ਸਮਾਜ ਵੀਕਲੀ ਯੂ ਕੇ-
ਡਾਕਟਰ ਮਨਮੋਹਨ ਸਿੰਘ ਜੀ ਦਾ ਜੀਵਨ ਅਤੇ ਉਪਲਬਧੀਆਂ
ਡਾਕਟਰ ਮਨਮੋਹਨ ਸਿੰਘ ਜੀ ਭਾਰਤ ਦੇ ਸਭ ਤੋਂ ਸਮਰੱਥ ਅਰਥ ਸ਼ਾਸਤਰੀਆਂ ਅਤੇ ਰਾਜਨੀਤਿਕ ਨੇਤਾਵਾਂ ਵਿੱਚੋਂ ਇੱਕ ਸਨ। ਉਹ ਭਾਰਤ ਦੇਸ਼ ਦੇ 13 ਵੇਂ (22 ਮਈ 2004-26 ਮਈ 2014 ਤੱਕ) ਅਤੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਰਹੇ।
ਜਨਮ:- ਡਾਕਟਰ ਮਨਮੋਹਨ ਸਿੰਘ ਜੀ ਦਾ ਜਨਮ 26 ਸਤੰਬਰ 1932 ਗਾਹ, ਪੰਜਾਬ ਵਿਖੇ (ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ) ਪਿਤਾ ਗੁਰਮੁਖ ਸਿੰਘ ਕੋਹਲੀ ਅਤੇ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਪੈਦਾ ਹੋਏ। ਸੰਨ 1947 ਦੀ ਵੰਡ ਦੌਰਾਨ ਡਾਕਟਰ ਮਨਮੋਹਨ ਸਿੰਘ ਜੀ ਦਾ ਪਰਿਵਾਰ ਭਾਰਤ ਆ ਗਿਆ। ਬਹੁਤ ਹੀ ਛੋਟੀ ਉਮਰ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦੇ ਮਾਤਾ ਦਾ ਦਿਹਾਂਤ ਹੋਣ ਕਰਕੇ ਉਹਨਾਂ ਦੇ ਦਾਦੀ ਜਮੁਨਾ ਦੇਵੀ ਜੀ ਵੱਲੋਂ ਡਾਕਟਰ ਮਨਮੋਹਨ ਸਿੰਘ ਜੀ ਦਾ ਪਾਲਣ ਪੋਸ਼ਣ ਕੀਤਾ ਗਿਆ।
ਸਿੱਖਿਆ ਪ੍ਰਾਪਤੀ:- ਬਚਪਨ ਤੋਂ ਹੀ ਮਨਮੋਹਨ ਸਿੰਘ ਜੀ ਨੇ ਆਪਣਾ ਸਿੱਖਿਆ ਪ੍ਰਤੀ ਗਹਿਰਾ ਰੁਝਾਨ ਦਿਖਾਇਆ ।ਡਾਕਟਰ ਮਨਮੋਹਨ ਸਿੰਘ ਜੀ ਨੇ ਅਰਥ ਸ਼ਾਸਤਰ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਆਪਣੀ ਬੈਚੂਲਰ ਡਿਗਰੀ ਆਫ ਇਕਨੋਮਿਕਸ ( ਆਨਰਜ਼) ਸੰਨ 1952 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ (ਉਸ ਸਮੇਂ ਹੁਸ਼ਿਆਰਪੁਰ ਵਿਖੇ )ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਮਾਸਟਰ ਡਿਗਰੀ ਆਫ ਇਕਨੋਮਿਕਸ ਸੰਨ1954 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੂਰੀ ਕੀਤੀ। ਡਾਕਟਰ ਮਨਮੋਹਨ ਸਿੰਘ ਜੀ ਨੇ ਉੱਚ ਸਿੱਖਿਆ ਸੰਨ1957 ਵਿੱਚ ਸੈਂਟ ਜੋਹਨ ਕਾਲਜ ਕੈਂਬਰਿਜ ਯੂਨੀਵਰਸਿਟੀ ਤੋਂ ਡਿਗਰੀ ਆਫ ਇਕਨੋਮਿਕਸ ਹਾਸਿਲ ਕੀਤੀ ਅਤੇ ਸੰਨ1962 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਪੀ ਐੱਚ ਡੀ ਦੀ ਡਿਗਰੀ ਹਾਸਲ ਕੀਤੀ।
ਜੀਵਨ ਸਾਥੀ ਅਤੇ ਪਰਿਵਾਰ:- ਡਾਕਟਰ ਮਨਮੋਹਨ ਸਿੰਘ ਜੀ ਦਾ ਵਿਆਹ ਸੰਨ1958 ਵਿੱਚ ਗੁਰਸ਼ਰਨ ਕੌਰ ਜੀ ਨਾਲ ਹੋਇਆ । ਆਪ ਜੀ ਦੇ ਘਰ ਤਿੰਨ ਪੁੱਤਰੀਆਂ ਉਪਿੰਦਰ ਸਿੰਘ, ਅੰਮ੍ਰਿਤ ਸਿੰਘ ਅਤੇ ਦਮਨ ਸਿੰਘ ਨੇ ਜਨਮ ਲਿਆ ।
ਮਹੱਤਵਪੂਰਨ ਯੋਗਦਾਨ :-1970 ਅਤੇ 1980 ਦੇ ਦਹਾਕੇ ਦੌਰਾਨ, ਡਾਕਟਰ ਮਨਮੋਹਨ ਸਿੰਘ ਜੀ ਨੇ ਭਾਰਤ ਸਰਕਾਰ ਵਿੱਚ ਕਈ ਮੁੱਖ ਅਹੁਦਿਆਂ ‘ਤੇ ਕੰਮ ਕੀਤਾ, ਜਿਵੇਂ ਕਿ ਮੁੱਖ ਆਰਥਿਕ ਸਲਾਹਕਾਰ (1972-1976), ਰਿਜ਼ਰਵ ਬੈਂਕ ਦੇ ਗਵਰਨਰ (1982-1985) ਅਤੇ ਯੋਜਨਾ ਕਮਿਸ਼ਨ ਦੇ ਮੁਖੀ (1985-1987)।
1991 ਵਿੱਚ, ਜਿਵੇਂ ਕਿ ਭਾਰਤ ਇੱਕ ਗੰਭੀਰ ਆਰਥਿਕ ਸੰਕਟ(ਜਦੋਂ ਦੇਸ਼ ਕੋਲ ਸਿਰਫ 15 ਦਿਨ ਦੀ ਵਿਦੇਸ਼ੀ ਮੁਦਰਾ ਸੀ) ਦਾ ਸਾਹਮਣਾ ਕਰ ਰਿਹਾ ਸੀ, ਉਸ ਸਮੇਂ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ, ਪੀ.ਵੀ. ਨਰਸਿਮਹਾ ਰਾਓ ਨੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਵਿੱਤ ਮੰਤਰੀ ਵਜੋਂ ਆਪਣੀ ਕੈਬਨਿਟ ਵਿੱਚ ਸ਼ਾਮਿਲ ਕੀਤਾ ।
ਡਾਕਟਰ ਮਨਮੋਹਨ ਸਿੰਘ ਜੀ 1998-2004 ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੌਰਾਨ ਰਾਜ ਸਭਾ (ਭਾਰਤ ਦੇ ਸੰਸਦ ਦੇ ਉਪਰਲੇ ਸਦਨ) ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ।
ਉਸ ਦੇ ਪਹਿਲੇ ਮੰਤਰਾਲੇ ਨੇ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ, ਵਿਲੱਖਣ ਪਛਾਣ ਅਥਾਰਟੀ, ਪੇਂਡੂ ਰੁਜ਼ਗਾਰ ਗਾਰੰਟੀ ਸਕੀਮ ਅਤੇ ਸੂਚਨਾ ਦਾ ਅਧਿਕਾਰ ਕਾਨੂੰਨ ਸਮੇਤ ਕਈ ਮੁੱਖ ਕਾਨੂੰਨਾਂ ਅਤੇ ਪ੍ਰੋਜੈਕਟਾਂ ਨੂੰ ਲਾਗੂ ਕੀਤਾ।
ਕੰਮ ਦਾ ਅਧਿਕਾਰ : ਪੇਂਡੂ ਰੋਜ਼ਗਾਰ ਲਈ MGNREGA ਲਾਗੂ ਕੀਤਾ।
*ਵਿੱਦਿਆ ਦਾ ਅਧਿਕਾਰ (RTE): ਹਰ ਬੱਚੇ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ।
*RTI (ਸੂਚਨਾ ਦਾ ਅਧਿਕਾਰ): ਉਹਨਾਂ ਵੱਲੋਂ ਇੱਕ ਬਹੁਤ ਹੀ ਮਹੱਤਵਪੂਰਨ ਕਾਨੂੰਨ ਸੂਚਨਾ ਦਾ ਅਧਿਕਾਰ ਲਾਗੂ ਕੀਤਾ ਗਿਆ।
*Right to food( ਭੋਜਨ ਦਾ ਅਧਿਕਾਰ) ਕਾਨੂੰਨ ਲਾਗੂ ਕਰਨ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ।
*ਭਾਰਤ-ਅਮਰੀਕਾ ਨਿਊਕਲੀਅਰ ਸੌਦਾ: ਭਾਰਤ ਨੂੰ ਵਿਦੇਸ਼ੀ ਸੂਝ-ਬੂਝ ਵਿੱਚ ਮਜ਼ਬੂਤ ਕੀਤਾ।
*ਭਾਰਤ ਦੀ GDP ਵਿਕਾਸ ਦਰ ਨੂੰ 8% ਦੇ ਆਸ-ਪਾਸ ਰੱਖਿਆ।
*ਪੱਖਪਾਤ ਰਹਿਤ ਵਿਕਾਸ: ਗਰੀਬੀ ਘਟਾਉਣ ‘ਤੇ ਧਿਆਨ।
ਜੀਵਨ ਦੇ ਮਹੱਤਵਪੂਰਨ ਤੱਥ:-
1957 – 1965 – ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਚ ਅਧਿਆਪਕ
1969 – 1971 – ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਅੰਤਰਰਾਸ਼ਟਰੀ ਵਪਾਰ ਦੇ ਪ੍ਰੋਫੈਸਰ
1976 – ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਆਨਰੇਰੀ ਪ੍ਰੋਫੈਸਰ
1982 ਤੋਂ 1985 – ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ
1985 ਤੋਂ 1987 – ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ
1990 ਤੋਂ 1991 – ਭਾਰਤ ਦੇ ਪ੍ਰਧਾਨਮੰਤਰੀ ਦੇ ਆਰਥਕ ਸਲਾਹਕਾਰ
1991 – ਨਰਸਿਮਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ
2004 -2014 ਭਾਰਤ ਦੇ ਪ੍ਰਧਾਨ ਮੰਤਰੀ
2019 ਤੋਂ 2024 – ਰਾਜਸਥਾਨ ਤੋਂ ਰਾਜ ਸਭਾ ਮੈਂਬਰ
1996 – ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਆਨਰੇਰੀ ਪ੍ਰੋਫੈਸਰ
1999 – ਦੱਖਣ ਦਿੱਲੀ ਲੋਕ ਸਭਾ ਹਲਕੇ ਤੋਂ ਚੋਣ ਲੜੇ ਲੇਕਿਨ ਹਾਰ ਗਏ।
ਪੁਰਸਕਾਰ :- ਸੰਨ 1987 ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਅੰਤਿਮ ਸਮਾਂ:- 26 ਦਸੰਬਰ 2024 ਨੂੰ ਡਾਕਟਰ ਮਨਮੋਹਨ ਸਿੰਘ ਜੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਏਮਜ਼ , ਨਵੀਂ ਦਿੱਲੀ ਵਿਖੇ ਦਾਖਲ ਕਰਵਾਇਆ ਗਿਆ ਅਤੇ ਆਪਣੀ 92 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ।
ਡਾਕਟਰ ਮਨਮੋਹਨ ਸਿੰਘ ਜੀ ਦੀ ਸ਼ਖਸ਼ੀਅਤ
ਸਾਦਗੀ:- ਡਾ. ਸਿੰਘ ਨੇ ਆਪਣੇ ਜੀਵਨ ਵਿੱਚ ਕਦੇ ਵੀ ਸ਼ਾਨਦਾਰ ਜੀਵਨਸ਼ੈਲੀ ਨੂੰ ਵਡਿਆਇਆ ਨਹੀਂ , ਉਹਨਾਂ ਨੇ ਬਹੁਤ ਹੀ ਸਾਦਗੀ ਨਾਲ ਆਪਣਾ ਜੀਵਨ ਬਤੀਤ ਕੀਤਾ।
ਰਾਜਨੀਤੀ ਵਿੱਚ ਕਿਸੇ ਸ਼ਖਸ਼ ਨਾਲ ਜਿਸ ਤਰ੍ਹਾਂ ਝੂਠੇ ਸੱਚੇ ਵਿਵਾਦ ਉੱਠਦੇ ਹਨ ਉਹਨਾਂ ਨੇਂ ਹਮੇਸ਼ਾ ਆਪਣੇ ਕੰਮ ਨਾਲ ਇਹੋ ਜਿਹੇ ਸਵਾਲਾਂ ਦੇ ਜਵਾਬ ਦਿੱਤੇ। ਉਹ ਹਮੇਸ਼ਾ ਕਹਿੰਦੇ ਸਨ ਕਿ ਸਮਾਂ ਮੇਰੇ ਨਾਲ ਨਿਆਂ ਜਰੂਰ ਕਰੇਗਾ।
ਡਾਕਟਰ ਮਨਮੋਹਨ ਸਿੰਘ ਜੀ ਰਿਸ਼ਵਤ ਖੋਰੀ ਤੋਂ ਪਰਾਂ, ਦੇਸ਼ ਦੇ ਸਭ ਤੋਂ ਬੇਦਾਗ ਅਤੇ ਸੱਚੇ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ।
ਮਨਪ੍ਰੀਤ ਕੌਰ
ਸਾਇੰਸ ਮਿਸਟ੍ਰੈਸ ਸਹਸ ਚਕੇਰੀਆਂ (ਮਾਨਸਾ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly