(ਸਮਾਜ ਵੀਕਲੀ)
ਮਨੂੰ ਭੰਡਾਰੀ ਜੀ ਦੀ ਇੱਕ ਹਿੰਦੀ ਕਹਾਣੀ ਹੈ “ਦੋ ਕਲਾਕਾਰ”। ਤੁਹਾਡੇ ਵਿੱਚੋਂ ਬਹੁਤਿਆਂ ਨੇ ਇਹ ਕਹਾਣੀ ਜਰੂਰ ਪੜੀ ਹੋਵੇਗੀ। ਇਹ ਦੋ ਸਹੇਲੀਆਂ ਦੀ ਕਹਾਣੀ ਹੈ ਜਿਹਨਾਂ ਵਿੱਚੋਂ ਇੱਕ ਚਿੱਤਰਕਾਰ ਹੈ ਤੇ ਦੂਜੀ ਸਮਾਜ ਸੇਵੀ। ਉਹਨਾਂ ਦੇ ਕਾਲਜ ਕੋਲ ਇੱਕ ਭਿਖਾਰਨ ਬੈਠਦੀ ਹੈ ਜਿਸ ਦੇ ਦੋ ਬੱਚੇ ਹਨ। ਇਕ ਦਿਨ ਉਸ ਭਿਖਾਰਨ ਦੀ ਮੌਤ ਹੋ ਜਾਂਦੀ ਹੈ ਤੇ ਚਿੱਤਰਕਾਰ ਸਹੇਲੀ ਉਸਦਾ ਚਿੱਤਰ ਬਣਾਉਂਦੀ ਹੈ ਜਿੱਥੇ ਭਿਖਾਰਨ ਦੀ ਲਾਸ਼ ਦੇ ਨਾਲ ਦੋ ਛੁੱਟ ਛੁੱਟੇ ਬਾਲ ਬੈਠੇ ਹਨ। ਇਹ ਚਿੱਤਰ ਉਸ ਨੂੰ ਬਹੁਤ ਪ੍ਰਸਿੱਧੀ ਦਵਾਉਂਦਾ ਹੈ। ਉਹ ਇੱਕ ਨਾਮਚੀਨ ਚਿੱਤਰਕਾਰ ਬਣ ਜਾਂਦੀ ਹੈ। ਪਰ ਦੂਜੀ ਸਹੇਲੀ ਉਹਨਾਂ ਬੱਚਿਆਂ ਨੂੰ ਗੋਤ ਲੈ ਲੈਂਦੀ ਹੈ ਤੇ ਉਹਨਾਂ ਦੀ ਜ਼ਿੰਦਗੀ ਬਣਾਉਂਦੀ ਹੈ। ਕਹਾਣੀ ਦਰਅਸਲ ਸਾਨੂੰ ਇਹ ਦੱਸਦੀ ਹੈ ਕਿ ਕਲਾ ਸਿਰਫ ਉਹ ਨਹੀਂ ਜੋ ਸਾਨੂੰ ਕਿਸੇ ਦੀ ਉਲਝਣ ਜਾਂ ਕਿਸੇ ਦੀ ਸਮੱਸਿਆ ਵਿਖਾਉਂਦੀ ਹੈ। ਕਲਾ ਉਹ ਵੀ ਹੈ ਜੋ ਦੂਜੇ ਦੇ ਜ਼ਿੰਦਗੀ ਨੂੰ ਸਵਾਰਦੀ ਹੈ ਉਸ ਸਮੱਸਿਆ ਨੂੰ ਦੂਰ ਕਰਦੀ ਹੈ।
ਬਸ ਕਹਾਣੀ ਨੂੰ ਪੜ੍ਹ ਕੇ ਅਕਸਰ ਸੋਚਦੀ ਹਾਂ ਕਿ ਸੱਚਮੁੱਚ ਕਲਾ ਉਹ ਹੈ ਜੋ ਦੂਜੇ ਦੀ ਜ਼ਿੰਦਗੀ ਨੂੰ ਬਣਾਉਂਦੀ ਹੈ। ਇਹ ਠੀਕ ਹੈ ਕਿ ਸਾਨੂੰ ਸਾਹਿਬ ਦੀ ਲੋੜ ਹੈ। ਸਾਹਿਤ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਮਦਦ ਕਰਦਾ ਹੈ। ਸਾਹਿਬ ਲੋਕਾਂ ਨੂੰ ਜ਼ਿੰਦਗੀ ਨਾਲ ਜੋੜਦਾ ਹੈ। ਪਰ ਕੀ ਇਕ ਸਾਹਿਤਕਾਰ ਸਿਰਜਣਾ ਕਰਕੇ ਖਤਮ ਹੋ ਜਾਂਦੀ ਹੈ? ਕੀ ਇਹ ਜਰੂਰੀ ਨਹੀਂ ਕਿ ਸਾਹਿਤਕਾਰ ਸਾਹਿਤ ਸਿਰਜਣਾ ਦੇ ਨਾਲ ਨਾਲ ਅਜਿਹਾ ਕੁਝ ਕਰੇ ਜਿਸ ਨਾਲ ਉਹ ਦੂਜਿਆਂ ਦੀ ਮਦਦ ਕਰ ਸਕੇ? ਕੀ ਸਾਹਿਤ ਦੇ ਸਿਰਜਣਾ ਸਿਰਫ ਨਾਮਣਾ ਕੱਢਣ ਲਈ ਕੀਤੀ ਜਾਣੀ ਚਾਹੀਦੀ ਹੈ?
ਅਜਿਹੇ ਲੋਕ ਜੋ ਇਹ ਸੋਚਦੇ ਹਨ ਕਿ ਸਾਹਿਬ ਉਹਨਾਂ ਨੂੰ ਮਸ਼ਹੂਰ ਕਰਨ ਦਾ ਇੱਕ ਜਰੀਆ ਹੈ ਸਾਹਿਤਕਾਰ ਕਹਾਉਣ ਦੇ ਯੋਗ ਨਹੀਂ। ਕਿਸੇ ਵੀ ਸਾਹਿਤਕਾਰ ਲਈ ਇੱਕ ਚੰਗਾ ਮਨੁੱਖ ਹੋਣਾ ਪਹਿਲੀ ਸ਼ਰਤ ਹੈ। ਦੂਜਿਆਂ ਤੇ ਆ ਸਮੱਸਿਆਵਾਂ ਨੂੰ ਬਰੀਕ ਨਜ਼ਰੀਏ ਨਾਲ ਦੇਖਣਾ ਸਮਝਣਾ ਉਹਨਾਂ ਬਾਰੇ ਲਿਖਣਾ ਬਹੁਤ ਜਰੂਰੀ ਹੈ। ਇਕ ਸਾਹਿਤਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਗੱਲ ਕਰੇ। ਸਿਰਫ ਇਸ਼ਕ ਮੁਹੱਬਤ ਵਿਛੋੜੇ ਦੀ ਗੱਲ ਕਰਨਾ ਸਾਹਿਤਕਾਰ ਲਈ ਸਹੀ ਨਹੀਂ। ਠੀਕ ਹੈ ਇਹ ਭਾਵਨਾਵਾਂ ਬਹੁਤ ਜਰੂਰੀ ਹਨ ਪਰ ਸਾਡੇ ਸਮਾਜ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਆਪਣੇ ਸਾਹਿਤ ਰਾਹੀਂ ਉਹਨਾਂ ਬਾਰੇ ਗੱਲ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਹੈ।
ਜੇਕਰ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਮਦਦਗਾਰ ਨਹੀਂ ਬਣਦੇ ਤਾਂ ਅਸੀਂ ਕਿਸ ਤਰ੍ਹਾਂ ਦੇ ਸਾਹਿਤਕਾਰ ਹਾਂ? ਅਸੀਂ ਆਪਣੇ ਸਮਾਜ ਵਿੱਚ ਕੀ ਯੋਗਦਾਨ ਪਾ ਰਹੇ ਹਾਂ? ਜੇਕਰ ਅਸੀਂ ਮਨੁੱਖਤਾ ਦੇ ਹੱਕ ਵਿੱਚ ਨਹੀਂ ਖੜਦੇ ਤਾਂ ਅਸੀਂ ਸਾਹਿਤਕਾਰ ਕਹਾਉਣ ਦੇ ਤਾਂ ਕਿ ਮਨੁੱਖ ਕਹਾਉਣ ਦੇ ਵੀ ਯੋਗ ਨਹੀਂ। ਜੰਗਾਂ ਯੁੱਧਾਂ ਦੇ ਵੇਲੇ ਇਸ਼ਕ ਮੁਹੱਬਤ ਦੀ ਬਾਤ ਬੇਮਾਨੀ ਲੱਗਦੀ ਹੈ। ਉਹ ਲੋਕ ਜੇ ਲੁਕਾਈ ਦੇ ਦਰਦ ਦੀ ਗੱਲ ਕਰਦੇ ਹਨ ਸਾਨੂੰ ਆਪਣੇ ਮਹਿਸੂਸ ਹੁੰਦੇ ਹਨ। ਸਾਡੇ ਕੋਲ ਅਨੇਕਾਂ ਅਜਿਹੀਆਂ ਰਚਨਾਵਾਂ ਹਨ ਜੋ ਉਸ ਸਮੇਂ ਦੇ ਹਾਲਾਤ ਨੂੰ ਬਿਆਨ ਕਰਦੀਆਂ ਹਨ ਜਿਸ ਵੇਲੇ ਉਹਨਾਂ ਦੀ ਰਚਨਾ ਹੋਈ ਹੈ।
ਸਾਹਿਤਕ ਰਚਨਾਵਾਂ ਸਿਰਫ ਸਾਹਿਤਕ ਨਹੀਂ ਹੁੰਦੀਆਂ ਇਤਿਹਾਸਿਕ ਘਟਨਾਵਾਂ ਦਾ ਵੀ ਜ਼ਿਕਰ ਕਰਦੀਆਂ ਹਨ। ਕਿਸੇ ਵੀ ਸਾਹਿਤਿਕ ਰਚਨਾ ਤੋਂ ਤੁਸੀਂ ਉਸ ਸਮੇਂ ਵਾਪਰਨ ਵਾਲੇ ਵਾਲੀਆਂ ਘਟਨਾਵਾਂ ਅਤੇ ਉਸ ਸਮੇਂ ਦੇ ਮਾਹੌਲ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕਿਸੇ ਸਮੇਂ ਵਿੱਚ ਕਿਹੋ ਜਿਹਾ ਸੰਗੀਤ ਸੀ ਕਿਹੋ ਜਿਹੀ ਕਲਾ ਸੀ ਇਸ ਬਾਰੇ ਵੀ ਜਾਣਕਾਰੀ ਸਾਨੂੰ ਸਾਹਿਤ ਚੋਂ ਮਿਲਦੀ ਹੈ।
ਪੰਜਾਬ ਦੇ ਹਰ ਦੁਖਾਂਤ ਨੂੰ ਇੱਥੋਂ ਦੇ ਸਾਹਿਤਕਾਰਾਂ ਨੇ ਬਾਖੂਬੀ ਵਰਣਨ ਕੀਤਾ ਹੈ। ਜੇਕਰ ਅਸੀਂ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਦੇ ਸਮੇਂ ਲੋਕਾਂ ਦੀ ਮਨੋਦਸ਼ਾ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਉਸ ਸਮੇਂ ਤੇ ਸਾਹਿਤ ਨੂੰ ਖੰਗਾਲ ਕੇ ਅਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਕ ਸਾਹਿਤਕਾਰ ਆਪਣੇ ਆਲੇ ਦੁਆਲੇ ਤੋਂ ਦੂਰ ਹੋ ਕੇ ਕਦੀ ਵੀ ਸਾਹਿਤ ਦੀ ਰਚਨਾ ਨਹੀਂ ਕਰ ਸਕਦਾ। ਫਿਰ ਜਦੋਂ ਤੁਹਾਡੇ ਤੇ ਇੰਨੀ ਵੱਡੀ ਜਿੰਮੇਵਾਰੀ ਹੋਵੇ ਤਾਂ ਕਿਵੇਂ ਤੁਸੀਂ ਆਪਣੀ ਜਿੰਮੇਵਾਰੀ ਤੋਂ ਪਰਾ ਹਟ ਕੇ ਕੁਝ ਲਿਖ ਸਕਦੇ ਹੋ। ਇਹ ਸੰਭਵ ਹੀ ਨਹੀਂ ਹੈ। ਸਾਹਿਤ ਜਗਤ ਵਿੱਚ ਉਹਨਾਂ ਲੋਕਾਂ ਨੂੰ ਹੀ ਥਾਂ ਮਿਲਦੀ ਹੈ ਜੋ ਉਸ ਸਮੇਂ ਦੇ ਮਾਹੌਲ ਤੇ ਮੁਤਾਬਕ ਰਚਨਾਵਾਂ ਲਿਖਦੇ ਹਨ।
ਰਿਐਕਟਿਵ ਪੋਏਟਰੀ ਭਾਵ ਕਿਸੇ ਸਮੇਂ ਦੌਰਾਨ ਵਾਪਰ ਰਹੀਆਂ ਘਟਨਾਵਾਂ ਦੇ ਪ੍ਰਤੀਕਰਮ ਵਿੱਚ ਰਚਿਆ ਗਿਆ ਸਾਹਿਤ ਜਾਂ ਕਵਿਤਾਵਾਂ ਉਸ ਸਮੇਂ ਦਾ ਸ਼ੀਸ਼ਾ ਬਣ ਜਾਂਦੀਆਂ ਹਨ। ਬਹੁਤ ਸਾਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਕਿ ਉਹਨਾਂ ਨੂੰ ਰਿਐਕਟਿਵ ਲਿਟਰੇਚਰ ਕਿਹਾ ਜਾ ਸਕਦਾ ਹੈ। ਬਹੁਤ ਜਰੂਰੀ ਵੀ ਹੁੰਦਾ ਹੈ ਕਿ ਸਾਹਿਤਕਾਰ ਆਪਣੇ ਆਲੇ ਦੁਆਲੇ ਵਿੱਚ ਵਾਪਰ ਰਹੀਆਂ ਘਟਨਾਵਾਂ ਉੱਤੇ ਆਪਣਾ ਪ੍ਰਤੀਕਰਮ ਦਵੇ। ਪੀੜਿਤ ਲੋਕਾਂ ਦੀ ਆਵਾਜ਼ ਬਣੇ। ਇਹ ਉਸਦਾ ਫਰਜ ਵੀ ਹੈ ਤੇ ਉਸਦੇ ਮਨ ਦੀ ਆਵਾਜ਼ ਵੀ।
ਅੱਜ ਅਜਿਹਾ ਬਹੁਤ ਸਾਰਾ ਸਾਹਿਤ ਸਾਡੀ ਨਜ਼ਰ ਵਿੱਚ ਆਉਂਦਾ ਹੈ। ਗੱਲ ਰੂਸ ਤੇ ਯੂਕਰੇਨ ਦੇ ਯੁੱਧ ਦੀ ਹੋਵੇ ਜਾਂ ਇਜਰਾਇਲ ਤੇ ਫਿਲਸਤੀਨ ਦੀ, ਪੰਜਾਬ ਚੋਂ ਹੋ ਰਹੇ ਪ੍ਰਵਾਸ ਦੀ ਗੱਲ ਹੋਵੇ ਜਾਂ ਪੰਜਾਬ ਵਿੱਚ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਇਹਨਾਂ ਵਿੱਚੋਂ ਕੋਈ ਵੀ ਮਸਲਾ ਸਾਹਿਤ ਨੇ ਅਣਦੇਖਿਆ ਨਹੀਂ ਕੀਤਾ। ਇਸ ਸਾਹਿਤਕਾਰ ਦਾ ਧਰਮ ਵੀ ਹੈ ਤੇ ਉਸਦੀ ਸਾਹਿਤ ਰਚਨਾ ਲਈ ਪ੍ਰੇਰਨਾ ਵੀ। ਇਸੇ ਲਈ ਤਾਂ ਕਹਿੰਦੇ ਹਨ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly