(ਸਮਾਜ ਵੀਕਲੀ)
ਜਦੋਂ ਥੱਕ ਜਾਣ ਪੈਰ
ਮਨ ਭਾਲਦਾ ਸਕੂਨ
ਬੇਰਹਿਮ ਹਵਾਵਾਂ ਸ਼ਹਿਰ ਦੀਆਂ
ਜਦੋਂ ਪਿੰਡਾ ਦੇਵਣ ਲੂਹ
ਜੀਅ ਕਰਦਾ ਪਿੰਡ ਮੇਰਿਆ
ਉਦੋਂ ਮੈਂ ਤੇਰੇ ਕੋਲ ਆਵਾਂ।
ਮਹਾਂਨਗਰ ਦੀ ਭੀੜ ਵਿੱਚ
ਖਪਦਾ ਖੌਜਲ਼ਦਾ
ਵਾਂਗ ਅਜਨਬੀਆਂ ਵਿਚਰਦਾ
ਆਪਣੇ ਵਿਚੋਂ ਵੀ
ਲੱਭਦਾ ਨਾ ਜਦ ਆਪਣਾ ਸਿਰਨਾਵਾਂ ।
ਜੀਅ ਕਰਦਾ ਪਿੰਡ ਮੇਰਿਆ
ਉਦੋਂ ਮੈਂ ਤੇਰੇ ਕੋਲ ਆਵਾਂ ।
ਮੈਂ ਤਾਂ ਕੀਤੀ ਸੀ ਮੁਹੱਬਤ
ਉਹ ਕਰ ਗੲੇ ਵਪਾਰ
ਮੁੜ ਮੁੜ ਯਾਦ ਆਵੇ
ਬੇਕਦਰਾਂ ਦਾ ਪਿਆਰ
ਅਸੀਂ ਭੋਲੇ ਭਾਲੇ ਪਿੰਡਾਂ ਵਾਲੇ
ਸਾਨੂੰ ਪਹਿਨ ਮੁਖੌਟੇ ਮਿਲਦੀਆਂ
ਸਵਾਰਥ ਦੀਆਂ ਘਟਾਵਾਂ ।
ਜੀਅ ਕਰਦਾ ਪਿੰਡ ਮੇਰਿਆ
ਉਦੋਂ ਮੈਂ ਤੇਰੇ ਕੋਲ ਆਵਾਂ।
ਮੈਨੂੰ ਪਤੈ
ਜੇ ਮੈਨੂੰ ਹੈ ਉਦਰੇਵਾਂ
ਉਡੀਕੇਂ ਮੈਨੂੰ ਤੂੰ ਵੀ
ਖੋਲ੍ਹ ਕੇ ਦੋਵੇਂ ਬਾਹਵਾਂ
ਜਿਵੇਂ ਪ੍ਰਦੇਸ਼ ਗੲੇ ਪੁੱਤਾਂ ਨੂੰ
ਉਡੀਕਦੀਆਂ ਨੇਂ ਮਾਵਾਂ ।
ਜੀਅ ਕਰਦਾ ਪਿੰਡ ਮੇਰਿਆ
ਮੈਂ ਤੇਰੇ ਕੋਲ ਆਵਾਂ ।
ਭਾਵੇਂ ਤੂੰ ਵੀ ਹੁਣ
ਪਹਿਲਾਂ ਵਾਲਾ ਨਹੀਂ ਰਿਹਾ
ਨਾ ਤੀਆਂ ਨਾ ਤ੍ਰਿਜੰਣ
ਨਾ ਭੀੜੀ ਗਲੀ ਵਿੱਚ ਭੱਠੀ
ਨਾ ਉਹ ਦਾਸ ਦੀ ਹੱਟੀ
ਨਾ ਵੇਹੜਿਆਂ ਦੇ ਵਿਚ ਡੇਕਾਂ
ਨਾ ਸੱਥ ਵਿੱਚ ਪਿੱਪਲਾਂ ਦੀਆ ਛਾਵਾਂ ।
ਜੀਅ ਕਰਦਾ ਪਿੰਡ ਮੇਰਿਆ
ਫਿਰ ਵੀ ਤੇਰੇ ਕੋਲ ਆਵਾਂ ।
ਰਾਮ ਨੌਵੀਂ ਦੀਆਂ ਰੌਣਕਾਂ
ਜਗਨ ਲੈ ਗਿਆ ਨਾਲੇ
ਕੈਂਥ ਤੁਰ ਗਿਆ ਲੈ ਕੇ
ਕਲਮ, ਕਿਤਾਬਾਂ ਤੇ ਰਸਾਲੇ
ਤਾਰੀ,ਨਿੱਕਾ,ਬੱਗਾ,ਕਾਂਤੀ
ਪਾਲਾ,ਨਿਰਭੈ ਤੇ ਪਰਮਿੰਦਰ
ਸਾਰੇ ਬਚਪਨ ਦੇ ਯਾਰ
ਲੱਗੇ ਰੋਜ਼ੀ ਰੋਟੀ ਦੇ ਆਹਰ
ਬੈਠਾਂਗੇ ਫਿਰ, ਕਰਾਂਗੇ ਗੱਲਾਂ
ਗੁਰਪੁਰਬ ਮਨਾਵਾਂਗੇ
ਮੇਲਾ ਹੋਵੇ ਖ਼ਾਨਗਾਹ ਤੇ
ਸੁਣਨ ਕੱਵਾਲ ਆਵਾਂ।
ਜੀਅ ਕਰਦਾ ਪਿੰਡ ਮੇਰਿਆ
ਮੈਂ ਤੇਰੇ ਕੋਲ ਆਵਾਂ।
ਜਦੋਂ ਥੱਕ ਜਾਣ ਪੈਰ
ਮਨ ਭਾਲਦਾ ਸਕੂਨ
ਬੇਰਹਿਮ ਹਵਾਵਾਂ ਸ਼ਹਿਰ ਦੀਆਂ
ਜਦੋਂ ਪਿੰਡ ਦੇਵਣ ਲੂਹ
ਜੀਅ ਕਰਦਾ ਪਿੰਡ ਮੇਰਿਆ
ਉਦੋਂ ਮੈਂ ਤੇਰੇ ਕੋਲ ਆਵਾਂ।
ਜਗਤਾਰ ਸਿੰਘ ਹਿੱਸੋਵਾਲ
9878330324
ਨਵ ਪ੍ਰਕਾਸ਼ਿਤ ਕਾਵਿ ਪੁਸਤਕ ‘ਨਾਬਰੀ ਦਾ ਗੀਤ’ ਵਿੱਚੋਂ