡ ਕੇ ਸੋਚਣ ਲੱਗ ਪਿਆ ਹਾਂ। ਦਿਲ ਨੇ ਇਕ ਡੂੰਘਾ ਜਿਹਾ ਹਾਂਉਕਾ ਭਰਿਆ ਹੈ। ਮਨ ਵਿੱਚ ਸੈਕੜੇ ਸਵਾਲਾਂ ਨੇ ਖੌਰੂ ਜਿਹਾ ਪਾ ਦਿੱਤਾ ਹੈ। ਸੋਚਦਾ ਹਾਂ, ਦੋਸਤੋ.. ਬੜਾ ਔਖਾ ਹੁੰਦਾ ਹੈ ਨੌਂਹਾਂ ਨਾਲੋਂ ਮਾਸ ਵੱਖ ਕਰਨਾ ..ਆਪਣੇ ਅੰਦਰ ਆਪਣੇ ਆਪ ਨੂੰ ਦਫ਼ਨ ਕਰਨਾ..ਆਪਣੇ ਮੋਢਿਆਂ ਤੋਂ ਸਿਰਾ ਨੂੰ ਲਾਹ ਕੇ ਜਿਊਣਾ.. ਸੱਚ ਮੁੱਚ ਹੀ ਬਹੁਤ ਔਖਾ ਹੁੰਦਾ ਹੈ ਦੋਸਤੋ…।

ਜਗਤਾਰ ਸਿੰਘ ਹਿੱਸੋਵਾਲ

98783030324

Previous articleਖਾਣ ਪੀਣ ਨੂੰ ਬਾਂਦਰੀ…!
Next article*ਉੱਚੀ ਅੱਡੀ ਦੇ ਸੈਂਡਲ *