(ਸਮਾਜ ਵੀਕਲੀ)
ਸਾਹਿਤ ਜੁਗਾੜੀਏ ਆ ਗਏ ਨੇ
ਕਪਟੀ ਕਬਾੜੀਏ ਆ ਗਏ ਨੇ
ਮੁੰਡੇ ਦੀ ਲਿਖਤ ਹੋਵੇ ਭਾਵੇਂ ਉੱਤਮ
ਗੱਲ ਨਹੀਂ ਬਣੀ ਸਮਝਾ ਗਏ ਨੇ
ਤੁਕਬੰਦੀ ਨੂੰ ਕਹਿ ਸ੍ਰੇਸ਼ਠ ਗ਼ਜ਼ਲ
ਵਾਹ ਵਾਹ ਕੁੜੀ ਦੀ ਗਾ ਗਏ ਨੇ
ਸਾਹਿਤ ਸਮਾਗਮ ਨਾਲੇ ਮੁਸ਼ਾਇਰਾ
ਬੋਤਲਾਂ ਸੱਤ ਤੇ ਛੇ ਕੁੱਕੜ ਖਾ ਗਏ ਨੇ
ਮਾਂ ਬੋਲੀ ਦੀ ਸੇਵਾ ਦੇ ਬਹਾਨੇ
ਹਰ ਥਾਂ ਕਬਜ਼ਾ ਬਣਾ ਗਏ ਨੇ
ਤੂੰ ਮੇਰਾ ਬਾਈ ਮੈਂ ਤੇਰਾ ਬਾਈ ਕਹਿ ਕੇ
ਇਕ ਦੂਜੇ ਦਾ ਰੂਬਰੂ ਕਰਵਾ ਗਏ ਨੇ
ਹੱਥ ਵਿਚ ਫੜਾ ਕੇ ਵੱਡਾ ਸਨਮਾਨ
ਗਲ਼ ਦੇ ਵਿਚ ਲੋਈ ਵੀ ਪਾ ਗਏ ਨੇ
ਧੀ ਦੀ ਉਮਰ ਦੀ ਚੇਲੀ ਨਾਲ ਆ ਕੇ
ਨਾਰੀਵਾਦ ਦਾ ਪਾਠ ਪੜ੍ਹਾ ਗਏ ਨੇ
ਲੋਕਾਂ ਦੇ ਮੁੱਦੇ ਜਾਣ ਢੱਠੇ ਖੂਹ ਵਿਚ
ਨੇਤਾ ਦੇ ਪੈਰੀਂ ਹੱਥ ਲਗਾ ਗਏ ਨੇ
ਦੁੱਧ ਚਿੱਟੇ ਕਾਗ਼ਜ਼ ਉੱਤੇ ਨਾਮ ਕਾਲਾ
ਇਨਾਮ ਦੇ ਲਈ ਲਿਖਵਾ ਗਏ ਨੇ
ਬਦਮਾਸ਼ਾਂ ਵਾਂਗ ਨੇ ਟੋਲੀਆਂ ਬਣਾਉਂਦੇ
ਮਲੂਕ ਜਿਹੇ ਪਾਠਕ ਘਬਰਾ ਗਏ ਨੇ
ਸਟੇਜ ‘ਤੇ ਚੜ੍ਹ ਇਕ ਦੂਜੇ ਨੂੰ ਆਖਣ
ਭਾਅ ਜੀ ਛਾ ਗਏ ਨੇ ਭਾਅ ਜੀ ਛਾ ਗਏ ਨੇ
ਨਰਿੰਦਰਜੀਤ ਸਿੰਘ ਬਰਾੜ
9815656601
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly