(ਸਮਾਜ ਵੀਕਲੀ) ਰੌਸ਼ਨੀ ਅਤੇ ਹਨੇਰਾ ਇੱਕ ਦੂਜੇ ਦੇ ਦੁਸ਼ਮਣ ਹਨ l ਇਸੇ ਕਰਕੇ ਜਿੱਥੇ ਇੱਕ ਹੋਵੇ ਉੱਥੇ ਦੂਜਾ ਨਹੀਂ ਹੁੰਦਾ l ਇਸੇ ਤਰ੍ਹਾਂ ਗਿਆਨ ਅਤੇ ਅਗਿਆਨ ਇੱਕ ਦੂਜੇ ਦੇ ਦੁਸ਼ਮਣ ਹਨ l ਜਿੱਥੇ ਇੱਕ ਹੋਵੇ ਉੱਥੇ ਦੂਜਾ ਨਹੀਂ ਹੁੰਦਾ l
ਜਿਆਦਾ ਭਾਰਤੀ ਲੋਕ ਮੰਨਦੇ ਹਨ ਕਿ ਰੱਬ ਨੇ ਹੀ ਦੁਨੀਆਂ ਬਣਾਈ ਹੈ ਉਹ ਹੀ ਸਭ ਕੁੱਝ ਲਈ ਜ਼ਿੰਮੇਵਾਰ ਹੈ l ਉਸ ਦੇ ਹੁਕਮ ਅਨੁਸਾਰ ਹੀ ਸਭ ਕੁੱਝ ਹੁੰਦਾ ਹੈ ਭਾਵ ਰੱਬ ਹੀ ਗਿਆਨ ਦਾ ਅਤੇ ਰੌਸ਼ਨੀ ਦਾ ਭੰਡਾਰ ਹੈ l
ਇਸ ਸਭ ਦੇ ਬਾਵਯੂਦ ਉਹੀ ਭਾਰਤੀ ਦੀਵੇ ਜਗਾ ਕੇ ਰੌਸ਼ਨੀ ਵੀ ਭਗਵਾਨ ਦੇ ਘਰ ਵਿੱਚ ਹੀ ਕਰਦੇ ਹਨ l ਜੇਕਰ ਭਗਵਾਨ ਰੌਸ਼ਨੀ ਦਾ ਭੰਡਾਰ ਹੈ ਤਾਂ ਉਸ ਨੂੰ ਦੀਵਿਆਂ ਦੀ ਲੋੜ ਕਿਉਂ ਹੈ? ਉਸ ਨੂੰ ਤਾਂ ਦੂਜਿਆਂ ਦਾ ਹਨੇਰਾ ਦੂਰ ਕਰਨਾ ਚਾਹੀਦਾ ਹੈ l
ਰੌਸ਼ਨੀ ਤਾਂ ਉਨ੍ਹਾਂ ਗਰੀਬਾਂ/ਲੋੜਵੰਦਾਂ ਦੇ ਘਰ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਘਰ ਆਸ ਦੀ ਕਿਰਨ ਵੀ ਖਤਮ ਹੁੰਦੀ ਜਾ ਰਹੀ ਹੈ l ਦੀਵਿਆਂ ਦਾ ਤੇਲ ਉਨ੍ਹਾਂ ਲੋਕਾਂ ਨੂੰ ਦੇਣ ਦੀ ਲੋੜ ਹੈ ਜਿਨ੍ਹਾਂ ਕੋਲ ਆਪਣੇ ਸਰੀਰ ਨੂੰ ਲਗਾਉਣ ਲਈ ਵੀ ਤੇਲ ਨਹੀਂ ਹੈ, ਜਿਨ੍ਹਾਂ ਦੇ ਹੱਥਾਂ ਪੈਰਾਂ ਦੀ ਚਮੜੀ ਕੰਮ ਕਰਕੇ ਖੁਸ਼ਕੀ ਨਾਲ ਫਟ ਜਾਂਦੀ ਹੈ ਅਤੇ ਉਨ੍ਹਾਂ ਦੇ ਵਾਲਾਂ ਨੂੰ ਲਗਾਉਣ ਲਈ ਵੀ ਤੇਲ ਨਹੀਂ ਹੈ l ਉਨ੍ਹਾਂ ਲੋੜਵੰਦਾਂ ਦੇ ਘਰ ਤਾਂ ਤੁੜਕਾ ਲਗਾਉਣ ਲਈ ਵੀ ਤੇਲ ਨਹੀਂ ਹੁੰਦਾ l
ਇਸ ਦੇ ਉਲਟ ਭਗਵਾਨ ਦੇ ਘਰ ਜਗਾਏ ਦੀਵੇ ਪਲੂਸ਼ਨ ਦਾ ਕਾਰਣ ਬਣਦੇ ਹਨ ਅਤੇ ਅੱਗਾਂ ਲੱਗਣ ਦਾ ਕਾਰਣ ਬਣਦੇ ਹਨ l
ਭਗਵਾਨ ਨੂੰ ਰੌਸ਼ਨੀ ਦੀ ਲੋੜ ਨਹੀਂ ਹੈ l ਲੋੜ ਹੈ ਆਪਣੇ ਆਪ ਨੂੰ ਅੰਦਰੋਂ ਰੌਸ਼ਨ ਕਰਨ ਦੀ l ਜਿਸ ਦਿਨ ਆਪਣਾ ਅੰਦਰ ਰੌਸ਼ਨ ਹੋ ਗਿਆ ਤਾਂ ਦੁਨੀਆਂ ਰੌਸ਼ਨ ਹੋ ਜਾਵੇਗੀ l ਇਸ ਤਰ੍ਹਾਂ ਕਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਗਿਆਨ ਰੂਪੀ ਰੌਸ਼ਨੀ ਨਾਲ ਭਰ ਜਾਣਗੀਆਂ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly