ਜਿਉਂਦੀਆਂ ਲਾਸ਼ਾਂ

ਅਮਨ ਜੱਖਲਾਂ

(ਸਮਾਜ ਵੀਕਲੀ)

ਰੰਗ ਬਿਰੰਗੀ ਦੁਨੀਆਂ ਵਿੱਚ ਕਈ ਰੰਗ ਬੜੇ ਭਿਆਨਕ ਹੁੰਦੇ ਜਾ ਰਹੇ ਹਨ, ਉਨ੍ਹਾਂ ਨੇ ਦੂਜੇ ਰੰਗਾਂ ਉੱਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਵੈ-ਪੜਚੋਲ ਵਿੱਚੋਂ ਅਹਿੰਸਾ ਦਾ ਜਨਮ ਹੁੰਦਾ ਹੈ, ਜੋ ਕਿ ਸਮਾਜਿਕ ਵਿਕਾਸ ਦੇ ਰਾਹ ਵਿੱਚ ਰੋੜਾ ਹੈ। ਅਧੀਨਤਾ ਸਵੀਕਾਰ ਕਰਨ ਲਈ ਕਹਿਣ ਵਾਲੀਆਂ ਤਕਰੀਰਾਂ ਵੀ ਹੁਣ ਕਰੂਰਤਾਂ ਵਿੱਚ ਬਦਲਦੀਆਂ ਜਾ ਰਹੀਆਂ ਹਨ, ਕਿਉਂਕਿ ਸਮੇਂ ਦੀ ਵਗਦੀ ਨਦੀ ਸਭ ਕੁਝ ਰੋੜ ਕੇ ਸਮੁੰਦਰ ਵਿੱਚ ਪਹੁੰਚਾ ਦੇਣਾ ਚਾਹੁੰਦੀ ਹੈ, ਜਿੱਥੇ ਸਭ ਲਈ ਇੱਕੋ ਜਿਹਾ ਪਾਣੀ ਹੋਵੇਗਾ, ਬੇਸ਼ੱਕ ਖਾਰਾ ਹੀ ਕਿਉਂ ਨਾ ਹੋਵੇ।

ਹਵਾ ਵੀ ਆਪਣੀ ਦਿਸ਼ਾ ਤੋਂ ਭਟਕਦੀ ਨਜ਼ਰ ਆ ਰਹੀ ਹੈ। ਪੁਰਾ, ਪੱਛੋਂ ਤੋਂ ਮੂੰਹ ਫੇਰ ਕੇ ਲੰਘ ਰਿਹਾ ਹੈ। ਜਾਪ ਰਿਹਾ ਹੈ ਕਿ ਹਵਾ ਨੂੰ ਖੁਸ਼ਬੋ ਇਕੱਠੀ ਕਰਨ ਲਈ ਨਾ ਹੀ ਚੰਦਨ ਮਿਲ ਰਿਹਾ ਹੈ ਅਤੇ ਨਾ ਹੀ ਸੁਗੰਧੀਆਂ ਭਰੇ ਫੁੱਲ । ਸੁਣਨ ਵਿੱਚ ਆ ਰਿਹਾ ਹੈ ਕਿ ਚੰਦਨਾਂ ਨੂੰ ਰਾਜਾਸ਼ਾਹੀ ਦੇ ਨਾਗਾਂ ਨੇ ਅਤੇ ਫੁੱਲਾਂ ਨੂੰ ਬੇਈਮਾਨ ਮਾਲੀਆਂ ਨੇ ਤਬਾਹ ਕਰ ਸੁੱਟਿਆ ਹੈ। ਖਿਲਦੇ ਬਾਗਾਂ ਨੂੰ ਉਜਾੜ ਕੇ ਲਿਸ਼ਕਦੇ ਪੱਥਰਾਂ ਨੂੰ ਉਸਾਰਿਆ ਜਾ ਰਿਹਾ ਹੈ, ਅਤੇ ਕੁਝ ਸਮੇਂ ਲਈ ਮਨ ਬਹਿਲਾਉਣ ਲਈ ਬਣਾਵਟੀ ਫੁੱਲਾਂ ਨੂੰ ਸਰਧਾਂਜਲੀ ਵਜੋਂ ਭੇਟ ਕੀਤਾ ਜਾ ਰਿਹਾ ਹੈ।

ਗਾਗਰ ਚ ਸਾਗਰ ਭਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਤਾ ਨਹੀਂ ਚੰਦਰਮਾ ਤੇ ਕੱਟੇ ਜਾ ਰਹੇ ਪਲਾਟਾਂ ਦਾ ਇਨ੍ਹਾਂ ਗਾਗਰਾਂ ਨਾਲ ਕੀ ਸੰਬੰਧ ਹੈ। ਲਾਸ਼ਾਂ ਅਤੇ ਮਸ਼ੀਨਾਂ ਦੀ ਇਸ ਭੀੜ ਵਿੱਚ ਮਨੁੱਖ ਨਾਮ ਦਾ ਪ੍ਰਾਣੀ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ ਹੈ। ਪਾਣੀ ਵਿੱਚੋਂ ਪਾਣੀ ਦਾ ਸਵਾਦ ਖਤਮ ਹੋ ਚੁੱਕਾ ਹੈ, ਇਸੇ ਲਈ ਉਸ ਨੂੰ ਨਵੇਂ ਨਵੇਂ ਫਲੇਵਰ ਦੇ ਕੇ ਲੋਕਾਈ ਦੇ ਗਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ। ਲੋਕਤੰਤਰ ਦੇ ਝੰਡੇ ਲੈ ਕੇ ਘੋੜਿਆਂ ਤੇ ਚੜਨ ਦੀਆਂ ਤਿਆਰੀਆਂ ਹੋ ਰਹੀਆਂ ਹਨ।

ਆਸਥਾ ਦੇ ਆਧਾਰ ਤੇ ਕੀਤੇ ਜਾ ਰਹੇ ਫੈਸਲਿਆਂ ਦੀ ਭੱਜ ਦੌੜ ਵਿੱਚ, ਇਨਸਾਫ਼ ਨਾਂ ਦਾ ਪ੍ਰਾਣੀ ਕੁਝ ਖਾ ਕੇ ਖੁਦਕੁਸ਼ੀ ਕਰਨ ਦੀ ਸੋਚ ਰਿਹਾ ਹੈ। ਸ਼ਾਇਦ ਆਉਣ ਵਾਲੀਆਂ ਨਸਲਾਂ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਰਨਗੀਆਂ ਕਿ ਕੋਈ ਅਜਿਹਾ ਸਮਾਂ ਵੀ ਸੀ ਜਦੋਂ ਸਾਡੇ ਪੁਰਖਿਆਂ ਨੇ ਕਿਸੇ ਅਜਿਹੇ ਬੇਈਮਾਨ ਆਗੂ ਦੀ ਗੱਲ ਤੇ ਯਕੀਨ ਕਰ ਕੇ ਆਪਣੇ ਹੱਥੀਂ ਆਪਣੇ ਪੈਰਾਂ ਤੇ ਕੁਹਾੜੇ ਮਾਰ ਲਏ ਸਨ, ਜੋ ਕਹਿ ਰਿਹਾ ਸੀ ਕਿ ਬਿਨਾਂ ਲੱਤਾਂ ਵਾਲੇ ਪ੍ਰਾਣੀ ਹੀ ਆਤਮਾ ਤੋਂ ਪਰਮਾਤਮਾ ਤੱਕ ਪਹੁੰਚਣ ਦਾ ਪੈਂਡਾ ਤਹਿ ਕਰ ਸਕਣਗੇ …

ਅਮਨ ਜੱਖਲਾਂ
9478226980

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫ਼ਲਤਾ ਦਾ ਸੁਨੇਹਾ
Next articleਬਾਬੁਲ ਤੇਰਾ ਘਰ