(ਸਮਾਜ ਵੀਕਲੀ)
ਕਿਉਂ ? ਖੋਹੇ ਜਾ ਰਹੇ ਹਨ ਪੰਜਾਬ ਦੇ ਹੱਕ।
ਅਨੇਕਾਂ ਮੁਸੀਬਤਾਂ ਦਾ ਝੰਬਿਆ, ਪਹਿਲਾਂ ਦੇਸ਼ ਦੀ ਵੰਡ ਦਾ ਸਭ ਤੋਂ ਵੱਧ ਸੰਤਾਪ, ਸੂਬਿਆਂ ਦਾ ਵੱਖ਼ਰਾ ਹੋਣਾ, ਕਦੇ ਫਿਰਕਾ ਪ੍ਰਸਤੀ, ਕਾਲੇ ਕਾਨੂੰਨ, ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ।
ਫਿਰ ਦਿਨੋਂ ਦਿਨ ਕੋਈ ਨਾ ਕੋਈ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਦਾ ਇਹ ਸੂਬਾ ਦੇਸ਼ ਦੀ ਖੜਗ ਭੁਜਾ ਸੁਰੱਖਿਆ ਦਾ ਕਵਚ ਬਣੇ,
ਪੰਜਾਬ ਨੂੰ ਆਪਣੇ ਬਣਦੇ ਅਧਿਕਾਰਾਂ ਤੋਂ ਦੂਰ ਕੀਤਾ ਜਾ ਰਿਹਾ ਪਤਾ ਨਹੀ ਕਿਉਂ? ਲੋਕਤੰਤਰ ਦੇਸ਼ ਦਾ ਹਿੱਸੇ ਬਣੇ ਸੂਬੇ ਨਾਲ ਕਾਣੀ ਵੰਡ ਕਿਥੋਂ ਤੱਕ
ਸਹੀ ਹੈ। ਸਾਡੀਆਂ ਸੈਂਟਰ ਵਿੱਚਲੀਆਂ ਸਰਕਾਰਾਂ ਨੇ ਪੰਜਾਬ ਨਾਲ ਪਹਿਲੇ ਦਿਨ ਤੋ ਮਤਰੇਈ ਮਾਂ ਵਾਲਾ ਸਲੂਕ ਹੀ ਰੱਖਿਆ। ਕਿੰਨੇ ਸਮੇਂ ਤੋਂ ਪੰਜਾਬ ਦੇ ਦਰਿਆਈਂ ਪਾਣੀ ਦਾ ਮਸਲਾ ਕਿਸੇ ਵੀ ਸਿਰੇ ਨਹੀਂ ਲਾਇਆ। ਜਦੋਂ ਪੰਜਾਬ ਦੀ ਧਰਤੀ ਤੋਂ ਲੰਘਦੇ ਪਾਣੀ ਉੱਤੇ ਰਾਇਪੇਰੀਅਨ ਮੁਤਾਬਕ ਕਾਨੂੰਨੀ ਤੌਰ ਤੇ ਉਸ ਸੂਬੇ ਦਾ ਹੀ ਹੱਕ ਹੁੰਦਾ ਹੈ ਜਿੱਥੇ ਪਾਣੀ ਇੱੱਕਠਾ ਹੋ ਰਿਹਾ। ਕੁਦਰਤੀ ਸੋਮੇ ਕਹਿ ਕੇ ਅੱਜ ਪੰਜਾਬ ਦੇ ਹੱਕਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ। ਫਰਜ਼ ਕਰੋ ਜੇ ਕਿਸੇ ਦੇ ਘਰ ਬੇਰੀ ਲੱਗੀ ਚਾਹੇ ਕੁਦਰਤੀ ਪੈਦਾ ਹੋਈ ਉਸ ਦੇ ਫਲ ਉੱਤੇ ਘਰ ਵਾਲਿਆਂ ਦਾ ਹੀ ਹੱਕ ਹੈ। ਇਹ ਤਾਂ ਨਹੀਂ ਬੇਰੀ ਉਹਨਾਂ ਦੇ ਵਿਹੜੇ ਵਿੱਚ ਖੜੀ ਤੇ ਪੈਸੇ ਗੁਆਂਢੀ ਵੱਟੀ ਜਾਣ ,ਇਹੀ ਸਾਡੇ ਸੈਂਟਰ ਦੀ ਗੱਲ ਹੈ।
ਹਿਮਾਚਲ ਚ ਵਗਦਾ ਪਾਣੀ ਜੇ ਲੰਘਦਾ ਤਾਂ ਪੰਜਾਬ ਦੀ ਧਰਤੀ ਉੱਪਰ ਦੀ ਨਹਿਰਾਂ ਦਰਿਆਵਾਂ ਰਾਹੀਂ ਪਰ ਮੁਫ਼ਤ ਵਿੱਚ ਪਾਣੀ ਦਿੱਤਾ ਦੂਜੇ ਗੁਆਂਢੀ ਸੂਬਿਆਂ ਨੂੰ ਜਾਂਦਾ। ਜਿਸ ਦੀ ਕੋਈ ਕੀਮਤ ਪੰਜਾਬ ਨੂੰ ਨਹੀਂ ਦਿੱਤੀ ਜਾਂਦੀ, ਹਜ਼ਾਰਾਂ ਏਕੜ ਜ਼ਮੀਨ ਨਹਿਰਾਂ ਦਰਿਆਵਾਂ ਨੇ ਰੋਕੀ ਹੋਈ ਹੈ। ਜਦੋਂ ਕਿ ਪੰਜਾਬ ਕੋਲ ਤਾਂ ਪਾਣੀ ਦੀ ਪਹਿਲਾਂ ਹੀ ਕਮੀ ਹੈ ਭਾਵ ਥੋੜਾ। ਪੰਜਾਬ ਕੋਲ ਵਾਧੂ ਦੇਣ ਵਾਸਤੇ ਇੱਕ ਵੀ ਬੂੰਦ ਪਾਣੀ ਨਹੀਂ। ਪਰ ਫਿਰ ਵੀ ਕੇਂਦਰੀ ਸਰਕਾਰਾਂ ਵੱਲੋਂ ਇਸ ਸੂਬੇ ਦਾ ਹੱਕ ਖੋਹ ਕਿ ਦੂਜਿਆਂ ਨੂੰ ਦਿੱਤਾ ਜਾ ਰਿਹਾ।
ਹੁਣ ਨਵਾਂ ਮਸਲਾ ਜੋ ਚਾਲ ਸੈਂਟਰ ਵਿੱਚਲੀਆਂ ਸਰਕਾਰਾਂ ਨੇ ਚੱਲੀ ਉਹ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਸ ਉੱਪਰ ਪੰਜਾਬ ਤੇ ਹਿਮਾਚਲ ਦਾ ਅਧਿਕਾਰ ਸੀ ਬਣਨ ਵੇਲੇ ਤੋਂ ਹੀ, ਉਹ ਅਧਿਕਾਰ ਸੂਬਾ ਸਰਕਾਰਾਂ ਤੋਂ ਖੋਹ ਕਿ ਸੈਂਟਰ ਆਪਣੇ ਅਧੀਨ ਕਰ ਰਿਹਾ। ਜੋ ਕਿ ਪਹਿਲਾਂ ਦੋ ਸੂਬਿਆਂ ਦੀਆਂ ਸਰਕਾਰਾਂ ਆਪਸੀ ਤਾਲਮੇਲ ਨਾਲ ਸਾਰਾ ਡੈਮਾਂ ਦਾ ਕੰਮ ਕਾਰ ਆਪਣੀਂ ਮਰਜ਼ੀ ਦੇ ਮੁਲਾਜ਼ਮ ਰੱਖ ਕੇ ਚਲਾਉਂਦੀਆਂ ਸਨ । ਉਹ ਹੁਣ ਸੈਂਟਰ ਆਪਣੇ ਮੁਲਾਜ਼ਮਾਂ ਨੂੰ ਭਰਤੀ ਕਰਕੇ ਆਪਣੀ ਮਰਜ਼ੀ ਮੁਤਾਬਿਕ ਚਲਾਵੇਗਾ। ਬਿਜਲੀ ਤੇ ਦਰਿਆਵਾਂ ਦੇ ਪਾਣੀ ਤੇ ਸੈਂਟਰ ਦੇ ਹੱਥ ਵਿੱਚ ਚਲਾ ਜਾਵੇਗਾ ।
ਪੰਜਾਬ ਤੇ ਹਿਮਾਚਲ ਦਾ ਖਤਮ ਕੀ ਇਹ ਸੰਘੀ ਢਾਂਚੇ ਤੇ ਜਬਰੀ ਕਬਜ਼ਾ ਨਹੀਂ ਕਰ ਰਿਹਾ ਕੀ ਸਭ ਕਾਸੇ ਦੇ ਪਤਾ ਹੁੰਦੇ ਹੋਏ, ਪੰਜਾਬ ਨੂੰ ਆਪਣੇ ਬਣਦੇ ਹੱਕਾਂ ਤੋ ਬਿਰਵਾ ਨਹੀਂ ਰੱਖਿਆ ਜਾ ਰਿਹਾ,ਜੋ ਕਿ ਸਾਡੇ ਸੂਬੇ ਵਾਸਤੇ ਖਾਸ ਕਰਕੇ ਬਹੁਤ ਹੀ ਘਾਤਕ ਹੈ। ਸੋ ਸਾਰੀਆਂ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਨੂੰ ਸਾਰੇ ਮੱਤਭੇਦ ਭੁਲਾ ਕਿ ਇਸ ਨਵੇਂ ਭਖਦੇ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਕਿ ਸੈਂਟਰ ਸਰਕਾਰ ਤੇ ਦਬਾਅ ਪਾ ਕਿ ਇਹ ਕਾਨੂੰਨ ਨੂੰ ਰੱਦ ਕਰਵਾਇਆ ਜਾਵੇ।
ਜੇ ਵੇਲਾ ਹੱਥ ਤੋਂ ਲੰਘ ਗਿਆ ਤਾਂ ਉਹਨਾਂ ਮਸਲਿਆਂ ਵਾਂਗ ਇਹ ਵੀ ਮਸਲਾ ਉਸ ਥਾਂ ਤੇ ਖਲੋ ਜਾਵੇਗਾ ਜਿੱਥੇ ਪਹਿਲੇ ਮਸਲੇ ਲਟਕ ਰਹੇ ਹਨ। ਭਾਖੜਾ ਸਾਡੀ ਸੱਭਿਅਤ ਵਿਰਸੇ ਨਾਲ ਜੁੜਿਆ ਹੋਇਆ ਹੈ । ਜਦੋਂ ਭਾਖੜਾ ਡੈਮ ਚਾਲੂ ਕੀਤਾ ਉਸ ਵੇਲੇ ਕੁੜੀਆਂ ਬੋਲੀਆਂ ਪਾਇਆ ਕਰਦੀਆਂ ਸਨ। ਬੋਲੀ ਦੇ ਬੋਲ,ਚਾਚੇ ਨਹਿਰੂ ਨੇ ਕਰਤਾ ਭਾਖੜਾ ਚਾਲੂ ,ਖਾਸ ਕਰਕੇ ਪੰਜਾਬ ਵਿੱਚ ਬਹੁਤ ਖੁਸ਼ੀ ਮਨਾਈ ਗਈ।
ਆਉ ਜਾਗੋ ਕਦੇ ਦੇਰ ਨਾ ਹੋ ਜਾਵੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ 94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly