ਲਿਫਟਿੰਗ ਟੇਕਲ ਟੁੱਟਣ ਕਾਰਨ ( ਪੀ ਐੱਲ ਡਬਲਯੂ )ਵਿੱਚ ਕਰਮਚਾਰੀ ਦੀ ਦਰਦਨਾਕ ਮੌਤ, ਦੋਸ਼ੀ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ -ਆਈ ਆਰ ਈ ਐੱਫ

 ਰੇਲਵੇ ਵਿੱਚ ਆਊਟਸੋਰਸਿੰਗ ਵਧਣ ਕਾਰਨ ਹਾਦਸਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ- ਸਰਵਜੀਤ ਸਿੰਘ

ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਪਟਿਆਲਾ ਲੋਕੋਮੋਟਿਵ ਵਰਕਸ਼ਾਪ ਦੀ ਲੋਕੋ ਅਸੈਂਬਲੀ ਸ਼ਾਪ (ਐੱਲ.ਏ.ਐੱਸ.) ‘ਚ ਆਪਣੀ ਡਿਊਟੀ ‘ਤੇ ਕੰਮ ਕਰ ਰਹੇ ਕਰਮਚਾਰੀ ਰਜਨੀਸ਼ ਦੂਬੇ ‘ਤੇ ਲਿਫਟਿੰਗ ਟੈਕਲ ਟੁੱਟਣ ਕਾਰਨ ਲੋਕੋ ਡਿੱਗ ਗਿਆ, ਕਰਮਚਾਰੀ ਰਜਨੀਸ਼ ਦੂਬੇ  ਲਪੇਟ ‘ਚ ਆ ਗਿਆ ਅਤੇ ਉਹਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ।
 ਇਸ ਮਾਮਲੇ ਵਿੱਚ ਪ੍ਰੈਸ ਬਿਆਨ ਜਾਰੀ ਕਰਦਿਆਂ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਰਾਸ਼ਟਰੀ ਸੰਗਠਨ ਸਕੱਤਰ ਜੁਮੇਰਦੀਨ ਨੇ ਕਿਹਾ ਕਿ ਇਹ ਹਾਦਸਾ ਅਚਾਨਕ ਨਹੀਂ ਵਾਪਰਿਆ, ਇਸਦੇ ਪਿੱਛੇ ਰੇਲਵੇ/ਪੀਐਲਡਬਲਯੂ ਪ੍ਰਸ਼ਾਸਨ ਦੁਆਰਾ ਸੁਰੱਖਿਆ ਦੀ ਲਗਾਤਾਰ ਕੀਤੀ ਜਾ ਰਹੀ ਅਣਗਹਿਲੀ ਦੀ ਵਿਸਤ੍ਰਿਤ ਰੂਪਰੇਖਾ ਹੈ।  ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਸਾਰਾ ਧਿਆਨ ਸਿਰਫ ਉਤਪਾਦਨ ‘ਤੇ ਹੈ, ਉਨ੍ਹਾਂ ਨੂੰ ਮਾੜੀ ਮਸ਼ੀਨਰੀ, ਘਟੀਆ ਮਟੀਰੀਅਲ, ਮਾੜੇ ਕਾਰਜ ਪ੍ਰਣਾਲੀ ਅਤੇ ਮੁਲਾਜ਼ਮਾਂ ਦੀ ਭਲਾਈ ਆਦਿ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਮੁਲਾਜ਼ਮ ਦੀ ਦਰਦਨਾਕ ਮੌਤ ਪ੍ਰਸ਼ਾਸਨਿਕ ਅਯੋਗਤਾ ਕਾਰਨ ਹੋਈ ਹੈ ਪਟਿਆਲਾ ਲੋਕੋਮੋਟਿਵ ਵਰਕਸ਼ਾਪ ਦੇ ਮੁਲਾਜ਼ਮਾਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਅਤੇ ਭਾਰੀ ਗੁੱਸਾ ਹੈ । ਜਿਸ ਕਾਰਨ ਅੱਜ ਕਰਮਚਾਰੀ ਕੌਂਸਲ ਦੀ ਅਗਵਾਈ ਹੇਠ ਸਮੂਹ ਮੁਲਾਜ਼ਮ ਲੋਕੋ ਅਸੈਂਬਲੀ ਸ਼ਾਪ ਵਿੱਚ ਧਰਨਾ ਦੇ ਕੇ ਬੈਠੇ ਹਨ ਅਤੇ ਜਦੋਂ ਤੱਕ ਦੋਸ਼ੀ ਅਧਿਕਾਰੀ ਦੀ ਤੁਰੰਤ ਬਦਲੀ ਨਹੀਂ ਕੀਤੀ ਜਾਂਦੀ, ਉਕਤ ਹਾਦਸੇ ਦੀ ਉੱਚ ਪੱਧਰੀ ਜਾਂਚ ਕਰਵਾਉਣ, ਡਿਊਟੀ ਰੋਸਟਰ ਪੂਰੀ ਤਰ੍ਹਾਂ ਲਾਗੂ ਕਰਨ, ਕਾਰਜ ਪ੍ਰਣਾਲੀ ਵਿਚ ਸੁਧਾਰ, ਐੱਲ.ਏ.ਐੱਸ. ਦੇ ਵਰਕਸ ਮੈਨੇਜਰ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰਨ, ਕਰਮਚਾਰੀ ਦੇ ਪਰਿਵਾਰ ਨੂੰ ਸੀ.ਜੀ.ਏ. ਤੇ ਐਕਸ-ਗ੍ਰੇਸ਼ੀਆ ਆਦਿ ਦੀ ਪੂਰਤੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ
ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਕਿਹਾ ਕਿ ਰੇਲਵੇ ‘ਚ ਆਊਟਸੋਰਸਿੰਗ ਬੇਲਗਾਮ ਘੋੜੇ ਵਾਂਗ ਦੌੜ ਰਹੀ ਹੈ, ਕਮਿਸ਼ਨ ਦੀ ਖਾਤਰ ਜਾਣਬੁੱਝ ਕੇ ਘਟੀਆ ਮਸ਼ੀਨਰੀ ਖਰੀਦੀ ਜਾ ਰਹੀ ਹੈ, ਨਵੀਂ ਭਰਤੀ ਨਾਂਹ ਦੇ ਬਰਾਬਰ ਕੀਤੀ ਜਾ ਰਹੀ ਹੈ, ਬੁਨਿਆਦੀ ਢਾਂਚੇ ‘ਚ ਵਾਧਾ ਕੀਤੇ ਬਿਨਾਂ ਉਤਪਾਦਨ ਕੀਤਾ ਜਾ ਰਿਹਾ ਹੈ ਸਗੋਂ ਮੁਲਾਜ਼ਮਾਂ ਨੂੰ ਉਤਪਾਦਨ ਦੀ ਚੱਕੀ ਵਿੱਚ ਪੀਸਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਡਿਊਟੀ ਰੋਸਟਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਮੁਲਾਜ਼ਮਾਂ ਨੂੰ ਛੁੱਟੀ ਵਾਲੇ ਦਿਨ ਡਿਊਟੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਧਮਕੀਆਂ ਅਤੇ ਚਾਰਜਸ਼ੀਟ ਜਾਰੀ ਕੀਤੇ ਜਾਂਦੇ ਹਨ, ਡੱਬਿਆਂ ਵਿੱਚ ਜਾਣਬੁੱਝ ਕੇ ਘਟੀਆ ਕੁਆਲਿਟੀ ਦਾ ਮਟੀਰੀਅਲ ਲਗਾਇਆ ਜਾ ਰਿਹਾ ਹੈ, ਸੁਰੱਖਿਆ ਦੇ ਗੰਭੀਰ ਮਾਪਦੰਡਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ ਇਨ੍ਹਾਂ ਕਾਰਨਾਂ ਕਰਕੇ, ਰੇਲ ਕੋਚ ਫੈਕਟਰੀ ਕਪੂਰਥਲਾ, ਬਨਾਰਸ ਲੋਕੋਮੋਟਿਵ ਵਰਕਸ਼ਾਪ, ਪਟਿਆਲਾ ਲੋਕੋਮੋਟਿਵ ਵਰਕਸ਼ਾਪ, ਮਾਡਰਨ ਕੋਚ ਫੈਕਟਰੀ ਰਾਏਬਰੇਲੀ, ਇੰਟੈਗਰਲ ਕੋਚ ਫੈਕਟਰੀ ਚੇਨਈ ਅਤੇ ਭਾਰਤੀ ਰੇਲਵੇ ਵਿੱਚ ਹਰ ਰੋਜ਼ ਗੰਭੀਰ ਹਾਦਸੇ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਇਨ੍ਹਾਂ ਤੋਂ ਸਬਕ ਲੈਣ ਦੀ ਬਜਾਏ ਆਊਟਸੋਰਸਿੰਗ, ਠੇਕੇਦਾਰੀ, ਆਫਲੋਡਿੰਗ ਰਾਹੀਂ ਰੇਲਵੇ ਨੂੰ ਘੁਣ ਵਾਂਗ ਤਬਾਹ ਕਰ ਰਿਹਾ ਹੈ, ਭਾਰਤ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟ ਅਧਿਕਾਰੀਆਂ ਦੀ ਕਮਿਸ਼ਨ ਖੋਰੀ ਦੇ ਬਦਲੇ ਦੇਸ਼ ਦੇ ਆਮ ਲੋਕ ਅਤੇ ਰੇਲਵੇ ਮੁਲਾਜ਼ਮ ਆਪਣੀਆਂ ਜਾਨਾਂ ਗਵਾ ਕੇ ਭੁਗਤ ਰਹੇ ਹਨ।
 ਸਰਵਜੀਤ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਰੇਲਵੇ ਅਧਿਕਾਰੀਆਂ ਤੱਕ ਵਾਰ-ਵਾਰ ਪਹੁੰਚ ਕਰਨ ਦੇ ਬਾਵਜੂਦ ਵੀ ਉਹ ਇਸ ਪਾਸੇ ਧਿਆਨ ਦੇਣ ਦੀ ਬਜਾਏ ਆਪਣੇ ਕਮਿਸ਼ਨ ਨੂੰ ਲੈ ਕੇ ਜ਼ਿਆਦਾ ਚਿੰਤਤ ਹਨ, ਜਿਸ ਕਰਕੇ ਇਹ ਬਹੁਤ ਹੀ ਗੰਭੀਰ ਮਾਮਲਾ ਹੁਣ ਅਸਹਿ ਹੈ, ਜੇਕਰ ਪ੍ਰਸ਼ਾਸਨ ਨੇ ਇਨ੍ਹਾਂ ‘ਤੇ ਸੁਧਾਰ ਨਾ ਕੀਤਾ ਤਾਂ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਜਲਦੀ ਹੀ ਆਕਰੋਸ਼ਿਤ ਰੇਲਵੇ ਕਰਮਚਾਰੀਆਂ ਨੂੰ ਨਾਲ ਲੈ ਕੇ ਰੇਲਵੇ/ਭਾਰਤ ਸਰਕਾਰ ਵਿਰੁੱਧ ਸੰਘਰਸ਼ ਕਰੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰੀ ਐਲੀਮੈਂਟਰੀ ਸੈਲਫ ਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਸਤੰਤਰਤਾ ਦਿਵਸ ਨੂੰ ਸਮਰਪਿਤ ਸਮਾਰੋ ਆਯੋਜਿਤ
Next articleਸਰਕਾਰੀ ਪ੍ਰਾਇਮਰੀ ਸਕੂਲ ਮਲਕ ਦੇ ਵਿਦਿਆਰਥੀਆਂ ਨੇ ਬਾਲ ਸੰਸਦ ਵੋਟਿੰਗ ਵਿੱਚ ਹਿੱਸਾ ਲਿਆ