ਸੋਸ਼ਲ ਮੀਡੀਆ ਦਾ ਜ਼ਿੰਦਗੀ ਤੇ ਪ੍ਰਭਾਵ

ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਛੋਟੇ ਹੁੰਦੇ ਜਮਾਤ ਵਿੱਚ ਅਕਸਰ ਪੰਜਾਬੀ ਦੇ ਲੇਖ ਕਿਸੇ ਵੀ ਚੀਜ਼ ਦੇ ਫਾਇਦੇ ਅਤੇ ਨੁਕਸਾਨ ਬਾਰੇ ਲਿਖਦੇ ਸੀ। ਇਹੀ ਅੱਜ ਮੇਰੇ ਜ਼ਿਹਨ ਵਿੱਚ ਸੋਸ਼ਲ ਮੀਡੀਆ ਬਾਰੇ ਆ ਰਿਹਾ ਸੀ। ਸੋਸ਼ਲ ਮੀਡੀਆ ਤੇ ਫਾਇਦੇ ਵੀ ਹਨ ਤੇ ਨੁਕਸਾਨ ਵੀ। ਦਰਅਸਲ ਸੋਸ਼ਲ ਮੀਡੀਆ ਦੇ ਨੁਕਸਾਨ ਨਹੀਂ ਹਨ ਉਸ ਨੂੰ ਇਸਤੇਮਾਲ ਕਰਨ ਦੇ ਤਰੀਕਿਆਂ ਦੇ ਨੁਕਸਾਨ ਹਨ। ਟੈਕਨੋਲੋਜੀ ਕਦੀ ਵੀ ਨੁਕਸਾਨਦਾਇਕ ਨਹੀਂ ਹੁੰਦੀ ਜਦ ਤੱਕ ਉਸ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਜਾਵੇ।
ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਅਸੀਂ ਲੋਕਾਂ ਨਾਲ ਵਿਚਾਰਾਂ ਦੀ ਸਾਂਝ ਰੱਖ ਸਕਦੇ ਹਾਂ। ਇਸ ਮਾਧਿਅਮ ਨੇ ਸੰਸਾਰ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ ਜਿਸ ਵਿੱਚ ਅਸੀਂ ਸਾਰੇ ਹੀ ਇੱਕ ਦੂਜੇ ਤੋਂ ਜਾਣੂ ਹਾਂ। ਗੱਲ ਪਲਾਂ ਵਿੱਚ ਕਿਤੋਂ ਦੀ ਕਿਤੇ ਪਹੁੰਚ ਜਾਂਦੀ ਹੈ। ਆਪਣੇ ਵਰਗੇ ਵਿਚਾਰਧਾਰਾ ਦੇ ਲੋਕ ਮਿਲਣ ਤਾਂ ਗੱਲਬਾਤ ਕਰਨ ਵਿੱਚ ਜਾਂ ਆਪਣੀਆਂ ਲਿਖਤਾਂ ਸਾਂਝੀਆਂ ਕਰਨ ਵਿੱਚ ਚੰਗਾ ਲੱਗਦਾ ਹੈ। ਕਿਸੇ ਮੁਸੀਬਤ ਦੇ ਵੇਲੇ ਸੋਸ਼ਲ ਮੀਡੀਆ ਤੇ ਪਾਈ ਗਈ ਇੱਕ ਪੁਕਾਰ ਨਾਲ ਹਜ਼ਾਰਾਂ ਹੱਥ ਮਦਦ ਲਈ ਅੱਗੇ ਆ ਜਾਂਦੇ ਹਨ।
ਸੋਸ਼ਲ ਮੀਡੀਆ ਦੇ ਅਣਗਿਣਤ ਫਾਇਦੇ ਹੋਣ ਦੇ ਬਾਵਜੂਦ ਵੀ ਇਸ ਦਾ ਇਸਤੇਮਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਇਸ ਦੇ ਨੁਕਸਾਨ ਵੱਧ ਹੋ ਰਹੇ ਹਨ। ਸੋਸ਼ਲ ਮੀਡੀਆ ਉਹ ਜਾਣਕਾਰੀ ਵੀ ਦੇ ਰਿਹਾ ਹੈ ਜਿਸ ਦੀ ਜ਼ਰੂਰਤ ਨਹੀਂ ਹੈ ਖਾਸ ਤੌਰ ਤੇ ਬੱਚਿਆਂ ਨੂੰ। ਅਸੀਂ ਆਪਣੇ ਪਰਿਵਾਰ ਦੇ ਚਾਰ ਜੀਆਂ ਨਾਲ ਗੱਲਬਾਤ ਨਹੀਂ ਕਰਦੇ ਪਰ ਸੋਸ਼ਲ ਮੀਡੀਆ ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ।
ਬਹੁਤ ਹਾਸੋਹੀਣੀ ਗੱਲ ਉਦੋਂ ਲੱਗਦੀ ਹੈ ਜਦੋਂ ਆਪਣੇ ਜੀਵਨ ਸਾਥੀ ਨੂੰ ਜਨਮ ਦਿੰਦੀਆਂ ਮੁਬਾਰਕਾਂ ਅਸੀਂ ਸੋਸ਼ਲ ਮੀਡੀਆ ਤੇ ਦਿੰਦੇ ਹਾਂ। ਕਈ ਵਾਰ ਲੱਗਦਾ ਹੈ ਕਿ ਸਾਡੇ ਨਾਲ ਦੇ ਬੈਡ ਤੇ ਬੈਠੇ ਬੰਦੇ ਨੂੰ ਵਧਾਈ ਦੇਣ ਲਈ ਸੋਸ਼ਲ ਮੀਡੀਆ ਦੀ ਕੀ ਜਰੂਰਤ ਹੈ। ਦਰਅਸਲ ਸੋਸ਼ਲ ਮੀਡੀਆ ਨੇ ਜ਼ਿੰਦਗੀ ਵਿੱਚ ਵਿਖਾਵੇ ਨੂੰ ਬਹੁਤ ਵਧਾਵਾ ਦਿੱਤਾ ਹੈ। ਅਤੇ ਪਰਿਵਾਰ ਤਾਂ ਸਿਰਫ ਇਸ ਲਈ ਹੀ ਛੁੱਟੀ ਤੇ ਜਾਂਦੇ ਹਨ ਕਿ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਸਕਣ।
ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਕਿ ਪਹਿਲਾਂ ਔਰਤਾਂ ਘਰਾਂ ਵਿੱਚ ਰੋਟੀਆਂ ਪਕਾਉਂਦੀਆਂ ਸੀ ਤੇ ਨੱਚਣ ਵਾਲੀਆਂ ਬਾਹਰੋਂ ਆਉਂਦੀਆਂ ਸਨ। ਪਰ ਅੱਜ ਘਰ ਦੀਆਂ ਔਰਤਾਂ ਨੱਚ ਨੱਚ ਕੇ ਰੀਲਾਂ ਪਾ ਰਹੀਆਂ ਹਨ ਤੇ ਰੋਟੀ ਬਣਾਉਣ ਲਈ ਬਾਹਰੋਂ ਔਰਤਾਂ ਬੁਲਾਈਆਂ ਜਾਂਦੀਆਂ ਹਨ। ਇਹ ਦੱਸਦਾ ਹੈ ਕਿ ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਅਜੇ ਵੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਤੇ ਕੋਈ ਮੁੰਡਾ ਸਾਨੂੰ ਵੇਖ ਕੇ ਸੀਟੀ ਮਾਰ ਦਿੰਦਾ ਸੀ ਤੇ ਅਸੀਂ ਉਸ ਦਾ ਮੂੰਹ ਤੋੜਨ ਤੱਕ ਜਾਂਦੇ ਸੀ। ਇੰਝ ਲੱਗਦਾ ਸੀ ਕਿ ਇਸ ਨੇ ਮੈਨੂੰ ਦੇਖ ਕੇ ਸੀਟੀ ਮਾਰ ਕਿਵੇਂ ਦਿੱਤੀ। ਪਰ ਹੁਣ ਹਰ ਕੋਈ ਸੋਸ਼ਲ ਮੀਡੀਆ ਤੇ ਆਪਣੀਆਂ ਨੱਚਣ ਗਾਉਣ ਦੀਆਂ ਵੀਡੀਓ ਇਸ ਤਰ੍ਹਾਂ ਪਾ ਰਿਹਾ ਹੈ ਕਿ ਲੋਕ ਉਹਨਾਂ ਨੂੰ ਵੇਖਣ।
ਰੀਲਾਂ ਨੇ ਤਾਂ ਸੱਭਿਆਚਾਰ ਦਾ ਸਤਿਆਨਾਸ ਕਰ ਦਿੱਤਾ ਹੈ। ਸੱਭਿਆਚਾਰ ਦੇ ਨਾਂ ਤੇ ਅੱਜ ਸਾਡੇ ਕੋਲ ਸਿਰਫ ਚਲ ਚਲ ਬਚੀ ਹੈ। ਸੋਸ਼ਲ ਮੀਡੀਆ ਦੇ ਕਰਕੇ ਅਨੇਕਾਂ ਪਰਿਵਾਰ ਟੁੱਟ ਰਹੇ ਹਨ। ਪਤੀ ਪਤਨੀ ਇੱਕ ਕਮਰੇ ਵਿੱਚ ਬੈਠੇ ਆਪਣੇ ਦਿਲ ਦਾ ਦਰਦ ਕਿਸੇ ਦੂਰ ਸ਼ਹਿਰ ਵਿੱਚ ਰਹਿੰਦੇ ਇਸਤਰੀ ਜਾਂ ਪੁਰਸ਼ ਨਾਲ ਸਾਂਝਾ ਕਰ ਰਹੇ ਹਨ। ਉਹਨਾਂ ਦੇ ਨਾਲ ਬੈਠੇ ਜੀਵਨ ਸਾਥੀ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਕਿੰਨੀ ਅਜੀਬ ਗੱਲ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਸਿਰ ਤੇ ਰਿਸ਼ਤੇ ਬਣਾਉਂਦੇ ਹਾਂ ਤੇ ਸੋਸ਼ਲ ਮੀਡੀਆ ਕਰਕੇ ਹੀ ਰਿਸ਼ਤੇ ਤੋੜ ਦਿੰਦੇ ਹਾਂ। ਦੋ ਬੰਦੇ ਫੇਸਬੁਕ ਤੇ ਮਿਲਦੇ ਹਨ ਦੋਸਤ ਬਣ ਜਾਂਦੇ ਹਨ। ਫਿਰ ਇੱਕ ਦੂਜੇ ਨਾਲ ਵਟਸਐਪ ਦਾ ਨੰਬਰ ਸਾਂਝਾ ਕਰਦੇ ਹਨ। ਗੱਲਬਾਤ ਹੋਣ ਲੱਗਦੀ ਹੈ ਹੌਲੀ ਹੌਲੀ ਇਹ ਗੱਲਬਾਤ ਇੱਕ ਰਿਸ਼ਤੇ ਵਿੱਚ ਬਦਲ ਜਾਂਦੀ ਹੈ। ਬਸ ਰਿਸ਼ਤੇ ਦੀ ਮੋਹਰ ਲੱਗਦੇ ਆ ਹੀ ਇੱਕ ਦੂਜੇ ਦੇ ਸੋਸ਼ਲ ਮੀਡੀਆ ਤੇ ਕਿਸੇ ਹੋਰ ਲਈ ਕੀਤੇ ਕਮੈਂਟ ਤੇ ਨੁਕਤਾਚੀਨੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਪਿੱਛੇ ਅਸਲੀ ਕਾਰਨ ਇਹ ਹੈ ਕਿ ਰਿਸ਼ਤਾ ਬਣਿਆ ਹੀ ਇਸ ਮਾਧਿਅਮ ਨਾਲ ਹੁੰਦਾ ਹੈ। ਇਸ ਲਈ ਮਨ ਵਿੱਚ ਕਿਤੇ ਡਰ ਹੁੰਦਾ ਹੈ ਕਿ ਅਜਿਹਾ ਕੋਈ ਹੋਰ ਰਿਸ਼ਤਾ ਨਾ ਬਣ ਜਾਵੇ।
ਕੋਈ ਕਿਸੇ ਨੂੰ ਕੀ ਕਮੈਂਟ ਦਿੰਦਾ ਹੈ ਇਸ ਤੇ ਸਭ ਤੋਂ ਵੱਧ ਤਲਖੀ ਹੁੰਦੀ ਹੈ। ਜਿਹੜੇ ਘਰ ਵਿੱਚ ਬੈਠੇ ਆਪਣੀ ਪਤਨੀ ਨੂੰ ਕਦੀ ਖੂਬਸੂਰਤ ਨਹੀਂ ਕਹਿੰਦੇ ਉਹ ਲੋਕਾਂ ਦੀਆਂ ਤਸਵੀਰਾਂ ਤੇ ਬਹੁਤ ਖੂਬਸੂਰਤ ਬਿਊਟੀਫੁਲ ਅਤੀ ਸੁੰਦਰ ਲਿਖਦੇ ਹਨ। ਯਕੀਨ ਜੇਕਰ ਪਤਨੀ ਇਸਨੂੰ ਦੇਖੇਗੀ ਤਾਂ ਉਸ ਨੂੰ ਬੁਰਾ ਤਾਂ ਲੱਗੇਗਾ ਹੀ। ਇਹੀ ਗੱਲ ਪੁਰਸ਼ਾਂ ਨਾਲ ਵੀ ਹੁੰਦੀ ਹੈ ਪਰ ਥੋੜੀ ਘੱਟ। ਸਮਾਜਿਕ ਰਿਸ਼ਤਿਆਂ ਦਾ ਸਾਰਾ ਤਾਣਾ ਬਾਣਾ ਸੋਸ਼ਲ ਮੀਡੀਆ ਨੇ ਉਧੇੜ ਕੇ ਰੱਖ ਦਿੱਤਾ ਹੈ।
ਗ੍ਰਹਿਸਤ ਜੀਵਨ ਵਿੱਚ ਸਭ ਤੋਂ ਜਿਆਦਾ ਤਨਾਵ ਸੋਸ਼ਲ ਮੀਡੀਆ ਕਰਕੇ ਹੈ। ਪਤਨੀ ਨਹੀਂ ਜਾਣਦੀ ਕਿ ਪਤੀ ਕਿਸ ਨਾਲ ਕੀ ਗੱਲ ਕਰ ਰਿਹਾ ਹੈ ਠੀਕ ਇਸੇ ਤਰ੍ਹਾਂ ਪਤੀ ਨਹੀਂ ਜਾਣਦਾ ਕਿ ਪਤਨੀ ਕਿਸੇ ਨਾਲ ਕੀ ਗੱਲ ਕਰ ਰਹੀ ਹੈ। ਹਰ ਕਿਸੇ ਨੇ ਆਪਣੇ ਮੋਬਾਈਲ ਨੂੰ ਲੋਕ ਲਾ ਰੱਖਿਆ ਹੈ। ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਸੱਜਣ ਪਾਰਕ ਵਿੱਚ ਸੈਰ ਕਰਦੇ ਹੋਏ ਬੇਹੋਸ਼ ਹੋ ਗਏ। ਲੋਕਾਂ ਨੇ ਉਹਨਾਂ ਦੀ ਜੇਬ ਵਿੱਚੋਂ ਮੋਬਾਇਲ ਕੱਢਿਆ ਕਿ ਉਹਨਾਂ ਦੇ ਘਰ ਫੋਨ ਕਰ ਦਿੱਤਾ ਜਾਵੇ। ਪਰ ਮੋਬਾਈਲ ਲੋਕ ਸੀ। ਬੜੀ ਮੁਸ਼ਕਿਲ ਨਾਲ ਉਹਨਾਂ ਦੇ ਘਰ ਦਾ ਪਤਾ ਲੱਭ ਕੇ ਉਹਨਾਂ ਨੂੰ ਘਰ ਭੇਜਿਆ ਗਿਆ।
ਇੱਕ ਦਿਨ ਕੁਝ ਸਹੇਲੀਆਂ ਵਿੱਚ ਆਪਸ ਵਿੱਚ ਗੱਲਬਾਤ ਚੱਲ ਰਹੀ ਸੀ ਤਾਂ ਇੱਕ ਨੇ ਦੂਜੀ ਨੂੰ ਕਿਹਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਸਭ ਤੋਂ ਪਹਿਲਾਂ ਮੇਰੇ ਘਰ ਆ ਕੇ ਮੇਰੇ ਫੋਨ ਨੂੰ ਰੀਸੈਟ ਮੋਡ ਕਰ ਦੇਵੀ ਨਹੀਂ ਤਾਂ ਘਰਦਿਆਂ ਨੇ ਮਰੀ ਨੂੰ ਵੀ ਨਹੀਂ ਰੋਣਾ। ਕਿਉਂਕਿ ਜੇਕਰ ਸੱਸ ਨੇ ਮੋਬਾਇਲ ਦੇਖ ਲਿਆ ਤਾਂ ਮਾਂ ਨਾਲ ਸਾਰੀਆਂ ਕੀਤੀਆਂ ਹੋਈਆਂ ਉਸ ਦੀਆਂ ਚੁਗਲੀਆਂ ਵੇਖ ਲਏਗੀ। ਸੋਸ਼ਲ ਮੀਡੀਆ ਨੇ ਅਜਿਹਾ ਬਹੁਤ ਕੁਝ ਕਰਵਾਇਆ ਹੈ ਸਾਡੇ ਤੋਂ ਤੇ ਕਰਵਾ ਰਿਹਾ ਹੈ ਜੋ ਸਾਡੇ ਲਈ ਹੀ ਕਦੀ ਨਾ ਕਦੀ ਮੁਸੀਬਤ ਬਣ ਸਕਦਾ ਹੈ।
ਮਨੁੱਖੀ ਸੁਭਾਅ ਵਿੱਚ ਈਰਖਾ ਸਾੜਾ ਕੁਦਰਤੀ ਹੈ। ਸੋਸ਼ਲ ਮੀਡੀਆ ਤੇ ਜਦੋਂ ਇੱਕ ਬੰਦਾ ਕਿਸੇ ਦੂਜੇ ਨੂੰ ਕੋਈ ਕਮੈਂਟ ਦਿੰਦਾ ਹੈ ਤਾਂ ਉਸ ਨਾਲ ਜੁੜੇ ਹੋਏ ਬੰਦੇ ਨੂੰ ਬੁਰਾ ਲੱਗਣਾ ਜਾਇਜ਼ ਹੈ ਹੁਣ ਜੇ ਉਹ ਟੋਕਦਾ ਹੈ ਤਾਂ ਉਹ ਬੁਰਾ ਬਣਦਾ ਹੈ ਕਿਉਂਕਿ ਸਾਹਮਣੇ ਵਾਲਾ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦਾ ਹੈ। ਪਰ ਜੇਕਰ ਉਹ ਨਹੀਂ ਟੋਕਦਾ ਤਾਂ ਉਹ ਆਪਣੇ ਅੰਦਰ ਹੀ ਅੰਦਰ ਕੁੜਦਾ ਹੈ। ਜੋ ਇਹਨਾਂ ਨੂੰ ਨਜ਼ਰ ਅੰਦਾਜ਼ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਸੌਖਾ ਰਹਿੰਦਾ ਹੈ ਨਹੀਂ ਤਾਂ ਆਪਣੇ ਅੰਦਰ ਹੀ ਅੰਦਰ ਕੁੜਦਾ ਰਹਿੰਦਾ ਹੈ।
ਲੋਕ ਵੀ ਕਿਸੇ ਦੀਆਂ ਤਸਵੀਰਾਂ ਵੇਖ ਕੇ ਉਸ ਬਾਰੇ ਆਪਣੇ ਹਿਸਾਬ ਨਾਲ ਕਿਆਸ ਲਾਉਣ ਲੱਗਦੇ ਹਨ। ਇਹ ਜਰੂਰੀ ਨਹੀਂ ਹੁੰਦਾ ਕਿ ਜਿਸ ਨਜ਼ਰੀਏ ਨਾਲ ਤੁਸੀਂ ਕਿਸੇ ਤਸਵੀਰ ਨੂੰ ਵੇਖ ਕੇ ਅੰਦਾਜ਼ਾ ਲਾਉਂਦੇ ਹੋ ਉਸ ਵਿੱਚ ਮੌਜੂਦ ਲੋਕਾਂ ਦਾ ਅਜਿਹਾ ਕੋਈ ਅਹਿਸਾਸ ਰਿਹਾ ਹੋਵੇ। ਪਰ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਇਹ ਕਿੱਥੇ ਕਰਦੇ ਹਾਂ। ਸਾਨੂੰ ਤਾਂ ਬਸ ਗੱਲ ਚਾਹੀਦੀ ਹੈ।
ਸੋਸ਼ਲ ਮੀਡੀਆ ਤੋਂ ਤਸਵੀਰਾਂ ਚੱਕ ਕੇ ਉਨਾਂ ਦਾ ਗਲਤ ਇਸਤੇਮਾਲ ਬਹੁਤ ਆਮ ਗੱਲ ਹੈ। ਆਰਟੀਫਿਸ਼ਅਲ ਇੰਟੈਲੀਜਸ ਦੇ ਜਮਾਨੇ ਵਿੱਚ ਕਿਸੇ ਵੀ ਤਰਹਾਂ ਦੀ ਵੀਡੀਓ ਬਣਾਈ ਜਾ ਸਕਦੀ ਹੈ ਸੋਸ਼ਲ ਮੀਡੀਆ ਅਕਾਊਂਟ ਤੋਂ ਫੋਟੋਆਂ ਲੈ ਕੇ। ਇਹ ਸਭ ਜਾਣਦੇ ਹੋਏ ਵੀ ਅਸੀਂ ਆਪਣੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਤੇ ਪਾਉਂਦੇ ਹਾਂ। ਸਾਡੇ ਭਾਈ ਤਸਵੀਰ ਤੇ ਜਦੋਂ ਕੋਈ ਵਿਪਰੀਤ ਲਿੰਗ ਦਾ ਬੰਦਾ ਦਿਲ ਬਣਾਉਂਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਕਮੈਂਟ ਦਿੰਦਾ ਹੈ ਤਾਂ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਜੀਵਨ ਸਾਥੀ ਤੇ ਉਸਦਾ ਕੀ ਅਸਰ ਹੋਵੇਗਾ। ਉਸਨੂੰ ਯਕੀਨਨ ਇਹ ਚੰਗਾ ਨਹੀਂ ਲੱਗਦਾ। ਅਸੀਂ ਆਪਣਿਆਂ ਨੂੰ ਲੈ ਕੇ ਥੋੜੇ ਜਿਹੇ ਪੋਜੈਸਿਵ ਤਾਂ ਹੁੰਦੇ ਹਾਂ। ਹੋਣਾ ਬਣਦਾ ਵੀ ਹੈ।
ਅੱਜ ਕੱਚ ਵਾਂਗ ਤਿੜਕ ਰਹੇ ਰਿਸ਼ਤਿਆਂ ਦੇ ਪਿੱਛੇ ਮੁੱਖ ਕਾਰਨ ਸੋਸ਼ਲ ਮੀਡੀਆ ਹੀ ਹੈ। ਬਹੁਤ ਜਰੂਰੀ ਹੈ ਕਿ ਅਸੀਂ ਇਸ ਦਾ ਸਹੀ ਇਸਤੇਮਾਲ ਕਰਨਾ ਸਿੱਖੀਏ। ਅਸੀਂ ਇਸਨੂੰ ਇਸਤੇਮਾਲ ਕਰਨਾ ਹੈ ਇਸ ਦੇ ਗੁਲਾਮ ਨਹੀਂ ਬਣਨਾ। ਇੰਝ ਨਾ ਹੋਵੇ ਕਿ ਸਾਨੂੰ ਸੋਸ਼ਲ ਮੀਡੀਆ ਚਲਾ ਰਿਹਾ ਹੋਵੇ।
ਸੋਸ਼ਲ ਮੀਡੀਆ ਵਰਤਦੇ ਹੋਏ ਵੀ ਆਪਣੀ ਜ਼ਿੰਦਗੀ ਦੀ ਇੱਕ ਪ੍ਰਾਈਵੇਸੀ ਰੱਖੋ। ਆਪਣੀ ਜ਼ਾਤੀ ਜ਼ਿੰਦਗੀ ਨੂੰ ਜ਼ਾਤੀ ਹੀ ਰਹਿਣ ਦਿਓ। ਹਰ ਗੱਲ ਸੋਸ਼ਲ ਮੀਡੀਆ ਤੇ ਸਾਂਝੀ ਕਰਨੀ ਜਰੂਰੀ ਨਹੀਂ ਹੁੰਦੀ।
ਕੋਸ਼ਿਸ਼ ਕਰੋ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਉਸ ਤਰ੍ਹਾਂ ਹੀ ਕੀਤਾ ਜਾਵੇ ਜਿਸ ਤਰਾਂ ਇਹ ਸਾਡੀ ਜ਼ਿੰਦਗੀ ਵਿੱਚ ਸਹਾਈ ਹੋਵੇ। ਰਿਸ਼ਤੇ ਤੇ ਸੋਸ਼ਲ ਮੀਡੀਆ ਵਿੱਚੋਂ ਜੇ ਇੱਕ ਚੁਣਨਾ ਹੋਵੇ ਤਾਂ ਰਿਸ਼ਤਾ ਚੁਣੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਖੁਰਾਣਾ ਵਿਖੇ ਡੇਂਗੂ ਚੇਤਨਾ ਰੈਲੀ ਕੀਤੀ
Next article” ਅਫਸਰ ਸ਼ਾਹੀ ਦੀ ਧੱਕੇ ਸ਼ਾਹੀ “