(ਸਮਾਜ ਵੀਕਲੀ)
ਲੋਕ ਸਾਂਝ ਚਿਰਾਂ ਦੀ ਪੁਰਾਣੀ,ਬਹਿ ਜਾ ਸੁਣ ਮੈਥੋਂ ਕਾਮਿਆਂ ।
ਗੱਲ ਪੂਰੀ ਪੂਰੀ ਸੱਚ ਜਾਣੀ, ਬਹਿ ਜਾ ਸੁਣ ਮੈਥੋਂ ਕਾਮਿਆਂ । ….
ਹਰ ਤੇਰਾ ਹੀ ਓਹੋ ਸਾਥੀ ਜੋ ਦਿਹਾੜੀਆਂ ਹੈ ਕਰਦੈ,
ਖੇਤਾਂ ‘ਚ ਕਿਸਾਨ ਦੇਖ ਲਾ ਬਹੁਤਾ ਟੁੱਟ ਟੁੱਟ ਮਰਦੈ ।
ਕੋਈ ਖਿੱਚੇ ਰੇਹੜੀ ਕੋਈ ਜਾਦਾਂ ਖੋਖੇ-ਨੁਮਾ ਦੁਕਾਨ ਤੇ,
ਰਿਟਾਇਰ ਫੌਜ਼ੀ ਰਾਖੀ ਬੈਠਾ ਬੈਂਕ ਦੇ ਸਮਾਨ ਤੇ ।
ਕਿਰਤਾਂ ਦੀ ਲੁੱਟ ਬੜੀ ਹੀ ਪੁਰਾਣੀ… ..
ਕੋਠੀ ਹੋਟਲ ਬੰਗਲਿਆਂ ‘ਚ ਬੱਚੇ ਭਾਂਡੇ ਧੋਂਦੇ ਨੇ,
ਬਜਾਰਾਂ ‘ਚ ਫਸੇ ਹੋਏ ਬੱਚੇ ਮਾਪਿਆਂ ਨੂੰ ਰੋਂਦੇ ਨੇ ।
ਅਨਪੜ੍ਹ ਜਿਹਾ ਲਾਣਾ ਸਿੱਧਾ ਠੇਡੇ ਖਾਣ ਜੰਮਿਆਂ,
ਲੋਕ-ਪੱਖੀ ਕਾਨੂੰਨ ਰੱਦ ਦਿੱਤੇ ਅੱਤ ਦੇ ਨਿਕੰਮਿਆਂ ।
ਅਜੇ ਤੱਕ ਖਪ ਰਿਹੈ ਹਰ ਮਿਹਨਤੀ ਪ੍ਰਾਣੀ….
ਮੰਡੀਆਂ ਵਿੱਚ ਝਾੜੂ ਵਾਲਾ ਜਾਂ ਕੋਈ ਪੱਲੇਦਾਰ ਹੈ ,
ਘੱਟੇ ਵਿੱਚ ਰੁਲ਼ ਜਾਂਦੇ ਅਗੇਤਾ ਮੌਤ ਵੱਲ ਸਰੋਕਾਰ ਹੈ ।
ਭੱਠਿਆਂ ਤੇ ਤਪ ਰਹੀ ਉਪਰਾਮ ਰਿੱਝ ਰਹੀ ਜਿੰਦਗੀ,
ਗੁਲਾਮੀ ਦਿਆਂ ਮਨਸੂਬਿਆਂ ਤੋਂ ਖਿਝ ਰਹੀ ਜਿੰਦਗੀ,।
ਵਧਾ ਲਵੀਂ ਮਿੱਠੀ ਬੋਲ ਬਾਣੀ,…
ਨੌਕਰੀ ਵਾਲੇ ਦਾ ਲੱਗੇ ਜਿਵੇਂ ਸਮਾਂ ਹੀ ਸੁਖਾਲਾ ਹੈ,
ਉਨ੍ਹਾਂ ਦਾ ਭਵਿੱਖ ਕਿਵੇਂ ਦਮ ਘੁੱਟ ਹੋਣ ਵਾਲਾ ਹੈ ।
ਕਾਹਲੀ ਵਿੱਚ ਸੋਚੇਂ ਆਮ ਲੋਕੀ ਜਿਵੇਂ ਤੇਰੇ ਵੈਰੀ ਨੇ,
ਕਦੇ ਪੇਂਡੂਆਂ ਨੂੰ ਵਹਿਮ ਕਿ ਦੋਸ਼ੀ ਉਹਦੇ ਸ਼ਹਿਰੀ ਨੇ ।
ਬੜੀ ਤੰਗ ਦਿਲੀ ਐਂਵੇਂ ਮਨ ਵਿੱਚ ਤਾਣੀ….
ਸਿੱਖੇ ਅਣਸਿੱਖੇ ਟੁੱਟੇ ਜਾ ਰਹੇ ਨੇ ਦਿਹਾੜੀ ਤੋਂ,
ਕਿਸ਼ਤਾਂ ਤੋਂ ਥੁੜੇ ਰਹਿੰਦੇ ਘਿਰੀ ਜਾਂਦੇ ਨੇ ਅਗਾੜੀ ਤੋਂ ।
ਹਰ ਚੋਣ-ਮੇਲੇ ਸਮੇਂ ਹੁੰਦਾ ਗੈਰ-ਰਾਜਸੀ ਮਹੌਲ ਹੈ,
ਦੇਸ਼ ਵਿੱਚ ਚੱਲ ਰਿਹੈ ਇਹ ਅਰਾਜਨੈਤਿਕੀ ਮਾਖੌਲ ਹੈ ।
ਸਿਰਾਂ ਉੱਤੋਂ ਕਦੋਂ ਦਾ ਲੰਘ ਚੁੱਕਾ ਪਾਣੀ …. ਬਹਿ ਜਾ ਸੁਣ ਮੈਥੋਂ ਕਾਮਿਆਂ !
ਸੁਖਦੇਵ ਸਿੱਧੂ…..
ਸੰਪਰਕ ਨੰਬਰ :
9888633481 .
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly