ਫਿਰਕੂ-ਫਾਸ਼ੀਵਾਦ ਤੋਂ ਮੁਕਤੀ ਅਤੇ ਲੋਕ ਮੁਦਿਆਂ ਦੇ ਹੱਲ ਲਈ ਤਿੱਖਾ-ਬੱਝਵਾਂ ਘੋਲ ਵਿੱਢਾਂਗੇ- ਪਾਸਲਾ

*ਪੰਜਾਬ ਨਾਲ ਧੱਕੇ-ਵਿਤਕਰੇ ਦੇ ਖਾਤਮੇ ਲਈ ਪੰਜਾਬੀਆਂ ਦੀ ਸਾਂਝੀ ਲਹਿਰ ਉਸਾਰਾਂਗੇ- ਜਾਮਾਰਾਏ*

ਜਲੰਧਰ/ਫਿਲੌਰ (ਸਮਾਜ ਵੀਕਲੀ) ਅੱਪਰਾ (ਜੱਸੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਭਾਰਤ ਦੀ ਮਾਰਕਸਵਾਦੀ ਕਮਿਊਨਿਸਟ ਪਾਰਟੀ-ਯੂਨਾਈਟਡ (ਐਮ.ਸੀ.ਪੀ.ਆਈ.-ਯੂ.) ’ਤੇ ਆਧਾਰਿਤ ‘ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ’ (ਸੀ.ਸੀ.ਸੀ.) ਵਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪ੍ਰਭਾਵਸ਼ਾਲੀ ਸੂਬਾਈ ਕਨਵੈਨਸ਼ਨ ਸੱਦੀ ਗਈ।ਕਨਵੈਨਸ਼ਨ ਦਾ ਮੁੱਖ ਮਤਾ ਪੇਸ਼ ਕਰਦਿਆਂ ਆਰਐਮਪੀਆਈ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਬਦਲਾਅ ਦੀ ਤਾਂਘ ਰੱਖਦੇ ਦੇਸ਼ ਦੇ ਲੋਕਾਂ, ਖਾਸ ਕਰਕੇ ਪੰਜਾਬ ਵਾਸੀਆਂ ਨੂੰ ਲੋਕ ਮਾਰੂ, ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀ ਚੌਖਟਾ ਰੱਦ ਕਰਕੇ ਬਦਲਵੀਆਂ ਲੋਕ ਪੱਖੀ ਨੀਤੀਆਂ ਵਾਲੇ ਹਕੀਕੀ ਰਾਜਸੀ ਬਦਲ ਦੀ ਉਸਾਰੀ ਲਈ ਜੂਝਣਾ ਹੋਵੇਗਾ। ਇਸ ਦਿਸ਼ਾ ਵਿਚ ਸਾਥੀ ਜਾਮਾਰਾਏ ਨੇ ਬਦਲਾਅ ਲਿਆਉਣ ਦੇ ਨਾਂ ਹੇਠ ਲੋਕਾਂ ਨੂੰ ਭੁਚਲਾ ਕੇ ਪ੍ਰਾਂਤ ਦੀ ਸੱਤਾ ’ਤੇ ਕਾਬਜ਼ ਹੋਈ ‘ਆਪ’ ਸਰਕਾਰ ਦੀਆਂ ਨਿੱਜੀਕਰਨ-ਉਦਾਰੀਕਰਨ ਦੇ ਚੌਖਟੇ ਵਾਲੀਆਂ ਸਿਰੇ ਦੀਆਂ ਲੋਕ ਮਾਰੂ ਨੀਤੀਆਂ ਅਤੇ ਚੌਤਰਫਾ ਅਸਫਲਤਾਵਾਂ ਦਾ ਉਚੇਚਾ ਜ਼ਿਕਰ ਕੀਤਾ। ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਅਤੇ ਐਮ.ਸੀ.ਪੀ.ਆਈ.-ਯੂ. ਦੇ ਜਨਰਲ ਸਕੱਤਰ ਕਾਮਰੇਡ ਅਸ਼ੋਕ ਓਮਕਾਰ ਤੇ ਪੋਲਿਟ ਬਿਊਰੋ ਦੇ ਮੈਂਬਰ ਸਾਥੀ ਕਿਰਨਜੀਤ ਸਿੰਘ ਸੇਖੋਂ ਨੇ ਮੁੱਖ ਬੁਲਾਰਿਆਂ ਵਜੋਂ ਕਨਵੈਨਸ਼ਨ ਦਾ ਮਨੋਰਥ ਸਾਂਝਾ ਕੀਤਾ। ਸੀਪੀਆਈ (ਐਮਐਲ) ਲਿਬ੍ਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਨਵੈਨਸ਼ਨ ਦੇ ਉਦੇਸ਼ ਨਾਲ ਸਹਿਮਤੀ ਪ੍ਰਗਟਾਉਂਦਿਆਂ ਹਰ ਪੱਖੋਂ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨਗੀ ਸਰਵ ਸਾਥੀ ਹਰਕੰਵਲ ਸਿੰਘ, ਰਤਨ ਸਿੰਘ ਰੰਧਾਵਾ, ਮਹਿੰਦਰ ਨੇਹ, ਨਾਗਾਭੂਸ਼ਨਮ ਅਤੇ ਕੁਲਵੰਤ ਸਿੰਘ ਸੰਧੂ ਨੇ ਕੀਤੀ। ਮੰਚ ਸੰਚਾਲਨ ਸਾਥੀ ਗੁਰਨਾਮ ਸਿੰਘ ਦਾਊਦ ਵਲੋਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਭਾਜਪਾ ਨੂੰ ਲੋਕ ਸਭਾ ਚੋਣਾਂ ’ਚ ਵੱਜੀਆਂ ਵੱਡੀਆਂ ਪਛਾੜਾਂ ਦੇ ਬਾਵਜੂਦ ਮੋਦੀ-03 ਸਰਕਾਰ ਆਪਣੇ ਵਿਚਾਰਧਾਰਕ ਆਕਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਧਰਮ ਅਧਾਰਤ ਕੱਟੜ ਰਾਜ ਕਾਇਮ ਕਰਨ ਦੇ ਏਜੰਡੇ ’ਤੇ ਚੱਲਦਿਆਂ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਵਿਧਾਨ ਵਿਚਲੇ ਫੈਡਰਲ ਸਰੋਕਾਰਾਂ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਜਾਰੀ ਰੱਖੇਗੀ। ਮੋਦੀ ਦੇ ਤੀਜੀ ਵਾਰੀ ਸਹੁੰ ਚੁੱਕਣ ਪਿਛੋਂ ਸੰਘ ਪਰਿਵਾਰ ਦੇ ਜਨੂੰਨੀ ਟੋਲਿਆਂ ਵਲੋਂ ਮੁਸਲਮਾਨਾਂ ਨੂੰ ਕੋਹ-ਕੋਹ ਕੇ ਕਤਲ ਕਰਨ ਅਤੇ ‘ਬੁਲਡੋਜਰ ਨਿਆਂ’ ਹੋਰ ਤੇਜ਼ ਕੀਤੇ ਜਾਣ ਪਿਛੋਂ ਆਰ.ਐਸ.ਐਸ. ਤੇ ਭਾਜਪਾ ਦੇ ਕੋਝੇ ਇਰਾਦਿਆਂ ਬਾਰੇ ਕੋਈ ਭਰਮ-ਭੁਲੇਖਾ ਨਹੀਂ ਰਹਿ ਜਾਂਦਾ। ਰਾਸ਼ਟਰਪਤੀ ਦਾ ਭਾਸ਼ਣ ਅਤੇ ਲੋਕ ਸਭਾ ਦੇ ਪਰੋਟੈਮ ਸਪੀਕਰ ਦੀ ਨਿਯੁਕਤੀ ਦੀ ਵਿਧੀ ਤੋਂ ਇਹ ਭਲੀ ਭਾਂਤ ਚਾਨਣ ਹੋ ਜਾਂਦਾ ਹੈ ਕਿ ਐਨਡੀਏ ਸਰਕਾਰ ਸੰਸਦੀ ਮਰਿਆਦਾਵਾਂ ਨੂੰ ਛਿੱਕੇ ਟੰਗਣ ਦੀ ਆਪਣੀ ਤਾਨਾਸ਼ਾਹ ਪ੍ਰਵਿਰਤੀ ਬਾਦਸਤੂਰ ਕਾਇਮ ਰੱਖੇਗੀ। ਇਹੋ ਨਹੀਂ ਫਿਰਕੂ ਅਤੇ ਜਾਤੀ-ਪਾਤੀ ਵੰਡ ਤਿੱਖੀ ਕਰਨ ਤੇ ਪਿੱਤਰਸੱਤਾਵਾਦੀ ਢਾਂਚਾ ਸਦੀਵੀਂ ਕਾਇਮ ਰੱਖਣ ਦੀ ਮੰਸ਼ਾ ਅਧੀਨ ਘੱਟ ਗਿਣਤੀਆਂ; ਖਾਸ ਕਰਕੇ ਮੁਸਲਮਾਨ ਅਤੇ ਈਸਾਈ, ਦਲਿਤ-ਆਦਿਵਾਸੀ, ਇਸਤਰੀਆਂ; ਖਾਸ ਕਰਕੇ ਦਲਿਤ ਮੁਟਿਆਰਾਂ ਤੇ ਬਾਲੜੀਆਂ ਹੋਰ ਵਧੇਰੇ ਮਿਕਦਾਰ ਵਿਚ ਨਾ ਬਿਆਨ ਕਰਨ ਯੋਗ, ਹੌਲਨਾਕ ਜ਼ੁਲਮਾਂ ਦੇ ਸ਼ਿਕਾਰ ਬਣਾਏ  ਜਾਣਗੇ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਇਸ ਵਿਚ ਵੀ ਸ਼ੱਕ ਦੀ ਉੱਕਾ ਹੀ ਕੋਈ ਗੁੰਜਾਇਸ਼ ਨਹੀਂ ਕਿ ਮੋਦੀ-ਸ਼ਾਹ ਸਰਕਾਰ ਜੁੰਡੀ ਪੂੰਜੀਪਤੀਆਂ ਅਤੇ ਸਾਮਰਾਜੀਆਂ ਦੀ ਸਭ ਤੋਂ ਵੱਡੀ ਫਰਮਾਬਰਦਾਰ ਸਿੱਧ ਹੋ ਚੁੱਕੀ ਹੈ। ਬਿਨਾਂ ਸ਼ੱਕ, ਮੋਦੀ-03 ਹਕੂਮਤ ਵੀ ਲੋਕਾਈ ਨੂੰ ਕੰਗਾਲ ਕਰਕੇ ਮੁੱਠੀ ਭਰ ਧਨਾਢਾਂ (ਸੁਪਰ ਰਿੱਚ) ਦੇ ‘ਖਜ਼ਾਨੇ ਭਰਪੂਰ ਕਰਨ ਵਾਲੀਆਂ’ ਨਵ- ਉਦਾਰਵਾਦੀ ਨੀਤੀਆਂ ਲਾਗੂ ਕਰਨ ਦਾ ਸਿਰੇ ਦਾ ਦੇਸ਼ ਵਿਰੋਧੀ ਅਮਲ ਲਾਜ਼ਮੀ ਜਾਰੀ ਰੱਖੇਗੀ। ਸਿੱਟੇ ਵਜੋਂ ਆਮ ਲੋਕੀਂ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਚੱਕੀ ਵਿਚ ਪਿਸਦੇ ਰਹਿਣਗੇ ਅਤੇ ਆਵਾਮ ਦੀ ਇਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ, ਪੀਣ ਵਾਲੇ ਰੋਗਾਣੂੰ ਮੁਕਤ ਪਾਣੀ, ਰਿਹਾਇਸ਼ੀ ਥਾਂਵਾਂ, ਸਮਾਜਿਕ ਸੁਰੱਖਿਆ, ਜਨਤਕ ਵੰਡ ਪ੍ਰਣਾਲੀ, ਸਵੱਛ ਆਲੇ-ਦੁਆਲੇ ਅਤੇ ਹੋਰ ਬੁਨਿਆਦੀ ਮਨੁੱਖੀ ਲੋੜਾਂ ਤੋਂ ਵਾਂਝੇ ਹੋਣ ਦੀ ਘਾਤਕ ਪ੍ਰੀਕਿ੍ਆ ਹੋਰ ਤੇਜੀ ਫੜ੍ਹੇਗੀ। ਕਨਵੈਨਸ਼ਨ ਨੇ ਮੰਨੂ ਸਿਮਰਤੀ ਦੇ ਚੌਖਟੇ ਵਾਲੇ, ਤਾਨਾਸ਼ਾਹ ਰਾਜ ਕਾਇਮ ਕਰਨ ਦੇ ਆਰ.ਐਸ.ਐਸ. ਦੇ ਏਜੰਡੇ ਨੂੰ ਭਾਂਜ ਦੇਣ ਅਤੇ ਸਾਮਰਾਜੀਆਂ ਦੇ ਹਿਤ ਪੂਰਨ ਲਈ ਘੜੀਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਬੱਝਵੇਂ, ਖਾੜਕੂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਉਕਤ ਘੋਲਾਂ ਦੀ ਧਾਰ ਭਾਰਤੀ ਆਵਾਮ, ਖਾਸ ਕਰਕੇ ਕਿਰਤੀ-ਕਿਸਾਨਾਂ, ਔਰਤਾਂ, ਮੁਲਾਜ਼ਮਾਂ, ਨੌਜਵਾਨਾਂ-ਵਿਦਿਆਰਥੀਆਂ ਤੇ ਹੋਰ ਮਿਹਨਤੀ ਤਬਕਿਆਂ ਦੀਆਂ ਬੁਨਿਆਦੀ ਮੰਗਾਂ ਦਾ ਹੰਢਣਸਾਰ ਹੱਲ ਲੱਭੇ ਜਾਣ ਲਈ ਸਰਕਾਰਾਂ ਨੂੰ ਮਜ਼ਬੂਰ ਕਰਨ ਵੱਲ ਵੀ ਸੇਧਤ ਹੋਵੇਗੀ | ਕਨਵੈਨਸ਼ਨ ਵੱਲੋਂ ਜੋਸ਼ੀਲੇ ਨਾਅਰਿਆਂ ਦੀ ਗੂੰਜ ਦਰਮਿਆਨ ਫੈਸਲਾ ਕੀਤਾ ਗਿਆ ਹੈ ਕਿ ਉਕਤ ਮਤੇ ਦੀ ਰੌਸ਼ਨੀ ਵਿਚ ਲੋਕ ਮਸਲਿਆਂ ਦੇ ਹੱਲ ਲਈ ਅਤੇ ਬਦਲਵਾਂ ਲੋਕ ਪੱਖੀ ਢਾਂਚਾ ਉਸਾਰਨ ਦਾ ਸ਼ਕਤੀਸ਼ਾਲੀ ਸੁਨੇਹਾ ਦੇਣ ਲਈ 2 ਤੋਂ 7 ਸਤੰਬਰ 2024 ਤੱਕ ਪੰਜਾਬ ਦੇ ਮੰਤਰੀਆਂ/ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਮੂਹਰੇ ਵਿਸ਼ਾਲ ਧਰਨੇ ਮਾਰੇ ਜਾਣਗੇ। ਇਸ ਤੋਂ ਪਹਿਲਾਂ ਸੁਤੰਤਰਤਾ ਦਿਵਸ ਦੀ ਵਰ੍ਹੇਗੰਢ 15 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪਿੰਡਾਂ/ਸ਼ਹਿਰਾਂ ’ਚ ਵੱਸਦੇ ਲੋਕਾਂ ਖਾਸ ਕਰਕੇ ਕਿਰਤੀ-ਕਿਸਾਨਾਂ, ਇਸਤਰੀਆਂ ਅਤੇ ਨੌਜਵਾਨਾਂ ਤੱਕ ਉਕਤ ਸੰਘਰਸ਼ ਦਾ ਸੁਨੇਹਾ ਪਹੁੰਚਾਉਣ ਲਈ ਲੋਕ ਸੰਪਰਕ ਮੁਹਿੰਮ ਚਲਾਈ ਜਾਵੇਗੀ।
ਸਰਵਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਸਮੂਹ ਪੰਜਾਬ ਵਾਸੀਆਂ ਨੂੰ ਧਰਮਾਂ-ਜਾਤਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਕੇਂਦਰੀ ਏਜੰਸੀਆਂ ਅਤੇ ਅਪਰਾਧਿਕ ਪਿਛੋਕੜ ਵਾਲੇ ਦੇਸ਼ ਵਿਰੋਧੀ ਤੱਤਾਂ ਦੀਆਂ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਨੂੰ ਸ਼ਾਂਤੀਪੂਰਨ, ਬਾਜਾਬਤਾ ਸੰਘਰਸ਼ਾਂ ਰਾਹੀਂ ਫੇਲ੍ਹ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮਤੇ ਰਾਹੀਂ ਕੇਂਦਰੀ ਹੁਕਮਰਾਨਾਂ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ, ਵਿਤਕਰਿਆਂ ਖਿਲਾਫ਼ ਅਤੇ ਦਹਾਕਿਆਂ ਤੋਂ ਸਾਜਿਸ਼ ਤਹਿਤ ਅਣਸੁਲਝੇ ਛੱਡੇ ਹੋਏ ਪੰਜਾਬ ਨਾਲ ਸੰਬੰਧਤ ਮਸਲਿਆਂ ਤੇ ਅੰਤਰਰਾਜੀ ਮਤਭੇਦਾਂ ਦਾ ਨਿਆਂ ਸੰਗਤ ਹੱਲ ਕੱਢਣ  ਲਈ ਸਮੂਹ ਪੰਜਾਬੀਆਂ ਦਾ ਸਾਂਝਾ, ਬੱਝਵਾਂ ਘੋਲ ਵਿੱਢਣ ਦਾ ਵੀ ਨਿਰਣਾ ਲਿਆ ਗਿਆ ਹੈ। ਸਮਾਜ ਨੂੰ ਤਬਾਹ ਕਰ ਰਹੇ ਨਸ਼ਾ ਕਾਰੋਬਾਰ, ਦਿਨੋ-ਦਿਨ ਵਧ ਰਹੇ ਅਪਰਾਧਾਂ ਅਤੇ ਰੇਤ-ਬਜਰੀ ਤੇ ਖਨਣ ਮਾਫੀਆ ਦੀ ਬੇਕਿਰਕ ਲੁੱਟ ਖਿਲਾਫ਼ ਵੀ ਸੰਘਣੀ ਲਾਮਬੰਦੀ ਕਰਕੇ ਤਿੱਖੇ ਜਨ-ਅੰਦੋਲਨ ਉਸਾਰਨ ਦਾ ਨਿਰਣਾ ਲਿਆ ਗਿਆ। ਕਨਵੈਨਸ਼ਨ ਵਲੋਂ ਇਹ ਰਾਇ ਪ੍ਰਗਟਾਈ ਗਈ ਹੈ ਕਿ ਜੇਕਰ ਪੰਜਾਬ ਹਿਤੈਸ਼ੀ ਧਿਰਾਂ ਨੇ ਪੰਜਾਬੀ-ਪੰਜਾਬੀਅਤ ਦਾ ਰੁਤਬਾ ਬਹਾਲ ਕਰਵਾਉਣ ਲਈ ਘੋਲਾਂ ਦਾ ਪਿੜ ਨਾ ਮੱਲਿਆ ਤਾਂ ਕੇਂਦਰੀ ਹੁਕਮਰਾਨਾਂ ਦੇ ਹੱਥਠੋਕੇ ਵੱਖਵਾਦੀ ਤੇ ਸਮਾਜ ਵਿਰੋਧੀ ਤੱਤ ਲੋਕ ਬੇਚੈਨੀ ਦਾ ਲਾਹਾ ਲੈ ਕੇ ਨੌਜਵਾਨੀ ਨੂੰ ਗੁਨਾਹਾਂ ਦੇ ਰਸਤੇ ਤੋਰਨ ਦੇ ਸਮਰੱਥ ਬਣ ਜਾਣਗੇ। ਆਰਐਮਪੀਆਈ ਅਤੇ ਐਮਸੀਪੀਆਈ-ਯੂ ਦੇ ਕੇਂਦਰੀ ਨੇਤਾਵਾਂ ਤੋਂ ਇਲਾਵਾ ਸਰਵ ਸਾਥੀ ਰਘਬੀਰ ਸਿੰਘ ਬਟਾਲਾ, ਮਹੀਪਾਲ ਵੀ ਮੰਚ ‘ਤੇ ਸੁਸ਼ੋਭਿਤ ਸਨ। ਆਰੰਭ ਵਿਚ ਗ਼ਾਜ਼ਾ ਵਿਖੇ ਇਜ਼ਰਾਇਲੀਆਂ ਵਲੋਂ ਜਾਰੀ ਨੰਰ ਸੰਘਾਰ ਵਿਚ ਹਰ ਰੋਜ਼ ਮਾਰੇ ਜਾ ਰਹੇ ਨਿਰਦੋਸ਼ ਫਲਸਤੀਨੀ ਨਾਗਰਿਕਾਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਪ੍ਰਗਟ ਕਰਦੇ ਹੋਏ ਫੌਰੀ ਜੰਗਬੰਦੀ ਦੀ ਮੰਗ ਕੀਤੀ ਗਈ। ਹਾਥਰਸ, ਯੂਪੀ ਵਿਖੇ ਭਗਦੜ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਸ਼ਰਮ ਦੇ ਮੁੱਖ ਸੰਚਾਲਕ ਸਮੇਤ ਸਾਰੇ ਦੋਸ਼ੀਆਂ ਖਿਲਾਫ਼ ਸਮੂਹਿਕ ਕਤਲੇਆਮ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ। ਮੋਦੀ-03 ਸਰਕਾਰ ਦੇ ਗਠਨ ਪਿੱਛੋਂ ਆਰ.ਐਸ.ਐਸ. ਦੀਆਂ ਹਜ਼ੂਮੀ ਭੀੜਾਂ ਵੱਲੋਂ ਕਤਲ ਕੀਤੇ ਗਏ ਬੇਦੋਸ਼ੇ ਮੁਸਲਮਾਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿੰਗਾਈ ਕੋਈ ਕੁਦਰਤੀ ਵਰਤਾਰਾ ਨਹੀ; ਇਹ ਹਾਕਮਾਂ ਦੀ ਦੇਣ ਹੈ ?
Next articleਅਣਪਛਾਤੇ ਚੋਰ ਦੁਕਾਨ ਦੇ ਤਾਲੇ ਤੋੜ ਕੇ 60 ਹਜ਼ਾਰ ਰੁਪਏ ਦੀ ਨਕਦੀ ਤੇ ਸਮਾਨ ਚੋਰੀ ਕਰੇਕ ਫ਼ਰਾਰ, ਘਟਨਾ ਸੀ. ਸੀ. ਟੀ. ਵੀ ਕੈਮਰੇ ‘ਚ ਕੈਦ