ਜ਼ਿੰਦਗੀ ਜਿਊਣਾ ਔਖਾ ਹੈ ਜਾਂ ਸੌਖਾ

ਪ੍ਰਭਜੋਤ ਕੌਰ ਢਿੱਲੋਂ

(ਸਮਾਜ ਵੀਕਲੀ)

ਜ਼ਿੰਦਗੀ ਜਿਊਣ ਔਖਾ ਹੈ ਜਾਂ ਸੌਖਾ,ਬਹੁਤ ਵੱਡਾ ਗੁੰਝਲਦਾਰ ਸਵਾਲ ਹੈ।ਪਰ ਜਿਊਣਾ ਤਾਂ ਹੈ।ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਣੇ ਸੁਭਾਵਿਕ ਹਨ।ਜੇਕਰ ਅਸੀਂ ਡੋਲ ਜਾਂਦੇ ਹਾਂ ਤਾਂ ਵੀ ਹਾਲਾਤ ਤੇ ਸਮਾਂ ਉਵੇਂ ਦਾ ਹੀ ਰਹਿੰਦਾ ਹੈ।ਹਾਂ,ਇਕਦਮ ਮੁਸੀਬਤ ਆ ਜਾਣ ਤੇ ਪ੍ਰੇਸ਼ਾਨੀ ਹੁੰਦੀ ਹੈ ਪਰ ਉਸ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਹੈ।ਕੁੱਝ ਵਕਤ ਤਾਂ ਉਸ ਮਾਹੌਲ ਵਿੱਚ ਰਹਿਣਾ ਪੈਂਦਾ ਹੈ ਕਿਉਂਕਿ ਨਿਕਲਣ ਦੇ ਢੰਗ ਤਰੀਕੇ ਵੀ ਬਹੁਤ ਜਲਦੀ ਨਹੀਂ ਲੱਭਦੇ।ਪਰ ਮੁਸੀਬਤ ਆ ਜਾਣ ਤੇ ਹਿੰਮਤ ਹਾਰ ਕੇ ਬੈਠਣਾ ਮੁਸੀਬਤਾਂ ਨੂੰ ਕਈ ਗੁਣਾ ਜ਼ਿਆਦਾ ਕਰ ਦਿੰਦਾ ਹੈ।ਰੋਣਾ ਮੁਸੀਬਤ ਵਿੱਚੋਂ ਕੱਢਦਾ ਨਹੀਂ ਸਗੋਂ ਹੋਰ ਸਿਹਤ ਖਰਾਬ ਕਰ ਦਿੰਦਾ ਹੈ।

ਬਹੁਤ ਵਾਰ ਸਾਡਾ ਭਾਵਕ ਸੁਭਾਅ ਵੀ ਸਾਨੂੰ ਪ੍ਰੇਸ਼ਾਨ ਕਰਦਾ ਹੈ।ਅਸੀਂ ਛੋਟੀ ਜਿਹੀ ਗੱਲ ਤੇ ਵੀ ਬਹੁਤ ਦੁੱਖੀ ਹੋ ਜਾਂਦੇ ਹਾਂ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਜ਼ਿੰਦਗੀ ਜਿਊਣਾ ਬਹੁਤ ਔਖਾ ਹੈ ਜਾਂ ਸੌਖਾ,ਇਹ ਸਾਡੀ ਸੋਚ ਤੇ ਵੀ ਨਿਰਭਰ ਕਰਦਾ ਹੈ।ਜ਼ਿੰਦਗੀ ਸਿੱਧੀ ਸੜਕ ਨਹੀਂ ਹੈ,ਪਰ ਹਰ ਮੋੜ ਤੇ ਖੜ੍ਹੇ ਹੋਕੇ ਰੋਇਆ ਤਾਂ ਨਹੀਂ ਜਾ ਸਕਦਾ।ਜਿਵੇਂ ਅਸੀਂ ਵੱਡੇ ਅਤੇ ਛੋਟੇ ਮੋੜ ਤੇ ਗੱਡੀ ਮੋੜ ਦੇ ਹੋਏ ਸਫਰ ਜਾਰੀ ਰੱਖਦੇ ਹਾਂ,ਇਵੇਂ ਹੀ ਜ਼ਿੰਦਗੀ ਦੇ ਸਫਰ ਵਿੱਚ ਆਉਣ ਵਾਲੀਆਂ ਮੁਸੀਬਤਾਂ ਰੂਪੀ ਮੋੜ ਤੋਂ ਅੱਗੇ ਸਫਰ ਕਰਨਾ ਚਾਹੀਦਾ ਹੈ।

ਹਰ ਕਿਸੇ ਦੀ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਹਨ,ਹਰ ਵਾਰ ਹਾਲਾਤ ਅਤੇ ਕਾਰਨ ਵੱਖਰੇ ਹੁੰਦੇ ਹਨ।ਪਰ ਮੁਸੀਬਤ ਦਾ ਸਾਹਮਣਾ ਕਰਨ ਦਾ ਜਜ਼ਬਾ ਹੋਣਾ ਅਤੇ ਸੋਚ ਦਾ ਹੋਣਾ ਜ਼ਰੂਰੀ ਹੈ।ਜਿਸ ਕੋਲ ਇਹ ਹਨ ਉਹ ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਆਪਣੇ ਆਪਨੂੰ ਤਿਆਰ ਕਰ ਲਵੇਗਾ। ਜ਼ਿੰਦਗੀ ਵਿੱਚ ਕੁੱਝ ਅਜਿਹੇ ਦੋਸਤ ਅਤੇ ਰਿਸ਼ਤੇ ਜ਼ਰੂਰ ਬਣਾਕੇ ਰੱਖੋ,ਜਿਸਦੇ ਨਾਲ ਆਪਣਾ ਹਰ ਦੁੱਖ ਸੁੱਖ ਸਾਂਝਾ ਕਰ ਸਕੋ।ਜਿਹੜਾ ਦੋਸਤ ਤੁਹਾਡੇ ਸੁੱਖ ਤੋਂ ਦੁੱਖੀ ਨਾ ਹੋਵੇ ਅਤੇ ਤੁਹਾਡੇ ਦੁੱਖ ਵਿੱਚ ਤੁਹਾਡਾ ਸਾਥ ਨਾ ਛੱਡੇ।ਜੇਕਰ ਅਜਿਹਾ ਦੋਸਤ ਤੁਹਾਡੇ ਕੋਲ ਹੈ ਤਾਂ ਜ਼ਿੰਦਗੀ ਔਖੀ ਹੋਣ ਦੇ ਬਾਵਜੂਦ ਵੀ ਸੌਖੀ ਹੁੰਦੀ ਹੈ।

ਬਹੁਤ ਵਾਰ ਅਸੀਂ ਦੂਜਿਆਂ ਨੂੰ ਮਤਲਬ ਧੀਆਂ ਪੁੱਤਾਂ, ਭੈਣ ਭਰਾਵਾਂ ਜਾਂ ਹੋਰਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਾਂ। ਆਪਣੇ ਵੱਲੋਂ ਚੰਗਾ ਕਰੋ,ਦੂਸਰਿਆਂ ਨੂੰ ਖੁਸ਼ ਕੋਈ ਨਾ ਕਰ ਸਕਿਆ ਅਤੇ ਨਾ ਕੀਤਾ ਜਾ ਸਕਦਾ ਹੈ।ਜਿਹੜੇ ਰਿਸ਼ਤੇ ਹਮੇਸ਼ਾਂ ਦੁੱਖ ਦੇਣ ਉਨ੍ਹਾਂ ਤੋਂ ਪਾਸਾ ਵੱਟਣਾ ਹੀ ਬਿਹਤਰ ਹੈ ਅਤੇ ਦੂਰੀ ਬਣਾ ਲਵੋ।ਹਾਂ,ਕਈ ਵਾਰ ਬਹੁਤ ਨੇੜੇ ਦੇ ਰਿਸ਼ਤੇ ਹੁੰਦੇ ਹਨ ਜਿੱਥੇ ਦੂਰੀ ਬਣਾਉਣੀ ਔਖੀ ਹੋ ਜਾਂਦੀ ਹੈ।ਇੱਥੇ ਇਕ ਚੁੱਪ ਸੌ ਸੁੱਖ ਵਾਲਾ ਫਾਰਮੂਲਾ ਅਪਣਾ ਲੈਣ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈ।ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਜੇਕਰ ਤੁਹਾਨੂੰ ਕੋਈ ਗਲਤ ਸਾਬਿਤ ਕਰਨ ਤੇ ਹੀ ਲੱਗਾ ਹੈ ਤਾਂ ਉਸਨੂੰ ਸਫਾਈ ਦੇਣੀ ਬਿਲਕੁੱਲ ਬੰਦ ਕਰ ਦੇਣੀ ਚਾਹੀਦੀ ਹੈ।ਜਦੋਂ ਅਸੀਂ ਸਫਾਈ ਦਿੰਦੇ ਹਾਂ ਤਾਂ ਅਸੀਂ ਆਪਣੇ ਆਪਨੂੰ ਦੁੱਖ ਦਿੰਦੇ ਹਾਂ ਕਿਉਂਕਿ ਗਲਤ ਬੋਲਣ ਵਾਲਾ ਕਦੇ ਵੀ ਸਾਡੀ ਗੱਲ ਨਹੀਂ ਮੰਨੇਗਾ।

ਸਾਡੀ ਜ਼ਿੰਦਗੀ ਕਈ ਵਾਰ ਔਖੀ ਹੋ ਜਾਂਦੀ ਹੈ ਕਿ ਅਸੀਂ ਰਿਸ਼ਤਿਆਂ ਤੋਂ ਉਮੀਦਾਂ ਬਹੁਤ ਲਗਾ ਲੈਂਦੇ ਹਾਂ।ਨੂੰਹਾਂ ਪੁੱਤਾਂ ਨੂੰ ਲਗੱਦਾ ਹੈ ਕਿ ਬਜ਼ੁਰਗ ਮਾਪੇ ਸਾਰਾ ਕੁੱਝ ਸਾਨੂੰ ਦੇਣ।ਦੂਸਰੇ ਪਾਸੇ ਮਾਪੇ ਜੇਕਰ ਪੈਸਾ ਨਹੀਂ ਚਾਹੁੰਦੇ ਤਾਂ ਪਿਆਰ ਤੇ ਇਜ਼ੱਤ ਦੀ ਆਸ ਕਰਦੇ ਹਨ।ਇੱਥੇ ਬੱਚਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਜ਼ੁਰਗ ਮਾਪਿਆਂ ਨੇ ਸਾਰੀ ਉਮਰ ਮਿਹਨਤ ਕਰਕੇ ਸਭ ਕੁੱਝ ਬਣਾਇਆ ਹੈ।ਪਹਿਲਾਂ ਤਾਂ ਉਹ ਬਣਾਉਣ ਵਿੱਚ ਹੀ ਲੱਗੇ ਰਹੇ,ਉਸਨੂੰ ਮਾਨਣ ਦਾ ਸਮਾਂ ਹੁਣ ਮਿਲਿਆ ਹੈ।ਉਹ ਸਾਰਾ ਕੁੱਝ ਇੱਥੇ ਤੁਹਾਡੇ ਲਈ ਹੀ ਛੱਡਕੇ ਜਾਣਗੇ।

ਜੇਕਰ ਬੱਚਿਆਂ ਵੱਲੋਂ ਪਿਆਰ ਸਤਿਕਾਰ ਨਹੀਂ ਮਿਲ ਰਿਹਾ ਤਾਂ ਦੁੱਖੀ ਹੋਣ ਦੀ ਥਾਂ ਉਨ੍ਹਾਂ ਲੋਕਾਂ ਵਿੱਚ ਜਾਉ ਜਿੱਥੇ ਪਿਆਰ ਅਤੇ ਸਤਿਕਾਰ ਮਿਲਦਾ ਹੈ।ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾਈ ਰੱਖੋ।ਜਿਹੜੀ ਸੋਚ ਜ਼ਿੰਦਗੀ ਜਿਊਣੀ ਔਖੀ ਕਰਨ ਲੱਗੇ,ਉਸਨੂੰ ਆਪਣੇ ਉੱਤੇ ਭਾਰੂ ਨਾ ਹੋਣ ਦਿਉ।ਜਦੋਂ ਅਸੀਂ ਰੁੱਝੇ ਰਹਾਂਗੇ ਤਾਂ ਫਾਲਤੂ ਦੀਆਂ ਸੋਚਾਂ ਤੋਂ ਬਚੇ ਰਹਾਂਗੇ।ਹੱਸਣਾ ਅਤੇ ਖੁਸ਼ ਰਹਿਣ ਸਿੱਖੋ।ਦੂਸਰਿਆਂ ਤੋਂ ਖੁਸ਼ੀਆਂ ਦੀ ਆਸ ਨਾ ਕਰੋ।ਜ਼ਿੰਦਗੀ ਸਾਡੀ ਹੈ,ਇਸਨੂੰ ਔਖਾ ਜਾਂ ਸੌਖਾ ਕਰਨਾ ਸਾਡੇ ਤੇ ਨਿਰਭਰ ਕਰਦਾ ਹੈ।

ਜ਼ਿੰਦਗੀ ਕਦੇ ਨਾ ਔਖੀ ਰਹੇਗੀ ਅਤੇ ਨਾ ਕਦੇ ਸੌਖੀ ਰਹੇਗੀ।ਵਕਤ ਬਦਲਦਾ ਹੈ,ਹਾਲਾਤ ਬਦਲਦੇ ਹਨ,ਉਸਦੇ ਨਾਲ ਹੀ ਦੁੱਖ ਸੁੱਖ ਆਉਂਦੇ ਜਾਂਦੇ ਹਨ।ਜੇਕਰ ਦੁੱਖ ਨਾ ਆਵੇ,ਜ਼ਿੰਦਗੀ ਵਿੱਚ ਔਖਾ ਸਮਾਂ ਨਾ ਆਵੇ ਤਾਂ ਚੰਗੇ ਸਮੇਂ ਦਾ ਪਤਾ ਹੀ ਨਹੀਂ ਲੱਗੇਗਾ।ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਔਖੇ ਅਤੇ ਸੌਖੇ ਦਾ ਮਿਸ਼ਰਣ ਹੈ।ਗਾਣਾ ਯਾਦ ਆ ਗਿਆ, “ਜ਼ਿੰਦਗੀ ਇਕ ਸਫਰ ਹੈ ਸੁਹਾਣਾ,ਤਹਾਂ ਕੱਲ ਕਿਆ ਹੋਗਾ ਕਿਸਨੇ ਜਾਨਾ।”

ਪ੍ਰਭਜੋਤ ਕੌਰ ਢਿੱਲੋਂ

ਮੁਹਾਲੀ ਮੋਬਾਈਲ ਨੰਬਰ 9815030221

 

Previous articleਰੇਡੀਓ ਚੜ੍ਹਦੀ ਕਲਾ ਵੱਲੋਂ ਸਾਂਝ ਮਾਂਵਾਂ ਧੀਆਂ ਦੀ: 2023 ਲਈ ਪਹਿਲੀ ਮੀਟਿੰਗ ਹੋਈ
Next articleਇਕ ਨਜ਼ਮ ਤੇਰੇ ਨਾਂਅ