ਸਾਹਿਤਕ ਕਲਾਕਾਰ ਦਾ ਸੁਰਿੰਦਰ ਰਾਮਪੁਰੀ ਵਿਸ਼ੇਸ਼ ਅੰਕ ਸਾਂਭਣ ਯੋਗ ਤੇ ਵਿਸ਼ੇਸ਼-ਰਘਬੀਰ ਭਰਤ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਲਿਖਾਰੀ ਸਭਾ ਰਾਮਪੁਰ  ਦੀ ਵਿਸ਼ੇਸ਼  ਇਕੱਤਰਤਾ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ  ਹਾਲ  ਵਿਚ  ਹੋਈ। ਪ੍ਰਧਾਨਗੀ ਸਭਾ ਦੇ ਪ੍ਰਧਾਨ  ਅਨਿਲ ਫਤਿਹਗੜ੍ਹ  ਜੱਟਾਂ ਨੇ ਕੀਤੀ । ਇਸ ਇਕੱਤਰਤਾ  ਵਿਚ  ਤਿਮਾਹੀ ਮੈਗਜ਼ੀਨ ‘ਸਾਹਿਤਕ  ਕਲਾਕਾਰ’ ਦਾ ਜਨਵਰੀ-ਮਾਰਚ 2025 ਅੰਕ ਜੋ ਸੁਰਿੰਦਰ  ਰਾਮਪੁਰੀ ਵਿਸ਼ੇਸ਼  ਅੰਕ ਵਜੋਂ ਪ੍ਰਕਾਸ਼ਿਤ  ਹੋਇਆ  ਹੈ, ਲੋਕ-ਅਰਪਣ ਕੀਤਾ ਗਿਆ। ਇਸ ਅੰਕ ਬਾਰੇ ਦੋ ਪਰਚੇ ਪੜ੍ਹੇ ਗਏ।  ਰਘਬੀਰ  ਸਿੰਘ  ਭਰਤ ਨੇ ਆਪਣੇ ਪਰਚੇ ਵਿਚ  ਕਿਹਾ ਕਿ ਇਸ ਅੰਕ ਵਿਚ  ਸੁਰਿੰਦਰ  ਰਾਮਪੁਰੀ ਦੀ ਸਾਹਿਤਕ  ਸਿਰਜਣਾ ਦਾ ਸੁਚੱਜਾ ਲੇਖਾ-ਜੋਖਾ ਪੇਸ਼ ਕੀਤਾ ਗਿਆ  ਹੈ। ਇਹ ਵਿਸ਼ੇਸ਼  ਅੰਕ  ਇਕ ਦਸਤਾਵੇਜ  ਹੈ,ਜਿਸ ਦਾ ਮੁੱਲ  ਅਤੇ ਮਹੱਤਵ ਸਦੀਵੀ ਹੈ। ਤੇਲੂ ਰਾਮ  ਕੁਹਾੜਾ ਨੇ ਆਪਣੇ ਪਰਚੇ ਵਿਚ  ਕਿਹਾ ਕਿ ਇਸ ਅੰਕ ਵਿੱਚੋਂ ਸੁਰਿੰਦਰ  ਰਾਮਪੁਰੀ ਦੀ ਜੀਵਨ ਸ਼ੈਲੀ,ਲਿਖਣ ਸ਼ੈਲੀ, ਸਖਸ਼ੀਅਤ ਅਤੇ ਸਾਹਿਤਕ  ਪ੍ਰਾਪਤੀ  ਬਾਰੇ ਵਿਸਥਾਰ ਪੂਰਵਕ  ਅਤੇ ਪ੍ਰਭਾਵਸਾਲੀ  ਜਾਣਕਾਰੀ  ਮਿਲਦੀ ਹੈ। ਸੁਰਿੰਦਰ  ਰਾਮਪੁਰੀ ਨੇ ਕਿਹਾ ਕਿ ਮੈਂ ਇਹ ਅੰਕ  ਪੰਜਾਬੀ ਲਿਖਾਰੀ ਸਭਾ ਰਾਮਪੁਰ  ਦੀ ਨਵੀਂ ਪੀੜ੍ਹੀ ਨੂੰ ਸਮਰਪਿਤ  ਕਰਦਾ ਹਾਂ। ਲੇਖਕਾਂ ਦੀ ਭਰਵੀਂ ਹਾਜ਼ਰੀ ਵਿਚ  ਸਭਾ ਦੇ ਸਭ ਤੋਂ ਛੋਟੀ ਉਮਰ ਦੇ ਲੇਖਕਾਂ  ਸਿਮਰਨਜੀਤ ਕੌਰ  ਅਤੇ ਪ੍ਰਭਜੋਤ  ਰਾਮਪੁਰ  ਨੇ ਇਹ ਅੰਕ ਰੀਲੀਜ਼ ਕੀਤਾ।  ਸਭਾ ਦੇ ਪ੍ਰਧਾਨ  ਅਨਿਲ ਫਤਿਹਗੜ੍ਹ  ਜੱਟਾਂ ਨੇ ਕਿਹਾ ਕਿ ਇਹ ਸਭਾ ਲਗਾਤਾਰ  ਆਪਣਾ  ਵਿਰਸਾ ਵੀ ਸੰਭਾਲ  ਰਹੀ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਮਾਣ-ਸਤਿਕਾਰ  ਨਾਲ  ਆਪਣੇ ਨਾਲ ਜੋੜ ਰਹੀ ਹੈ। ਸਭਾ ਦੀ ਨਵੀਂ ਪੀੜ੍ਹੀ ਤੋਂ ਇਹ ਅੰਕ ਰੀਲੀਜ਼ ਕਰਵਾ ਕੇ ਸਭਾ ਨੇ ਇਕ ਹੋਰ ਨਿਵੇਕਲੀ ਪਹਿਲ  ਕੀਤੀ ਹੈ। ਰਚਨਾਵਾਂ ਦੇ ਦੌਰ  ਵਿਚ  ਗੁਰਮੀਤ  ਆਰਿਫ  ਨੇ ਕਹਾਣੀ ‘ਆਬ’ , ਜਸਵੀਰ  ਝੱਜ  ਨੇ ਰੂਸੀ ਸਫ਼ਰਨਾਮੇ ਦੇ ਅਨੁਵਾਦ  ਦਾ ਇਕ  ਕਾਂਡ ਅਤੇ ਤੇਲੂ ਰਾਮ  ਕੁਹਾੜਾ ਨੇ ਸੁਰਜੀਤ ਮਰਜਾਰਾ  ਦੀ ਪੁਸਤਕ  ‘ਜਦੋਂ ਅਸੀਂ ਕਸ਼ਮੀਰ ਗਏ ‘ ਨੂੰ ਆਧਾਰ  ਬਣਾ ਕੇ  ਲਿਖਿਆ ਯਾਦਗਾਰੀ ਨਿਬੰਧ ਪੜ੍ਹਿਆ। ਕਰਨੈਲ ਸਿਵੀਆ, ਕਮਲਜੀਤ  ਨੀਲੋਂ, ਅਨਿਲ ਫਤਿਹਗੜ੍ਹ ਜੱਟਾਂ,ਬਲਵੰਤ  ਮਾਂਗਟ,  ਹਰਬੰਸ  ਭੈਣੀ ਸਾਹਿਬ,  ਤਰਨਜੀਤ  ਗਰੇਵਾਲ  ਅਤੇ ਹਰਬੰਸ ਮਾਲਵਾ ਨੇ ਗੀਤ ਸੁਣਾਏ। ਅਮਰਿੰਦਰ  ਸੋਹਲ  ਨੇ ਗ਼ਜ਼ਲ  ਪੜ੍ਹੀ।  ਨੀਤੂ ਰਾਮਪੁਰ,  ਪ੍ਰਭਜੋਤ ਰਾਮਪੁਰ,  ਸਿਮਰਨਜੀਤ ਕੌਰ,  ਅਵਤਾਰ  ਸਿੰਘ  ਉਟਾਲਾਂ ਅਤੇ  ਮਾਲੜਾ ਨੇ ਕਵਿਤਾਵਾਂ  ਪੜ੍ਹੀਆਂ। ਹਰਲੀਨ  ਰਾਮਪੁਰ  ਨੇ ਆਪਣੀ ਅੰਗਰੇਜੀ ਕਵਿਤਾ  ਪੜ੍ਹੀ।  ਪੜ੍ਹੀਆਂ ਗਈਆਂ ਰਚਨਾਵਾਂ ਤੇ ਹੋਈ ਚਰਚਾ ਵਿਚ   ਸੁਖਵਿੰਦਰ  ਭਾਦਲਾ, ਰਘਬੀਰ  ਸਿੰਘ ਭਰਤ,  ਸੁਰਿੰਦਰ  ਰਾਮਪੁਰੀ, ਸਨੇਹ ਇੰਦਰ ਮੀਲੂ, ਅਮਨ ਆਜ਼ਾਦ, ਟਹਿਲ  ਸਿੰਘ  ਜੱਸਲ ਅਤੇ ਹੈਡਮਾਸਟਰ  ਦਰਸ਼ਨ ਸਿੰਘ  ਨੇ ਭਾਗ ਲਿਆ।  ਸਦੀਵੀ ਵਿਛੋੜਾ ਦੇ ਗਏ  ਸਾਹਿਤਕਾਰ  ਕਮਲਜੀਤ  ਮਾਂਗਟ  ਅਤੇ ਸ਼ਮੀਮ  ਪਾਇਲਵੀ ਨੂੰ ਸ਼ਰਧਾਂਜਲੀ ਭੇਟ  ਕੀਤੀ ਗਈ।  ਅੰਤ ਵਿਚ ਸਭਾ ਦੇ  ਪ੍ਰਧਾਨ  ਅਨਿਲ ਫ਼ਤਿਹਗੜ੍ਹ  ਜੱਟਾਂ ਨੇ  ਆਏ  ਲੇਖਕਾਂ ਦਾ ਧੰਨਵਾਦ  ਕੀਤਾ।  ਮੰਚ ਸੰਚਾਲਨ  ਸਭਾ ਦੇ ਜਨਰਲ  ਸਕੱਤਰ  ਬਲਵੰਤ  ਨੇ ਕੀਤਾ। ਇਹ ਵਿਸ਼ੇਸ਼ ਇਕੱਤਰਤਾ ਸਵੇਰੇ ਗਿਆਰਾਂ ਵਜੇ ਤੋਂ  ਸ਼ਾਮ ਦੇ ਛੇ ਵਜੇ ਤਕ  ਜਾਰੀ  ਰਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉਦਾਸ ਰੂਹਾਂ ਤੇ ਭਟਕੀਆਂ ਦੇਹਾਂ !
Next article*ਸਵ: ਡਾ: ਮਨਮੋਹਨ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ੇਸ਼ ਗੁਰਮਤਿ ਸਮਾਗਮ*