ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ

(ਸਮਾਜ ਵੀਕਲੀ)

ਨਾਨਕ ਸ਼ਾਹ ਫ਼ਕੀਰ
ਹਿੰਦੂਆਂ ਦਾ ਗੁਰੂ
ਮੁਸਲਮਾਨਾਂ ਦਾ ਪੀਰ

ਗੁਰੂ ਨਾਨਕ ਦੇਵ ਜੀ ਨੂੰ ਕਿਸੇ ਇਕ ਧਰਮ ਤੱਕ ਮਹਿਦੂਦ ਕਰ ਦੇਣਾ ਉਚਿਤ ਨਹੀਂ। ਉਹ ਮਨੁੱਖਤਾ ਦੇ ਗੁਰੂ ਹਨ।ਹਿੰਦੂ ਤੇ ਮੁਸਲਮਾਨ ਦੋਵੇਂ ਹੀ ਉਨ੍ਹਾਂ ਨੂੰ ਮੰਨਦੇ ਸਨ।ਸਿੱਖ ਧਰਮ ਹੋਂਦ ਵਿੱਚ ਹੀ ਸੋਲ਼ਾਂ ਸੌ ਨੜਿੱਨਵੇ ਵਿਚ ਆਇਆ।ਇਸ ਤਰ੍ਹਾਂ ਗੁਰੂ ਨਾਨਕ ਦੇਵ ਸਰਬ ਸਾਂਝੇ ਗੁਰੂ ਹਨ।ਉਨ੍ਹਾਂ ਦੀਆਂ ਸਿੱਖਿਆਵਾਂ ਸਭ ਲਈ ਹਨ। ਉਨ੍ਹਾਂ ਦੀ ਬਾਣੀ ਸਭ ਦੀ ਸਾਂਝੀ ਬਾਣੀ ਹੈ।ਉਨ੍ਹਾਂ ਨਿਰਾਕਾਰ ਪਰਮਾਤਮਾ ਨੂੰ ਮੰਨਿਆ।ਉਨ੍ਹਾਂ ਮੁਤਾਬਕ ਅਸੀਂ ਸਾਰੇ ਉਸੇ ਪ੍ਰਮਾਤਮਾ ਦਾ ਰੂਪ ਹਾਂ।ਗੁਰੂ ਨਾਨਕ ਦੇਵ ਜੀ ਨੇ ਸਾਦਾ ਸਰਲ ਜੀਵਨ ਬਤੀਤ ਕੀਤਾ ਅਤੇ ਸਾਦਾ ਜੀਵਨ ਦੀ ਹੀ ਸਿੱਖਿਆ ਦਿੱਤੀ।ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਤਿੰਨ ਮੁੱਢਲੇ ਸਿਧਾਂਤ ਹਨ।
ਨਾਮ ਜਪੋ
ਕਿਰਤ ਕਰੋ
ਵੰਡ ਛਕੋ

ਇਨ੍ਹਾਂ ਤਿੰਨਾਂ ਸਿਧਾਂਤਾਂ ਵਿੱਚ ਗੁਰੂ ਨਾਨਕ ਦਾ ਸਾਰਾ ਫਲਸਫਾ ਹੈ।ਉਸ ਨਿਰੰਕਾਰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ।ਉਸ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ।ਉਸ ਦਾ ਨਾਮ ਜਪਦਿਆਂ ਆਪਣੀ ਕਿਰਤ ਵੀ ਕਰਨੀ ਚਾਹੀਦੀ ਹੈ ।ਕਿਰਤ ਮਨੁੱਖ ਦੀ ਅਸਲੀ ਪਛਾਣ ਹੈ।ਜੋ ਵੀ ਸਾਡੇ ਕੋਲ ਹੈ ਉਹ ਵੰਡ ਕੇ ਛਕਣਾ ਚਾਹੀਦਾ ਹੈ।ਇਹ ਨਾ ਹੋਵੇ ਕਿ ਸਾਡੇ ਨੇੜੇ ਕੋਈ ਕਿਸੇ ਚੀਜ਼ ਤੋਂ ਵਾਂਝਾ ਰਹੇ।

ਬੜਾ ਸੌਖਾ ਤੇ ਸਿੱਧਾ ਜਿਹਾ ਫ਼ਲਸਫ਼ਾ ਹੈ।ਜ਼ਿੰਦਗੀ ਨੂੰ ਸਰਲ ਰੂਪ ਵਿਚ ਅਪਨਾਉਣ ਦੀ ਸਿੱਖ ਹੈ।ਗੁਰੂ ਨਾਨਕ ਦੇਵ ਨੇ ਆਪ ਸਾਰੀ ਜ਼ਿੰਦਗੀ ਕਿਰਤ ਕੀਤੀ ਅਤੇ ਸਾਨੂੰ ਵੀ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ।ਉਸ ਸਮੇਂ ਵਿਚ ਕਰਮਕਾਂਡ ਤੇ ਅੰਧ ਵਿਸ਼ਵਾਸ ਬਹੁਤ ਜ਼ਿਆਦਾ ਸੀ।ਗੁਰੂ ਸਾਹਿਬ ਨੇ ਕਰਮਕਾਂਡ ਵਿੱਚੋਂ ਨਿਕਲਣ ਲਈ ਤਰਕ ਦਾ ਸਹਾਰਾ ਲਿਆ ।ਉਨ੍ਹਾਂ ਕਿਤੇ ਵੀ ਚਮਤਕਾਰ ਨਹੀਂ ਦਿਖਾਇਆ।ਉਨ੍ਹਾਂ ਨੇ ਹਰ ਗੱਲ ਨੂੰ ਤਰਕ ਦੇ ਆਧਾਰ ਤੇ ਸਾਬਤ ਕੀਤਾ।ਜਨੇਊ ਪਾਉਣ ਤੋਂ ਇਨਕਾਰ ਕਰਨ ਤੋਂ ਹੀ ਉਨ੍ਹਾਂ ਨੇ ਕਰਮਕਾਂਡ ਦਾ ਵਿਰੋਧ ਕੀਤਾ।ਪ੍ਰਭੂ ਦੀ ਗਾਈ ਜਾਣ ਵਾਲੀ ਆਰਤੀ ਬਾਰੇ ੳਹਨ੍ਹਾਂ ਕਿਹਾ ਕਿ ਪਰਮਾਤਮਾ ਦੀ ਆਰਤੀ ਤਾਂ ਕੁਦਰਤ ਹਰ ਵੇਲੇ ਕਰ ਰਹੀ ਹੈ।

ਹਰ ਸਮੇਂ ਇਹ ਆਰਤੀ ਨਿਰੰਤਰ ਚਲਦੀ ਰਹਿੰਦੀ ਹੈ।ਉਨ੍ਹਾਂ ਨੇ ਗ੍ਰਹਿਸਤ ਜੀਵਨ ਨੂੰ ਜੀਵਨ ਦਾ ਮੂਲ ਦੱਸਿਆ।ਗ੍ਰਹਿਸਤ ਧਰਮ ਨੂੰ ਨਿਭਾਉਂਦਿਆਂ ਹੋਇਆਂ ਆਪਣੇ ਪਰਮ ਪਿਤਾ ਪਰਮੇਸ਼ਰ ਨੂੰ ਯਾਦ ਰੱਖਣਾ ਹੀ ਉਨ੍ਹਾਂ ਦੀ ਸਿੱਖਿਆ ਸੀ।ਗੁਰੂ ਨਾਨਕ ਦੇਵ ਜੀ ਨੇ ਦੂਸਰੇ ਦੇ ਹੱਕ ਨੂੰ ਮਾਰਨਾ ਹਿੰਦੂ ਲਈ ਗਾਂ ਤੇ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਦੱਸਿਆ।ਉਨ੍ਹਾਂ ਨੇ ਸਮਾਜਿਕ ਬਰਾਬਰੀ ਦਾ ਸੁਨੇਹਾ ਦਿੱਤਾ।ਉਨ੍ਹਾਂ ਦੇ ਕੀਤੇ ਸੱਚੇ ਸੌਦੇ ਤੋਂ ਮਨੁੱਖਤਾ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਕਿਸੇ ਭੁੱਖੇ ਨੂੰ ਭੋਜਨ ਖੁਆਉਣ ਤੋਂ ਵੱਧ ਜਾਂ ਕਿਸੇ ਲੋੜਵੰਦ ਦੀ ਜ਼ਰੂਰਤ ਪੂਰੀ ਕਰਨ ਤੋਂ ਵੱਧ ਕੋਈ ਸੱਚਾ ਸੌਦਾ ਨਹੀਂ ਹੁੰਦਾ। ਜ਼ੁਲਮ ਦੇ ਖ਼ਿਲਾਫ਼ ਉਨ੍ਹਾਂ ਆਵਾਜ਼ ਬੁਲੰਦ ਕੀਤੀ।ਗੁਰੂ ਸਾਹਿਬ ਨੇ ਇੱਕ ਸ਼ੁੱਧ ਆਚਰਣ ਦੀ ਸਿੱਖਿਆ ਦਿੱਤੀ।ਉਨ੍ਹਾਂ ਦੀ ਸਿੱਖਿਆਵਾਂ ਬਹੁਤ ਸਰਲ ਹਨ ਅਤੇ ਜੀਵਨ ਦਾ ਮੂਲ ਸਿਧਾਂਤ ਹਨ।

ਅੱਜ ਮਨੁੱਖਤਾ ਨੂੰ ਲੋੜ ਹੈ ਇੱਕ ਵਾਰ ਫੇਰ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਵਿਚਾਰ ਕਰਕੇ ਸੇਧ ਲੈਣ ਦੀ।ਅੱਜ ਸੀ ਫੇਰ ਉਸ ਦੋਰਾਹੇ ਤੇ ਖੜ੍ਹੇ ਹਾਂ ਜਿੱਥੇ ਅਸੀਂ ਧਰਮ ਦੇ ਨਾਂ ਤੇ ਇੱਕ ਦੂਜੇ ਦੇ ਖ਼ਿਲਾਫ਼ ਹੋ ਰਹੇ ਹਾਂ।ਸਾਨੂੰ ਗੁਰੂ ਨਾਨਕ ਦੀ ਸਿੱਖਿਆ ਨੂੰ ਸਮਝਣ ਦੀ ਬੜੀ ਲੋੜ ਹੈ।ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅਹਿਦ ਕਰੀਏ ਕੀ ਅਸੀਂ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਾਂਗੇ ਅਤੇ ਅਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ।ਕਿਸੇ ਵੀ ਤਰ੍ਹਾਂ ਕਿਸੇ ਦੇ ਧਾਰਮਿਕ ਅਕੀਦੇ ਤੇ ਚੋਟ ਨਹੀਂ ਕਰਾਂਗੇ।ਸੱਚਾਈ ਦੇ ਰਾਹ ਤੇ ਚੱਲਾਂਗੇ।ਗੁਰੂ ਨਾਨਕ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦਿਆਂ ਆਪਣੇ ਜੀਵਨ ਵਿਚ ਸਹੀ ਰਸਤਾ ਅਪਨਾਵਾਂਗੇ।

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾਬੱਸੀ ‘ਚ ਸਜਾਇਆ ਨਗਰ ਕੀਰਤਨ*
Next articleਕਨੂੰਨ ਲਾਗੂ ਕਰਵਾਉਣੇ ਵਧੇਰੇ ਜ਼ਰੂਰੀ ਹੈ