“ਜ਼ਿੰਦਗੀ ਦਾ ਤਜ਼ਰਬਾ ਹੁੰਦਾ ਬਜ਼ੁਰਗਾਂ ਕੋਲ”

ਹਰਪ੍ਰੀਤ ਪੱਤੋ

(ਸਮਾਜ ਵੀਕਲੀ) ਸਿਆਣਿਆਂ ਦਾ ਕਥਨ ਹੈ। “ਜ਼ਿੰਦਗੀ ਚ’ ਲੱਗੀਆਂ ਠੋਕਰਾਂ, ਬੰਦੇ ਨੂੰ ਪਿਛਲੀ ਉਮਰ ‘ਚ ਤਜਰਬੇਕਾਰ ਬਣਾ ਦਿੰਦੀਆਂ”।
ਅਕਲ ਬਦਾਮ ਖਾਣ ਨਾਲ ਨਹੀਂ ਠੋਕਰਾਂ ਖਾਣ ਨਾਲ ਆਉਦੀ ਹੈ।
ਐਵੇਂ ਸਾਡੇ ਬੁੱਢਿਆਂ ਨੇ ਦਾਹੜੀਆਂ ਚਿੱਟੀਆਂ ਧੁੱਪੇ ਬੈਠ ਕੇ ਨਹੀਂ ਕੀਤੀਆਂ ਹੁੰਦੀਆਂ।
ਜ਼ਿੰਦਗੀ ਦਾ ਇੱਕ ਇੱਕ ਪਲ ਦੁੱਖ਼ ਸੁੱਖ ਵਿੱਚ ਦੀ ਲੰਘਾਇਆ ਹੁੰਦਾ।
ਅੱਜ ਕੋਈ ਪੜ੍ਹ ਲਿਖ ਕੇ ਕਿੰਨਾਂ
ਸਮਝਦਾਰ ਆਪਣੇ ਆਪ ਨੂੰ ਅਖਵਾਵੇ, ਪਰ ਜਿਹੜੀਆਂ ਗੱਲਾਂ ਦਾ ਪਰੈਕਟੀਕਲ ਬਜ਼ੁਰਗਾਂ ਕੋਲ ਹੁੰਦਾ, ਉਹ ਥਿਊਰੀ ਵਿੱਚ ਨਹੀਂ ਹੁੰਦਾ ਕਿਉਂਕਿ ਜਿੰਨਾਂ ਨੇ ਜ਼ਿੰਦਗੀ ਵਿੱਚ ਘਾਲਣਾ ਘਾਲੀਆਂ ਕਿਤਾਬਾਂ ਵੀ ਉਹਨਾਂ ਦੇ ਤਜਰਬਿਆਂ ਦੇ ਆਧਾਰ ਤੇ ਵਿਦਵਾਨਾਂ ਵੱਲੋਂ ਲਿਖੀਆਂ ਹੁੰਦੀਆ। ਕੋਈ ਨੌਜਵਾਨ ਪੈਸੇ ਵਿੱਚ ਅਮੀਰ ਹੋ ਸਕਦਾ ਸਰੀਰਕ ਪੱਖੋਂ ਤਕੜਾ ਹੋ ਸਕਦਾ।
ਪਰ ਸਾਡੇ ਵੱਡਿਆਂ ਨਾਲੋ ਜਿਆਦਾ ਸਿਆਣਾ ਨਹੀਂ ਹੋ ਸਕਦਾ। ‘ਇੱਕ ਬਹੁਤ ਵੱਡਾ ਵਿਦਵਾਨ ਸੀ, ਤੇ ਅਮੀਰ ਵੀ ਬਹੁਤ , ਪਰ ਜਦੋਂ ਕੋਈ ਕਹਾਣੀ ਲਿਖਦਾ ਤਾਂ ਹੱਦ ਦਰਜੇ ਦੀ ਗ਼ਰੀਬੀ ਬਾਰੇ ਲਿਖਦਾ। ਕਿਸੇ ਨੇ ਉਸ ਨੂੰ ਸਵਾਲ ਕੀਤਾ ! ਕਿ “ਤੁਹਾਡੀਆਂ ਲਿਖਤਾਂ ਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ, ਕਿ ਤੁਸੀਂ ਜਿਵੇਂ ਬਹੁਤ ਗਰੀਬੀ ਹੰਢਾਈ ਹੋਵੇ”। ਉਹ ਕਹਿੰਦਾ “ਨਹੀਂ ਮੈਂ ਅਮੀਰ ਵਿਅਕਤੀ ਹਾਂ”। ਉਹ ਪਾਠਕ ਬੋਲਿਆ “ਜੋ ਰਸ ਤੇਰੀ ਕਹਾਣੀ ਵਿੱਚੋਂ ਆਉਣਾ ਚਾਹੀਦਾ ਸੀ। ਉਹ ਨਹੀਂ ਆਇਆ। ਕਿਉਂ
ਕਿ ਬਿੰਨਾਂ ਤਜਰਬੇ ਕੀਤੇ ਤੋਂ ਲਿਖੀ ਲਿਖਤ ਤਾਂ ਨਕਲ ਮਾਰਨ ਵਾਲੀ ਗੱਲ ਹੁੰਦੀ ਹੈ”। ਜੋ ਅੱਜ ਪੁਰਾਣੇ ਬੰਦਿਆਂ ਤੋਂ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ, ਉਹ ਤੁਹਾਨੂੰ ਕਿਸੇ ਕਿਤਾਬ ਵਿੱਚ ਵੀ ਨਹੀਂ ਮਿਲਣੀਆਂ। ਸਿਆਣੇ ਬਜੁਰਗ ਤਾਂ ਇੱਕ ਜਿਉਂਦੇ ਜਾਗਦੇ ਵੈਦ ਹਨ। ਜਿੰਨਾਂ ਦੇ ਕੋਲ
ਬੈਠ ਬੜਾ ਕੁਝ ਸਿੱਖਿਆ ਜਾ ਸਕਦਾ। ਅੱਜ ਸਾਡੇ ਤੇ ਡਿਜੀਟਲ
ਜ਼ਮਾਨੇ ਦਾ ਭੂਤ ਸਵਾਰ ਹੋਇਆ ਪਿਆ ਮੋਬਾਇਲਾਂ ਨੇ ਸਾਨੂੰ ਸਾਡੇ ਬਜ਼ੁਰਗਾਂ ਦੀ ਬੁੱਕਲ ਦੇ ਨਿੱਘ ਤੋਂ ਬਹੁਤ ਦੂਰ ਕਰ ਦਿੱਤਾ। ਇਸ ਕਰਕੇ ਬਜ਼ੁਰਗਾਂ ਦੀ ਗਿਣਤੀ ਬਿਰਧ ਆਸ਼ਰਮਾਂ ਵਿੱਚ ਦਿਨੋਂ ਦਿਨ ਵੱਧ ਰਹੀ ਹੈ।
ਜਦੋ ਕਿ ਘਰ ਵਿੱਚ ਬਜ਼ੁਰਗ ਸਾਡਾ ਸਰਮਾਇਆ ਹਨ। ਜੋ ਆਪਣੀ ਦਿਲ ਦੀ ਫਿਜ਼ਾ ਵਿੱਚ ਬੜੇ ਗਹਿਰੇ ਜ਼ਿੰਦਗੀ ਦੇ ਰਹੱਸ
ਛਿਪਾਈ ਬੈਠੇ ਹਨ। ਪਰ ਸੁਣਨ ਵਾਲਾ ਕੋਈ ਨਹੀਂ। ਕਹਿੰਦੇ? ਇੱਕ ਵਾਰ ਕਿਸੇ ਨੌਜਵਾਨ ਦਾ ਵਿਆਹ ਸੀ। ਉਸ ਨੇ ਕਿਹਾ ਕਿ ਮੈਂ ਆਪਣੀ ਬਰਾਤ ਭਾਵ ਜੰਝ ਪੈਂਟਾ ਕੋਟਾਂ ਵਾਲਿਆਂ ਨੂੰ ਚੜ੍ਹਾਉਣਾ ਨਵੇਂ ਮੁੰਡਿਆਂ ਨੂੰ, ‘ਪੁਰਾਣੇ ਬਜ਼ੁਰਗਾਂ ਨੂੰ ਨਹੀਂ। ਉਸ ਦੇ ਬਾਪੂ ਨੇ ਕਿਹਾ ਪੁੱਤ ਸਿਆਣਾ ਬੰਦਾ ਨਾਲ ਚੰਗ਼ਾ ਹੁੰਦਾ ਲ਼ੈ ਚਲੋ ਕਾਫ਼ੀ ਸਮਝਾਉਣ ਤੇ ਉਹ ਨੌਜਵਾਨ ਮੰਨ ਗਿਆ। ਕਹਿੰਦਾ ਮੈਂ ਲ਼ੈ ਜਾਊਗਾ ਪਰ ਗੱਡੀ ਦੀ ਡਿੱਗੀ ਵਿੱਚ ਪਾ ਕੇ, ਚੱਲੋ ਬਜ਼ੁਰਗ ਕਹਿੰਦਾ ਠੀਕ ਹੈ। ਅੱਗੇ ਗਏ ਕੁੜੀ ਵਾਲੇ ਕਹਿੰਦੇ ਕਿ ਤੁਸੀਂ ਸੌ ਬੰਦਾ ਬਰਾਤ ਦਾ ਲਿਆਂਦਾ ਅਸੀਂ ਸੌ ਬੱਕਰਾ ਰਿੰਨ ਕੇ ਖਵਾਵਾਂਗੇ ਫਿਰ ਕੁੜੀ ਦੇ ਅਨੰਦ ਕਾਰਜ ਕਰਾਂਗੇ।ਸਾਰੇ ਬੜੇ ਹੈਰਾਨ ਕਿ ਇੱਕ ਬੰਦਾ ਇੱਕ ਬੱਕਰਾ ਕਿਵੇਂ ਖਾਊ। ਜਦੋਂ ਨਾ ਸਮਝ ਲੱਗੀ ਤਾਂ ਕਹਿੰਦੇ ਬਾਪੂ ਨੂੰ ਪੁੱਛੋ, ਜਦੋਂ ਬਾਪੂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ,” ਕਹੋ ਸਾਨੂੰ ਮਨਜ਼ੂਰ ਹੈ। ਪਰ ਸ਼ਰਤ ਇਹ ਕੇ ਕੱਲਾ ਕੱਲਾ ਬੱਕਰਾ ਬਣਾਇਆ ਜਾਵੇ, ਜਦੋਂ ਬਣਾਉਣ ਸਾਰੇ ਜਾਣੇ ਖਾ ਕੇ ਗੇੜਾ ਦੇ ਆਉਣ ਫੇਰ ਆ ਕੇ ਖਾ ਜਾਣ, ਇਸ ਤਰ੍ਹਾਂ ਸੌ ਬੱਕਰਾ ਖਾ ਗਏ। ਕੁੜੀ ਵਾਲਿਆਂ ਨੇ ਸੋਚਿਆ ਕਿ ਇਹਨਾਂ ਨਾਲ ਜ਼ਰੂਰ ਕੋਈ ਸਿਆਣਾ ਬੰਦਾ ਆਇਆ ਹੋਣਾ, ਜੀਹਨੇ ਇਹ ਇਹਨਾਂ ਨੂੰ ਸਕੀਮ ਦੱਸੀ ਹੋਣੀ ਆ। ਫਿਰ ਕੁੜੀ ਨੂੰ ਵਿਆਹ ਕੇ ਘਰ ਲ਼ੈ ਕੇ ਆਏ ਫੇਰ ਉਹ ਬਜ਼ੁਰਗ ਤੋਂ ਸ਼ਰਮ ਮੰਨਣ ,ਸੋ ਇਹ ਲਿਖਣ ਮਤਲਬ ਕਿ ਅਸੀਂ ਆਪਣੇ ਬਜ਼ੁਰਗਾਂ ਬਿੰਨਾਂ ਅਧੂਰੇ ਹਾਂ। ਜੋ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਕੁਝ ਨਵਾਂ ਨਹੀਂ ਸਿੱਖ ਰਹੇ। ਅਸੀਂ ਇਹਨਾਂ ਨੂੰ ਸੰਭਾਲੀਏ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪੜਾਵਾਂ ਵਿੱਚੋਂ ਦੀ ਲੰਘ ਕਿੰਨੀਆਂ ਦੁੱਖ ਤਕਲੀਫਾਂ ਝੱਲ ਸਾਨੂੰ ਆਪਣੇ ਵਾਰਸ ਬਣਾਇਆ। ਜੇ ਉਹ ਸਨ
ਤਾਂ ਹੀ ਅੱਜ ਅਸੀਂ ਹਾਂ। ਜੇ ਉਹ
ਨਾ ਹੁੰਦੇ ਤਾਂ ਸਾਡਾ ਕੋਈ ਵਜੂਦ ਇਸ ਧਰਤੀ ਤੇ ਨਹੀਂ ਸੀ ਹੋਣਾ।
ਜਦੋ ਵੀ ਘਰ ਵਿੱਚ ਕੋਈ ਗੰਭੀਰ ਮਸਲਾ ਹੁੰਦਾ ਜਿਸ ਨੂੰ ਹੱਲ ਕਰਨ ਤੋਂ ਜਦੋਂ ਅਸੀਂ ਬੇ ਵੱਸ ਹੁੰਦੇ ਹਾਂ, ਤਾਂ ਸਾਨੂੰ ਉਹਨਾਂ ਪੁਰਾਣੇ ਬਜ਼ੁਰਗਾਂ ਦੀ ਲੋੜ ਪੈਂਦੀ ਹੈ।
ਜੇ ਅਸੀਂ ਸਿਆਣੇ ਹੋਣਾ ਤਾਂ ਉਹਨਾਂ ਕੋਲੋਂ ਕੁਝ ਸਿੱਖ ਕੇ, ਸਾਡੇ ਬਜ਼ੁਰਗ ਅਕਲਾਂ ਦੇ ਖਜ਼ਾਨੇ ਹਨ। ਜੇ ਅੱਜ ਸਾਡੇ ਵਿਰਸੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਸਾਡੇ ਇਹਨਾਂ ਬੁਜਰਗਾਂ ਨੇ।
ਯਾਦ ਰੱਖੀਏ ਇੱਕ ਦਿਨ ਅਸੀਂ ਭਾਵ ਹਰ ਇੱਕ ਨੇ ਬੁੱਢੇ ਹੋਣਾ।
ਜੋ ਅਸੀਂ ਆਪਣੇ ਵੱਡਿਆਂ ਨਾਲ
ਕਰਾਂਗੇ ਉਹ ਕੁਝ ਈ ਕੱਲ ਨੂੰ ਸਾਡੇ ਨਾਲ ਵੀ ਹੋਣਾ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTrump and America’s gun culture are under attack
Next articleਖੇਡਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਦਿੱਤੀ ਨਵੀਂ ਦਿਸ਼ਾ – ਬ੍ਰਹਮ ਸ਼ੰਕਰ ਜਿੰਪਾ