(ਸਮਾਜ ਵੀਕਲੀ)
ਹਰਫ਼ਾਂ ਮੇਰੀ ਉਮਰ ਦੀ ਚਰਖੀ
ਦੂਜਿਆਂ ਨਾਲੋਂ ਵੱਖਰੀ ਗੇੜੀ
ਇਹਨਾਂ ਨੂੰ ਮੈਂ ਮੂੰਹ ਕੀ ਲਾਇਆ
ਆਪਣੀ ਬਿਪਤਾ ਆਪ ਸਹੇੜੀ
ਨਾ ਹਰਫ਼ਾਂ ਨੇ ਅੱਥਰੂ ਪੂੰਝੇ
ਇਹਨਾਂ ਨੇ ਧਰਵਾਸ ਨੀ ਦਿੱਤਾ
ਇਹਨਾਂ ਮੈਂਨੂੰ ਹੱਲਾਸ਼ੇਰੀ
ਦੇ ਬਿਨ ਕੁਝ ਵੀ ਖ਼ਾਸ ਨੀ ਦਿੱਤਾ
ਨਾ ਇਹਨਾਂ ਨੇ ਰੋਟੀ ਦਿੱਤੀ
ਨਾ ਮੈਂਨੂੰ ਰੁਜ਼ਗਾਰ ਦਵਾਇਆ
ਇਹਨਾਂ ਪਿੱਛੇ ਯਾਰ ਗੰਵਾਏ
ਇਹਨਾਂ ਪਿੱਛੇ ਪਿਆਰ ਗੰਵਾਇਆ
ਇਹਨਾਂ ਮੈਂਨੂੰ ਬਾਹੋਂ ਫੜ੍ਹ ਕੇ
ਮੇਲੇ ਵਿੱਚੋਂ ਬਾਹਰ ਕਰ ਲਿਆ
ਇਹਨਾਂ ਪਿੱਛੇ ਕਲਮਕੱਲਾ
ਮੈਂ ਆਪਣਾ ਸੰਸਾਰ ਕਰ ਲਿਆ
ਇਹਨਾਂ ਮੈਂਨੂੰ ਸਾਧ ਬਣਾਇਆ
ਸੰਤ ਬਣਾਇਆ, ਰੱਬ ਬਣਾਇਆ
ਇਹਨਾਂ ਮੈਂਨੂੰ ਕਵੀ ਬਣਾਇਆ
ਬੰਦੇ ਬਾਝੋਂ ਸਭ ਬਣਾਇਆ
ਇਹਨਾਂ ਮੈਂਨੂੰ ਸਿੱਧੇ ਸਾਦੇ
ਲੋਕਾਂ ਵਰਗਾ ਹੋਣ ਨਾ ਦਿੱਤਾ
ਹੱਸਦਿਆਂ ਨਾਲ ਹੱਸਿਆ ਨਹੀਂ ਮੈਂ
ਰੋਂਦਿਆਂ ਦੇ ਨਾਲ ਰੋਣ ਨਾ ਦਿੱਤਾ
ਇਹਨਾਂ ਮੇਰੀ ਭੁੱਖ ਨਾ ਵੇਖੀ
ਇਹਨਾਂ ਮੇਰਾ ਤਨ ਨਾ ਕੱਜਿਆ
ਇਹਨਾਂ ਮੇਰੀ ਨੀਂਦ ਉਡਾਈ
ਵੇਖ ਕੇ ਮੇਰਾ ਬੂਹਾ ਵੱਜਿਆ
ਸੋਚ ਮੇਰੀ ਦੇ ਪਿੰਜਰੇ ਅੰਦਰ
ਹਰ ਪਲ ਝੁਰਮਟ ਪਾਈ ਰੱਖਦੇ
ਰੋਜ ਕਿਸੇ ਕਵਿਤਾ ਦੀ ਝਾਂਜਰ
ਕੰਨਾਂ ਵਿਚ ਛਣਕਾਈ ਰੱਖਦੇ
ਅੱਧੀ ਰਾਤ ਨੂੰ ਨੀਂਦਰ ਪੈਂਦੀ
ਰੋਜ ਕੁਵੇਲ਼ੇ ਖੁੱਲ੍ਹਣ ਅੱਖਾਂ
ਇਹਨਾਂ ਦਾ ਇਲਜ਼ਾਮ ਵੀ ਸਾਰਾ
ਮੈਂ ਦੂਜਿਆਂ ਦੇ ਉੱਤੇ ਰੱਖਾਂ
ਕਵੀ ਹੋਣ ਦੀ ਸਜਾ ਕਟੇਂਦਾ
ਬੁੱਧੀਜੀਵੀ, ਬਹੁਤਾ ਸਿਆਣਾ
ਜੀਅ ਕਰਦਾ ਜਾਹਿਲ ਹੋ ਜਾਵਾਂ
ਬੌਧਿਕਤਾ ਦਾ ਲਾਹ ਕੇ ਬਾਣਾ
~ ਰਿਤੂ ਵਾਸੂਦੇਵ