(ਸਮਾਜ ਵੀਕਲੀ) ਹਾਲਾਤ ਕਿਵੇਂ ਦੇ ਵੀ ਹੋਣ ਹਮੇਸ਼ਾ ਆਪਣੇ ਆਪ ਨੂੰ ਮਜ਼ਬੂਤ ਅਤੇ ਬਹਾਦਰ ਬਣਾ ਕੇ ਰੱਖਣਾ ਚਾਹੀਦਾ ਹੈ। ਇਨਸਾਨ ਦੇ ਵਜੂਦ ਦੇ ਹੋਂਦ ਵਿੱਚ ਆਉਣ ਦੇ ਨਾਲ਼ ਹੀ ਜੀਵਨ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਪਹਿਲੇ ਸਾਹ ਤੋਂ ਲੈ ਕੇ ਆਖ਼ਰੀ ਸਾਹ ਤੱਕ ਜ਼ਿੰਦਗੀ ਸੰਘਰਸ਼ ਵਿੱਚ ਹੀ ਗੁਜ਼ਰਦੀ, ਬਸਰਦੀ ਅਤੇ ਪ੍ਰਵਾਨ ਚੜ੍ਹਦੀ ਹੈ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਹਰੇਕ ਵਿਅਕਤੀ ਸੰਘਰਸ਼ ਕਰਦਾ ਹੈ। ਕਈ ਵਾਰ ਉਸ ਨੂੰ ਆਪ ਵੀ ਨਹੀਂ ਪਤਾ ਚਲਦਾ ਕਿ ਉਹ ਸੰਘਰਸ਼ ਕਰ ਰਿਹਾ ਹੈ ਜਾਂ ਦੁਨੀਆਂਦਾਰੀ ਨਿਭਾਅ ਰਿਹਾ ਹੈ। ਇਹੀ ਸਭ ਨੂੰ ਕਰਮਾਂ ਦੀ ਖੇਡ ਮੰਨਿਆਂ ਜਾਂਦਾ ਹੈ। ਹਰੇਕ ਜ਼ਿੰਦਗੀ ਸੰਘਰਸ਼ ਵਿੱਚ ਹੀ ਬੱਝੀ ਹੋਈ ਹੈ ਅਤੇ ਇਸੇ ਵਿੱਚ ਹੀ ਜ਼ਿੰਦਗੀ ਦੇ ਭੇਦ ਦੀਆਂ ਅਟੱਲ ਸੱਚਾਈਆਂ ਦੇ ਰਾਜ ਪਏ ਹੋਏ ਹਨ। ਜਿਹਨਾਂ ਨੂੰ ਹਰੇਕ ਵਿਅਕਤੀ ਆਪਣੀ ਸਮਰੱਥਾ ਅਤੇ ਸਮਝ ਮੁਤਾਬਕ ਹੌਲੀ-ਹੌਲੀ ਅਤੇ ਸਿੱਖਦਾ ਵੀ ਰਹਿੰਦਾ ਹੈ। ਇਸ ਸੰਘਰਸ਼ ਦੇ ਤਾਣੇ ਬਾਣੇ ਵਿੱਚੋਂ ਹੀ ਕਾਮਯਾਬੀ ਉਪਜਦੀ ਹੈ।
ਆਪਣੇ ਅੰਦਰ ਤਾਕਤ ਸਾਨੂੰ ਖ਼ੁਦ ਭਰਨੀ ਪੈਂਦੀ ਹੈ। ਕਿਸੇ ਦੇ ਹੌਂਸਲੇ ਅਤੇ ਪਿਆਰ ਦੀ ਉਡੀਕ ਨਾ ਕਰੋ। ਬਲਕਿ ਆਪਣਾ ਹੌਂਸਲਾ ਆਪ ਬਣੋ ਤੇ ਆਪਣੇ ਆਪ ਨੂੰ ਪਹਿਲਾਂ ਖੁਦ ਦੇ ਪਿਆਰ ਦੇ ਕਾਬਿਲ ਬਣਾਓ.. ਭਾਵ ਆਪਣੇ ਆਪ ਨੂੰ ਆਪ ਪਿਆਰ ਕਰੋ। ਬੇਸ਼ਕ ਕਦੀ-ਕਦੀ ਅਸੀਂ ਹਾਲਾਤਾਂ ਹੱਥੋਂ ਟੁੱਟ ਜਾਂਦੇ ਹਾਂ.. ਚੂਰ ਹੋ ਜਾਂਦੇ ਹਾਂ.. ਬਿਖਰ ਜਾਂਦੇ ਹਾਂ.. ਪਰ ਮਨ ਨੂੰ ਮਜ਼ਬੂਤ ਬਣਾ ਕੇ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਹ ਮੰਨ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਮਾਂ ਦੀ ਕੁੱਖ ਦੇ ਪਹਿਲੇ ਸਾਹ ਤੋਂ ਲੈ ਕੇ ਜੀਵਨ ਦੇ ਆਖ਼ਰੀ ਸਾਹ ਤੱਕ ਸੰਘਰਸ਼ ਹੀ ਤਾਂ ਹੁੰਦੀ ਹੈ..! ਇਸ ਸੰਘਰਸ਼ ਨੂੰ ਮੁਸਕੁਰਾ ਕੇ ਕਰਨਾ ਹੈ ਅਤੇ ਜਿੱਤ ਕੇ ਜਾਣਾ ਹੈ। ਚਿਹਰੇ ‘ਤੇ ਮੁਸਕਰਾਹਟ ਰੱਖ ਕੇ ਸੰਘਰਸ਼ ਕਰਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ।
ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦਾ ਹੈ, ਪਰ ਦੁਨੀਆਂ ਦੇ ਸਾਹਮਣੇ ਹਰ ਵਿਅਕਤੀ ਦੇ ਸੰਘਰਸ਼ ਦੀ ਕਹਾਣੀ ਨਹੀਂ ਆਉਂਦੀ। ਇਸ ਦਾ ਕਾਰਨ ਇਹ ਹੈ ਕਿ ਜਿਸ ਨੇ ਸੰਘਰਸ਼ ਕਰਦੇ ਸਮੇਂ ਕੁਝ ਵੱਖਰੇ ਅੰਦਾਜ਼ ਨੂੰ ਅਪਣਾਇਆ ਅਤੇ ਉਸ ਦੀ ਕਾਮਯਾਬੀ ਸਭ ਦੇ ਸਾਹਮਣੇ ਮਿਸਾਲ ਬਣ ਗਈ ਹੋਵੇ, ਉਹ ਵਿਅਕਤੀ ਖ਼ਾਸ ਬਣ ਜਾਂਦਾ ਹੈ। ਉਸੇ ਵਿਅਕਤੀ ਦੇ ਸੰਘਰਸ਼ ਦੀਆਂ ਕਹਾਣੀਆਂ ਬਣਦੀਆਂ ਹਨ ਹੋਰਨਾਂ ਲਈ ਮਿਸਾਲਾਂ ਪੈਂਦਾ ਕਰਦੀਆਂ ਹਨ। ਉਂਝ ਹਰੇਕ ਵਿਅਕਤੀ ਦੀ ਸੰਘਰਸ਼ ਭਰੀ ਇੱਕ ਕਹਾਣੀ ਹੁੰਦੀ ਹੈ। ਬੇਹਤਰ ਜ਼ਿੰਦਗੀ ਜਿਊਣ ਲਈ.. ਜ਼ਰੂਰਤਾਂ ਪੂਰੀਆਂ ਕਰਨ ਲਈ.. ਕੁਝ ਅਲੱਗ ਕਰਨ ਲਈ.. ਕਿਸੇ ਮੁਕਾਮ ਤੱਕ ਪਹੁੰਚਣ ਲਈ.. ਭਾਵ ਕਿ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦਾ ਹੈ।
ਇਹ ਸੰਘਰਸ਼ ਭਰੀ ਜ਼ਿੰਦਗੀ ਸਾਨੂੰ ਹਰ ਪਲ਼, ਹਰ ਦਿਨ, ਹਰ ਵਕਤ, ਕੁਝ ਨਾ ਕੁਝ ਨਵਾਂ ਜ਼ਰੂਰ ਸਿਖਾਉਂਦੀ ਹੈ। ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੋ ਜਿਹਾ ਅਤੇ ਕਿਵੇਂ ਸਿੱਖਣਾ ਹੈ। ਇਹ ਕੁਦਰਤ ਦਾ ਹਰ ਨਜ਼ਾਰਾ ਇੱਕ ਸੁਨੇਹਾ ਦਿੰਦਾ ਹੈ ਇਹ ਵੀ ਸਾਡੇ ‘ਤੇ ਹੀ ਨਿਰਭਰ ਕਰਦਾ ਹੈ ਕਿ ਉਹ ਸੁਨੇਹੇ ਨੂੰ ਮੰਨਣਾ ਹੈ ਕਿ ਨਹੀਂ। ਇਨਸਾਨ ਅਕਸਰ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਕਈ ਚੀਜ਼ਾਂ ਨੂੰ ਅੱਖੋਂ-ਪਰੋਖੇ ਕਰ ਦਿੰਦਾ ਹੈ। ਸੰਘਰਸ਼ ਦੀ ਕਹਾਣੀ ਵੱਡੀ ਹੋਵੇ ਜਾਂ ਛੋਟੀ ਹੋਵੇ.. ਹੈ ਤਾਂ ਵਿਅਕਤੀ ਦੀ ਵੱਖਰੀ ਕਿਸਮ ਦੀ ਹੀ ਹੁੰਦੀ ਹੈ। ਅਸੀਂ ਹਰ ਰੋਜ਼ ਨਵੇਂ ਹਾਲਾਤਾਂ ਅਤੇ ਨਵੀਂ ਸੋਚ ਨਾਲ ਅੱਗੇ ਵਧਦੇ ਹਾਂ। ਪਿਛਲੇ ਨੂੰ ਯਾਦ ਰੱਖੋ, ਪਰ ਉਨਾਂ ਕੁ.. ਜਿੰਨਾ ਕੁਝ ਜ਼ਰੂਰਤ ਹੋਵੇ। ਵਾਧੂ ਅਤੇ ਬੇਲੋੜਾ ਯਾਦ ਰੱਖ ਕੇ ਵਰਤਮਾਨ ਤੇ ਭਵਿੱਖ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ।
ਆਪਣੀ ਜ਼ਿੰਦਗੀ ਨੂੰ ਆਪਣੇ ਹਾਲਾਤਾਂ ਅਨੁਸਾਰ ਢਾਲ ਕੇ ਜ਼ਰੂਰ ਜੀਣਾ ਚਾਹੀਦਾ ਹੈ, ਪਰ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਧਰਮ ਵੀ ਸਾਨੂੰ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਮੌਸਮ ਸਾਨੂੰ ਹਰ ਹਾਲ ਵਿੱਚ ਸਮਾਂ ਬਿਤਾਉਣ ਦਾ ਸੁਨੇਹਾ ਦਿੰਦੇ ਹਨ। ਅੱਜ ਦਾ ਇਨਸਾਨ ਜੋ ਜ਼ਿੰਦਗੀ ਬਤੀਤ ਕਰ ਰਿਹਾ ਹੈ ਅਤੇ ਜੋ ਅਗਾਂਹ ਕਰੇਗਾ ਇਹ ਸਭ ਉਸ ਦੇ ਕਰੜੇ ਸੰਘਰਸ਼ ਦੀ ਹੀ ਮਿਸਾਲ ਹੈ। ਹਾਲਾਤਾਂ ਨਾਲ਼ ਖਹਿ ਜਾਣਾ ਅਤੇ ਮੌਤ ਤੱਕ ਦੀ ਵੀ ਪਰਵਾਹ ਨਾ ਕਰਨਾ.. ਇਹੀ ਤਾਂ ਜ਼ਿੰਦਗੀ ਹੈ.! ਫੁੱਲਾਂ ਵਾਂਗ ਜਿੰਨਾਂ ਵਕਤ ਵੀ ਮਿਲੇ ਖਿੜੇ ਰਹਿਣਾ ਚਾਹੀਦਾ ਹੈ। ਝਰਨਿਆਂ ਵਾਂਗ ਲਗਾਤਾਰ ਵਹਿੰਦੇ ਰਹਿਣਾ ਹੀ ਰਵਾਨਗੀ ਹੈ। ਕਦੀ ਤੇਜ਼ ਵਹਾਅ ਅਤੇ ਕਦੀ ਹੌਲੀ, ਪਰ ਇਹ ਚਾਲ ਨਿਰੰਤਰ ਹੀ ਰਹਿਣੀ ਚਾਹੀਦੀ ਹੈ। ਜਿਹੜੀਆਂ ਕੌਮਾਂ ਸੰਘਰਸ਼ ਕਰਦੀਆਂ ਹਨ, ਦੁਨੀਆਂ ‘ਤੇ ਉਹੀ ਸਦੀਵੀ ਰਹਿੰਦੀਆਂ ਹਨ। ਇਸੇ ਹੀ ਤਰ੍ਹਾਂ ਜਿੰਨਾ ਵਿਅਕਤੀਆਂ ਦਾ ਸੰਘਰਸ਼ ਯਤਨਸ਼ੀਲ ਅਤੇ ਲਗਾਤਾਰ ਹੁੰਦਾ ਹੈ ਉਹੀ ਲੋਕ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲੈਂਦੇ ਹਨ। ਸਾਡੇ ਸੰਘਰਸ਼ ਵਿਚ ਨਿੱਜ ਦੇ ਨਾਲ਼ ਮਨੁੱਖਤਾ ਦੀ ਭਲਾਈ ਪ੍ਰਤੀ ਸੰਘਰਸ਼ ਵੀ ਹੋਣਾ ਚਾਹੀਦਾ ਹੈ। ਨਿੱਜੀ ਲਈ ਸੰਘਰਸ਼ ਤਾਂ ਸਾਰੇ ਹੀ ਕਰਦੇ ਹਨ.. ਪਰ ਮਨੁੱਖਤਾ ਦੀ ਭਲਾਈ ਲਈ ਸੰਘਰਸ਼ ਵਿਰਲੇ ਹੀ ਕਰਦੇ ਹਨ।
ਸੰਘਰਸ਼ਸ਼ੀਲ ਵਿਅਕਤੀ ਹਵਾ ਵਰਗਾ ਹੁੰਦਾ ਹੈ.. ਜੋ ਕਿਤੇ ਵੀ ਜਾ ਸਕਦਾ ਹੈ। ਹਵਾ ਵਾਂਗ ਹਰ ਹਾਲ ਵਿੱਚ ਹਰ ਜਗ੍ਹਾ ਜਾ ਕੇ ਵਿਕਾਸ ਕਰ ਸਕਦਾ ਹੈ। ਉਸ ਦੇ ਚਿਹਰੇ ‘ਤੇ ਇੱਕ ਲਾਲੀ ਭਾਅ ਮਾਰਦੀ ਹੋਵੇਗੀ ਅਤੇ ਅੱਖਾਂ ਵਿੱਚ ਅਨੋਖੀ ਚਮਕ ਦਾ ਅਹਿਸਾਸ ਹੁੰਦਾ ਹੈ। ਉਸ ਦੀ ਰੂਹ ਖਿੱਚ ਪਾਉਂਦੀ ਹੈ। ਉਸ ਦੇ ਕੰਮ ਪ੍ਰਭਾਵਿਤ ਕਰਦੇ ਹਨ। ਉਸ ਦਾ ਮਨ ਤੇ ਰੂਹ ਸਕੂਨ ਨਾਲ਼ ਭਰੀ ਹੁੰਦੀ ਹੈ। ਵਾਧੂ ਝਮੇਲੇ ਉਹ ਨਹੀਂ ਸਹੇੜਦਾ ਕਿਉਂਕਿ ਉਹ ਯਤਨਸ਼ੀਲ ਹੁੰਦਾ ਹੈ। ਅਜਿਹਾ ਵਿਅਕਤੀ ਜੋ ਕੰਮ ਵੀ ਕਰਦਾ ਹੈ ਮਿਹਨਤ ਨਾਲ਼ ਨੇਪਰੇ ਵੀ ਚਾੜ੍ਹਦਾ ਹੈ।
ਆਓ ਪਿਆਰੇ ਦੋਸਤੋ..! ਇਸ ਸੰਘਰਸ਼ ਭਰੀ ਜ਼ਿੰਦਗੀ ਨੂੰ ਚਾਅ ਨਾਲ਼ ਜੀਅ ਕੇ ਜਾਈਏ। ਦਰਿਆਵਾਂ ਤੇ ਨਹਿਰਾਂ ਦੇ ਪਾਣੀਆਂ ਵਾਂਗ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੀਏ। ਵੱਖ-ਵੱਖ ਤਰ੍ਹਾਂ ਦੇ ਰਾਹਾਂ ਵਿਚੋਂ ਲੰਘਦੇ ਹੋਏ ਆਪਣੇ ਹਰ ਸਫ਼ਰ ਦਾ ਲੁਤਫ਼ ਲਈਏ। ਜ਼ਿੰਦਗੀ ਦੇ ਅਥਾਹ ਸਮੁੰਦਰ ਵਿੱਚ ਜਾ ਕੇ ਮਿਲੀਏ। ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਿੱਖੀਏ। ਜਿੱਥੇ ਕੋਈ ਵਿਤਕਰਾ, ਕੋਈ ਊਚ-ਨੀਚ ਨਾ ਹੋਵੇ। ਸਿਰਫ਼ ਤੇ ਸਿਰਫ਼ ਇਨਸਾਨ ਅਤੇ ਕੰਮ ਦੀ ਪਹਿਚਾਣ ਹੋਵੇ। ਸਦਾ ਸੰਘਰਸ਼ ਕਰਦਿਆਂ ਅੱਗੇ ਵੱਧਦੇ ਖੁਸ਼ ਰਹੋ, ਹੱਸਦੇ ਵੱਸਦੇ ਰਹੋ ਪਿਆਰਿਓ…!
ਪਰਵੀਨ ਕੌਰ ਸਿੱਧੂ
8146536200