(ਸਮਾਜ ਵੀਕਲੀ)-ਵਿਚਾਰਾਂ ਦੀ ਭਿੰਨਤਾ ਕਰਕੇ ਅਮਰ ਅਤੇ ਰਜਨੀ ਦਾ ਵਿਆਹ ਸਫਲ ਗ੍ਰਹਿਸਥੀ ਵਿੱਚ ਨਾ ਬਦਲ ਸਕਿਆ ਅਤੇ ਪੰਜ-ਸੱਤ ਸਾਲਾਂ ਦੀ ਜੱਦੋ-ਜਹਿਦ ਮਗਰੋਂ ਉਹਨਾਂ ਦਾ ਤਲਾਕ ਹੋ ਗਿਆ।
ਤਲਾਕ ਤੋਂ ਬਾਅਦ ਅਮਰ ਗੁੰਮ-ਸੁੰਮ ਰਹਿਣ ਲੱਗ ਪਿਆ। ਘਰ ਦਾ ਮਹੌਲ ਵੀ ਤਣਾਅ ਪੂਰਨ ਹੋ ਗਿਆ। ਅਮਰ ਦੀ ਮਾਂ ਤਾਂ ਚੌਵੀ ਘੰਟੇ ਹੀ ਉਸ ਦੀਆਂ ਨੱਤੀਆਂ-ਬੁੱਤੀਆਂ ਕਰਦੀ ਰਹਿੰਦੀ, ਜਿਵੇਂ ਉਹ ਕੋਈ ਦੁੱਧ ਪੀਂਦਾ ਬੱਚਾ ਹੋਵੇ। ਹਰ ਵੇਲੇ ਉਹ ਆਪਣੀ ਵੱਡੀ ਨੂੰਹ ਦੇ ਦੁਆਲੇ ਹੀ ਹੋਈ ਰਹਿੰਦੀ, ਜਿਵੇਂ ਉਹਦੇ ਕਰਕੇ ਹੀ ਅਮਰ ਦਾ ਤਲਾਕ ਹੋਇਆ ਹੋਵੇ।
ਇੱਕ ਦਿਨ ਉਹਦੀ ਭੂਆ ਦਾ ਮੁੰਡਾ ਸੰਦੀਪ ਮਿਲਣ ਲਈ ਆਇਆ। ਉਹ ਲੁਧਿਆਣੇ ਕੰਮ ਕਰਦਾ ਸੀ। ਜਦੋਂ ਉਸ ਨੇ ਅਮਰ ਦੀ ਹਾਲਤ ਵੇਖੀ, ਤਾਂ ਉਸ ਨੇ ਅਮਰ ਨੂੰ ਵੀ ਲੁਧਿਆਣੇ ਕੰਮ ਕਰਨ ਦੀ ਸਲਾਹ ਦਿੱਤੀ। ਅਮਰ ਨੂੰ ਵੀ ਠੀਕ ਲੱਗਾ। ਉਸ ਨੇ ਸੋਚਿਆ ਕਿ ਇਸ ਤਰ੍ਹਾਂ ਉਹ ਦੁੱਖ ਵਿੱਚੋਂ ਵੀ ਬਾਹਰ ਨਿਕਲ ਆਏਗਾ ਅਤੇ ਘਰ ਦਾ ਤਣਾਅ ਵੀ ਘੱਟ ਜਾਵੇਗਾ। ਹੁਣ ਉਹ ਵੀ ਵਾਪਸੀ ‘ਤੇ ਸੰਦੀਪ ਨਾਲ ਲੁਧਿਆਣੇ ਆ ਗਿਆ।
ਦੋ-ਚਾਰ ਦਿਨਾਂ ਵਿੱਚ ਹੀ ਸੰਦੀਪ ਨੇ ਅਮਰ ਨੂੰ ਸਾਇਕਲ ਫੈਕਟਰੀ ਵਿੱਚ ਕੰਮ ‘ਤੇ ਰਖਵਾ ਦਿੱਤਾ। ਸੰਦੀਪ ਹੁਣ ਜੀਅ ਲਾ ਕੇ ਕੰਮ ਕਰਨ ਲੱਗਾ। ਉਸਦੀ ਤਨਖਾਹ ਤਾਂ ਭਾਂਵੇ ਬਹੁਤ ਘੱਟ ਸੀ, ਪਰ ਆਈ-ਚਲਾਈ ਹੋਈ ਜਾ ਰਹੀ ਸੀ। ਕਿਰਾਏ ਦਾ ਮਕਾਨ ਅਤੇ ਮੁੱਲ ਦੀ ਰੋਟੀ ਕਰਕੇ ਬੱਚਤ ਨਾਮਾਤਰ ਹੀ ਸੀ।
ਅਜੇ ਛੇ ਮਹੀਨੇ ਹੀ ਹੋਏ ਸਨ ਉਸ ਨੂੰ ਲੁਧਿਆਣੇ ਆਏ ਕਿ ਉਸਦੇ ਪਿਤਾ ਦੀ ਮੌਤ ਦਾ ਸੁਨੇਹਾ ਆ ਗਿਆ। ਹੁਣ ਫਿਰ ਉਹ ਉਦਾਸ ਰਹਿਣ ਲੱਗ ਪਿਆ। ਇਹ ਵੇਖ ਕੇ ਸੰਦੀਪ ਨੇ ਉਸ ਨੂੰ ਵਿਆਹ ਲਈ ਜੱਸੀ ਕੁੜੀ ਦੀ ਦੱਸ ਪਾਈ, ਜੋ ਗਰੀਬ ਘਰ ਦੀ ਸੀ ਅਤੇ ਰੰਗ ਵੀ ਪੱਕਾ ਸੀ। ਨਾਲੇ ਉਸ ਨੇ ਕਿਹਾ ਕਿ ਅਮਰ ਨੂੰ ਘਰ-ਜਵਾਈ ਬਣਨਾ ਪਵੇਗਾ, ਕਿਉਂਕਿ ਕੁੜੀ ‘ਕੱਲੀ ਹੈ ਤੇ ਉਹ ਹੀ ਆਪਣੇ ਮਾਪਿਆਂ ਦਾ ਸਹਾਰਾ ਹੈ। ਅਮਰ ਨੇ ਵੀ ਸੋਚਿਆ ਕਿ ਇਸ ਗ਼ਰੀਬੀ ਅਤੇ ਬਜ਼ਾਰੀ ਰੋਟੀ ਦੇ ਖਲਜਗਨ ਵਿੱਚੋਂ ਨਿਕਲਣ ਲਈ ਕੁਝ ਤਾਂ ਕਰਨਾ ਹੀ ਪੈਣਾ। ਉਸ ਨੇ ਹਾਂ ਕਰ ਦਿੱਤੀ ਅਤੇ ਘਰਦਿਆਂ ਨੂੰ ਸੱਦ ਲਿਆ। ਕੁੜੀ ਕਿਸੇ ਦੇ ਮਨ ਨੂੰ ਨਾ ਭਾਈ। ਪਰ ਸਭ ਨੇ ਸੋਚਿਆ ਕਿ ਜਿਹਨੇ ਨਾਲ ਰਹਿਣਾ ਹੈ ਜੇ ਉਸ ਨੂੰ ਇਤਰਾਜ਼ ਨਹੀਂ ਤਾਂ ਉਹਨਾਂ ਨੂੰ ਵੀ ਕੋਈ ਫ਼ਰਕ ਨਹੀਂ ਪੈਂਦਾ।
ਸਭ ਵਿਆਹ ਤੋਂ ਬਾਅਦ ਘਰ ਆ ਗਏ। ਪਰ ਅਮਰ ਦੀ ਮਾਂ ਨੂੰ ਲੱਗਿਆ ਕਿ ਜਿਵੇਂ ਉਸ ਦੇ ਪੁੱਤ ਨਾਲ ਕੋਈ ਧੋਖਾ ਹੋ ਗਿਆ ਜਾਂ ਉਸ ਦੀ ਬੁੱਧੀ ‘ਤੇ ਕੋਈ ਪਰਦਾ ਪੈ ਗਿਆ।
ਹੁਣ ਅਮਰ ਦੀ ਰੋਟੀ ਅਤੇ ਘਰ ਦੀ ਸਮੱਸਿਆ ਹੱਲ਼ ਹੋ ਗਈ। ਉਹ ਖੁਸ਼ ਰਹਿਣ ਲੱਗਾ। ਫੈਕਟਰੀ ਮਾਲਕ ਨੇ ਵੀ ਉਹਦਾ ਕੰਮ ਵੇਖ ਕੇ ਉਸਨੂੰ ਤਰੱਕੀ ਦੇ ਦਿੱਤੀ। ਦਿਨਾਂ ਵਿੱਚ ਹੀ ਉਸਦੇ ਦਿਨ ਫਿਰ ਗਏ। ਦੋ ਸਾਲਾਂ ਬਾਅਦ ਉਹਦੇ ਘਰ ਵੱਡੇ ਅਪਰੇਸ਼ਨ ਨਾਲ ਮੁੰਡਾ ਹੋਇਆ। ਅਚਾਨਕ ਉਸਦੀ ਸੱਸ ਵੀ ਬਿਮਾਰ ਪੈ ਗਈ ਅਤੇ ਸਹੁਰਾ ਤਾਂ ਪਹਿਲਾਂ ਹੀ ਸਰੀਰੋਂ ਆਹਰਾ ਹੋਣ ਕਰਕੇ ਮੰਜੀ ‘ਤੇ ਸੀ। ਹੁਣ ਘਰ ਕੋਈ ਸਾਂਭ ਸੰਭਾਲ਼ ਵਾਲਾ ਨਾ ਹੋਣ ਕਰਕੇ ਅਮਰ ਨੇ ਆਪਣੀ ਮਾਂ ਨੂੰ ਕੋਲ਼ ਬੁਲਾ ਲਿਆ।
ਅਮਰ ਦੀ ਮਾਂ ਆਪਣੇ ਪੋਤੇ ਨੂੰ ਵੇਖ ਕੇ ਬਹੁਤ ਖੁਸ਼ ਸੀ। ਉਸਦੀ ਸ਼ਕਲ ਹੂ-ਬ-ਹੂ ਅਮਰ ਨਾਲ ਰਲਦੀ ਸੀ। ਪਰ ਉਸਨੂੰ ਆਪਣੀ ਨੂੰਹ ਜੱਸੀ ਭੋਰਾ ਚੰਗੀ ਨਾ ਲੱਗਦੀ। ਅਜੇ ਮਸਾਂ ਪੰਦਰਾਂ ਦਿਨ ਹੀ ਹੋਏ ਸਨ ਉਸ ਨੂੰ ਆਇਆ ਕਿ ਉਸਨੇ ਨੋਕਾ-ਟੋਕੀ ਸ਼ੁਰੂ ਕਰ ਦਿੱਤੀ। ਉਹ ਇਹ ਸਭ ਭੁੱਲ ਗਈ ਕਿ ਉਸ ਦਾ ਪੁੱਤਰ ਉਸ ਤੋਂ ਦੂਰ ਹੋ ਕੇ ਵੀ ਘਰ ਵਾਲੇ ਸਭ ਸੁੱਖ ਮਾਣ ਰਿਹਾ ਹੈ ਤੇ ਰੱਬ ਨੇ ਵੀ ਉਸਦੇ ਘਰ ਭਾਗ ਲਾਏ ਹਨ। ਨੂੰਹ ਦੇ ਨਾਲ਼ ਨਾਲ਼ ਉਹ ਆਪਣੀ ਕੁੜਮਣੀ ਨਾਲ ਵੀ ਖਾਰ ਖਾਣ ਲੱਗੀ, ਜਿਵੇਂ ਉਸਨੇ ਉਸ ਕੋਲੋਂ ਉਸਦਾ ਪੁੱਤਰ ਖੋਹ ਲਿਆ ਹੋਵੇ।
ਹੁਣ ਘਰ ਦਾ ਮਹੌਲ ਫਿਰ ਤਣਾਅ ਪੂਰਨ ਹੋ ਗਿਆ। ਅਮਰ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਸ ਨੇ ਆਪਣੀ ਮਾਂ ਨੂੰ ਕੋਲ਼ ਬੁਲਾ ਕੇ ਚੰਗਾ ਕੀਤਾ ਹੈ ਜਾਂ ਮਾੜਾ, ਕਿਉਂਕਿ ਘਰ ਜੱਚਾ-ਬੱਚਾ ਨੂੰ ਵੇਖਣ ਵਾਲ਼ਾ ਵੀ ਜ਼ਰੂਰੀ ਸੀ। ਜੇ ਉਹ ਘਰ ਰਹਿੰਦਾ ਸੀ ਤਾਂ ਆਮਦਨ ਦਾ ਹੋਰ ਕੋਈ ਚਾਰਾ ਵੀ ਨਹੀਂ ਸੀ। ਉੱਪਰੋਂ ਖਰਚ ਅਤੇ ਜਿੰਮੇਵਾਰੀ ਵੱਧ ਰਹੀ ਸੀ। ਇੱਕ ਦਿਨ ਤਾਂ ਹੱਦ ਹੋ ਗਈ ਜਦ ਅਮਰ ਦੀ ਮਾਂ ਨੇ ਆਪਣੀ ਕੁੜਮਣੀ ਨੂੰ ਕਿਹਾ ਕਿ ਸੰਦੀਪ ਨੇ ਜਰੂਰ ਕੁਝ ਲੈ ਦੇ ਕੇ ਮੇਰੇ ਪੁੱਤ ਦੇ ਗਲ ਜੂਠ ਮੜ ਦਿੱਤੀ। ਜਿਸ ਦੀ ਸ਼ਕਲ ਵੀ ਵੇਖਣ ਨੂੰ ਜੀਅ ਨਹੀਂ ਕਰਦਾ। ਕੁੜਮਣੀ ਦੀ ਗੱਲ ਸੁਣ ਕੇ ਜੱਸੀ ਦੀ ਮਾਂ ਦੇ ਪੈਰਾਂ ਥੱਲਿਓਂ ਜਿਵੇਂ ਜ਼ਮੀਨ ਹੀ ਨਿਕਲ ਗਈ। ਉਹ ਸੋਚੀ ਪੈ ਗਈ। ਫਿਰ ਉਸ ਨੇ ਆਪਣੀ ਕੁੜਮਣੀ ਨੂੰ ਕਿਹਾ, ” ਭੈਣਜੀ , ਉਸ ਦੀ ਧੀ ਤਾਂ ਵਿਆਹ ਸਮੇਂ ਕੁਆਰੀ ਸੀ। ਜਦ ਕਿ ਉਸਦੇ ਪੁੱਤਰ ਦਾ ਦੂਜਾ ਵਿਆਹ ਸੀ। ਇਸ ਲਿਹਾਜ਼ ਨਾਲ ਤਾਂ ਜੂਠ ਉਸ ਦੀ ਧੀ ਨਹੀਂ ਬਲਕਿ ਉਸ ਦਾ ਪੁੱਤਰ ਹੋਇਆ। ਰਹੀ ਗੱਲ ਸੰਦੀਪ ਦੀ, ਉਸ ਭਲੇਮਾਣਸ ਨੂੰ ਕਿਉਂ ਦੋਸ਼ ਦੇ ਰਹੇ ਹੋ ? ਰਿਸ਼ਤਾ ਕੋਈ ਜਬਰਦਸਤੀ ਨਹੀਂ ਹੋਇਆ। ਸਹਿਮਤੀ ਨਾਲ ਹੋਇਆ ਹੈ। ”
ਇੰਨੀ ਗੱਲ ਸੁਣਦਿਆਂ ਹੀ ਜੱਸੀ ਦੀ ਸੱਸ ਕੱਪੜਿਆਂ ਤੋਂ ਬਾਹਰ ਹੋ ਗਈ ਅਤੇ ਉਸੇ ਘੜੀ ਹੀ ਉਸ ਨੇ ਘਰ ਨੂੰ ਚਾਲੇ ਪਾ ਲਏ।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly