( ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਸ਼ੇਸ਼)
(ਸਮਾਜ ਵੀਕਲੀ) 1972 ਤੋਂ ਸੰਯੁਕਤ ਰਾਸ਼ਟਰ ਦੁਆਰਾ ਕੁਦਰਤ ਤੇ ਧਰਤੀ ਦੀ ਸਾਂਭ-ਸੰਭਾਲ ਵਾਸਤੇ ਤੇ ਵਾਤਾਵਰਣ ਲਈ ਸਾਕਾਰਾਤਮਕ ਰਵੱਈਆ ਰੱਖਣ ਦੇ ਮਕਸਦ ਲਈ ਮਨਾਉਣਾ ਸ਼ੁਰੂ ਕੀਤਾ ਗਿਆ ਵਾਤਾਵਰਣ ਦਿਵਸ ਅੱਜ ਦੁਨੀਆਂ ਭਰ ਦੇ ਲੱਗਭਗ 143 ਦੇਸ਼ਾਂ ਵਿੱਚ 5 ਜੂਨ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸ਼ੁਰੂ ਵਿੱਚ ਇਸ ਦਾ ਖਾਸ ਮਕਸਦ ਸਮੁੰਦਰੀ ਪ੍ਰਦੂਸ਼ਣ,ਮਨੁੱਖੀ ਅਤਿ-ਅਬਾਦੀ ਅਤੇ ਗਲੋਬਲ ਤਪਸ਼, ਟਿਕਾਊ ਖਪਤ ਤੇ ਜੰਗਲੀ ਜੀਵਨ ਜੁਰਮ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ ਪਰ ਜਿਉਂ-ਜਿਉਂ ਮਨੁੱਖ ਆਪਣੇ ਸੁਭਾਅ ਅਨੁਸਾਰ ਕੁਦਰਤ ਤੋਂ ਦੂਰ ਹੁੰਦਾ ਗਿਆ ਤਾਂ ਇਸ ਦਾ ਮਕਸਦ ਤੇ ਥੀਮ ਹਰ ਸਾਲ ਬਦਲਦੇ ਰਹੇ। ਜਿਵੇਂ 2005 ਵਿੱਚ ਵਾਤਾਵਰਣ ਦਿਵਸ ਦਾ ਥੀਮ ‘ਗਰੀਨ ਸਿਟੀ ‘ ਤੇ ਨਾਅਰਾ ‘Plant for the planet’ ਸੀ ਤਾਂ ਇਸ ਤੋਂ ਸਮਝ ਵਿੱਚ ਆਉਂਦਾ ਹੈ ਕਿ ਉਸ ਸਮੇਂ ਜਾਗਰੂਕ ਲੋਕਾਂ ਦੀ ਫਿਕਰਮੰਦੀ ਸਿਰਫ਼ ਸ਼ਹਿਰਾਂ ਤੱਕ ਸੀ ਕਿਉਂਕਿ ਉਹਨਾਂ ਨੂੰ ਜਾਪਦਾ ਸੀ ਕਿ ਇਹ ਮਿਸ਼ਨ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਰਹੇਗਾ। ਫਿਰ 2006 ਵਿੱਚ ਇਸ ਇਸ ਦਾ ਥੀਮ “ਰੇਗਿਸਤਾਨ ਬਚਾਉ ” ਵੀ ਹੋਇਆ। ਜਦੋਂ 2011 ਵਿੱਚ ਵਿਸ਼ਵ ਵਾਤਾਵਰਣ ਦਿਵਸ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਤਾਂ ਇਸ ਦਾ ਥੀਮ “Forests-Nature at you service ” ਵੀ ਸੀ। ਭਾਵ ਕੁਦਰਤ ਤੁਹਾਨੂੰ ਸੇਵਾ ਪ੍ਰਦਾਨ ਕਰਦੀ ਹੈ। ਇਸ ਤੋਂ ਬਾਅਦ “ਬੀਟ ਪਲਾਸਟਿਕ ਪ੍ਰਦੂਸ਼ਣ/ਬੀਟ ਹਵਾ ਪ੍ਰਦੂਸ਼ਣ/ਟਾਈਮ ਫਾਰ ਨੇਚਰ ਆਦਿ ਥੀਮਾਂ ਰਾਹੀਂ ਲੋਕਾਈ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ।
ਪਰ ਵਾਤਾਵਰਣ ਪ੍ਰਤੀ ਮਨੁੱਖ ਨੇ ਆਪਣਾ ਸੁਭਾਅ ਨਾ ਬਦਲਿਆ। ਜਿਵੇਂ ਅੱਸੀ-ਨੱਬੇ ਦੇ ਦਹਾਕੇ ਵਿੱਚ ਛੇਵੀਂ ਜਮਾਤ ਤੋਂ “ਵਿਗਿਆਨ ਦੇ ਲਾਭ ਤੇ ਹਾਨੀਆਂ” ਲੇਖ ਪੜਦੇ ਆਏ ਹਾਂ ਤਾਂ ਅੱਜ ਉਸ ਦੇ ਅਸਲ ਮਾਅਨੇ ਪਤਾ ਲੱਗ ਰਿਹਾ ਹੈ ਜਦੋਂ ਮਨੁੱਖ ਵਿਗਿਆਨਕ ਸਾਧਨਾਂ ਰਾਹੀਂ ਤਰੱਕੀ ਕਰਦਾ ਹੈ ਤਾਂ ਦੂਜੇ ਪਾਸੇ ਕੁਦਰਤ ਦਾ ਨੁਕਸਾਨ ਵੀ ਕਰਦਾ ਹੈ। ਖੇਤੀ ਸੈਕਟਰ ਵਿੱਚ ਆਈ ਹਰੀ ਕ੍ਰਾਂਤੀ (ਖਾਸਕਰ ਪੰਜਾਬ) ਨੇ ਜਿੱਥੇ ਮੁਲਕ ਦਾ ਢਿੱਡ ਭਰਿਆ ਤਾਂ ਉੱਥੇ ਅਸੀਂ ਆਪਣਾ ਨੁਕਸਾਨ ਵੀ ਕਰਵਾਇਆ। ਪਾਣੀ ਸਾਡੇ ਨੀ ਬਚੇ। ਉੱਚੇ ਥਾਂ ਰੱਖੇ ਪੱਖੇ ਜੋ ਪੀਟਰ ਇੰਜਣਾਂ ਨਾਲ ਧਰਤੀ ਚੋਂ ਪਾਣੀ ਕੱਢਣ ਦੀ ਸ਼ੁਰੂਆਤ ਤੋਂ ਲੈ ਅਸੀਂ,ਉਸ ਤੋਂ ਬਾਅਦ ਖੂਹੀਆਂ ਡੂੰਘੀਆਂ ਕਰ, ਮੋਨੋਬਲਾਕ ਮੋਟਰਾਂ ਤੋਂ ਅੱਗੇ ਹੁਣ ਸਮਰਸੀਬਲ ਤੱਕ ਪਹੁੰਚ ਗਏ ਹਾਂ ਜੋ ਹਰ ਚਾਰ-ਪੰਜ ਸਾਲ ਬਾਅਦ ਪੰਜ-ਦਸ ਫੁੱਟ ਹੋਰ ਡੂੰਘਾਂ ਹੋਣਾ ਮੰਗਦੇ ਨੇ। ਸੜਕਾਂ ਚੌੜੀਆਂ ਕਰ ਹਾਈਵੇ ਤਾਂ ਅਸੀਂ ਬਣਾ ਲਏ ਪਰ ਰੁੱਖਾਂ ਦੀ ਅਸੀਂ ਐਸੀ ਡੰਡ ਲਾਹੀ ਕਿ ਮੁੜ ਤੋਂ ਹਾਈਵੇ ਹਰੇ-ਭਰੇ ਨਾਂ ਕਰ ਸਕੇ। ਮੁੱਖ ਰੂਪ ਵਿੱਚ ਪੰਜਾਬ ਦੀ ਛਾਤੀ ਚੋਂ ਲੰਘ ਰਿਹਾ ਸਤਲੁਜ ਜੋ ਧਰਤੀ ਨੂੰ ਮਾੜਾ ਮੋਟਾ ਸਾਹ ਲੈਣ ਯੋਗ ਬਣਾਉਂਦਾ ਸੀ, ਫੈਕਟਰੀਆਂ ਦੇ ਗੰਦੇ ਪਾਣੀਆਂ ਨੇ ਉਸ ਦਾ ਆਪਣਾ ਸਾਹ ਬੰਦ ਕਰ ਰੱਖਿਆ ਹੈ ਤੇ ਇਸ ਦੇ ਪ੍ਰਮੁੱਖ ਸ਼ਹਿਰ ਲੁਧਿਆਣੇ ਨੂੰ ਸਨਅਤ ਦਾ ਧੁਰਾ ਕਹਿਣ ਵਾਲੇ ਲੀਡਰਾਂ ਨੇ ਵੀ ਇਸ ਬਾਰੇ ਕੁਝ ਨੀ ਸੋਚਿਆ। ਸ਼ਹਿਰਾਂ ਦੇ ਨਾਲ-ਨਾਲ ਅੱਜ ਪਿੰਡਾਂ ਵਿੱਚ ਵੀ ਹਵਾ-ਪਾਣੀ ਸ਼ੁੱਧ ਨਹੀਂ ਰਿਹਾ। ਬੇਲੋੜੇ ਕੀਟਨਾਸ਼ਕ/ਖਾਦਾਂ ਨਾਲ ਅਸੀਂ ਧਰਤੀ ਦੀ ਉਪਜਾਊ ਸ਼ਕਤੀ ਦਾ ਨਾਸ਼ ਕਰ ਦਿੱਤਾ ਹੈ ਤੇ ਸਿਰਫ਼ ਚੰਦ ਛਿੱਲੜਾਂ ਦੀ ਝਾਕ ਵਿੱਚ ਇਸ ਨੁੰ ਅੱਗਾਂ ਲਾ-ਲਾ ਕੇ ਇਸ ਦੀ ਹਿੱਕ ਵਲੂੰਧਰ ਕੇ ਰੱਖ ਦਿੱਤੀ ਹੈ। ਪਲਾਸਟਿਕ ਨੂੰ ਅਸੀਂ ਆਪਣੇ ਜੀਵਨ ਦਾ ਜਰੂਰੀ ਹਿੱਸਾ ਬਣਾ ਲਿਆ ਹੈ।
ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ। ਪਰ ਜੇਕਰ ਇਹ ਧਰਤੀ ਹੀ ਉਹਨਾਂ ਦੇ ਰਹਿਣ ਯੋਗ ਨਾਂ ਰਹੀ ਤਾਂ ਕੀ ਕਰਾਂਗੇ ਇਹ ਕਮਾਈਆਂ ਕਰ ਕੇ। ਵਾਤਾਵਰਣ ਦਿਵਸ ਤੋਂ ਤਿੰਨ ਦਿਨ ਪਹਿਲਾਂ ਅਸੀਂ ਆਪਣਾ ਭਵਿੱਖ ਪੰਜ ਸਾਲਾਂ ਲਈ ਮਸ਼ੀਨ ਦਾ ਬਟਨ ਦੱਬ ਉਸ ਵਿੱਚ ਕੈਦ ਕਰ ਆਏ ਹਾਂ ਪਰ (ਥੋੜਿਆਂ ਨੂੰ ਛੱਡ)ਕਿਸੇ ਨੇ ਇਹ ਨੀ ਸੋਚਿਆ ਹੋਣਾਂ ਕਿ ਇਹਨਾਂ ਚੋਂ ਕਿਸੇ ਨੇ ਵਾਤਾਵਰਣ ਦਾ ਮੁੱਦਾ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਹੋਵੇ।
ਹੁਣ ਕਰੀਏ ਤਾਂ ਕੀ ਕਰੀਏ ? ਜੇਕਰ ਇਸ ਤਰ੍ਹਾਂ ਹੀ ਪੰਜੀ ਸਾਲੀਂ ਬਦਲਣ ਵਾਲੇ ਸਿਸਟਮ ਵੱਲ ਵੇਖਦੇ ਰਹਾਂਗੇ ਤਾਂ ਇਹ ਸਾਡੀ ਸੌੜੀ ਸੋਚ ਹੋਵੇਗੀ। ਵਾਤਾਵਰਣ ਦੀ ਸਾਂਭ-ਸੰਭਾਲ ਲਈ ਸਾਨੂੰ ਪਿੰਡ/ਸ਼ਹਿਰ/ਮੁਹੱਲਾ ਪੱਧਰ ਤੇ ਕਮੇਟੀਆਂ ਬਣਾ ਅਜੋਕੀ ਪੀੜੀ ਨੂੰ ਜਾਗਰੂਕ ਕਰਨ ਤੇ ਆਪ ਜਾਗਰੂਕ ਹੋਣ ਦੀ ਲੋੜ ਹੈ। ਦਿੱਲੀ ਦੇ ਚੱਲੇ ਕਿਸਨੀ ਅੰਦੋਲਨ,ਜਿਸ ਨੂੰ ਸਭ ਵਰਗਾਂ ਨੇ ਤਨ-ਮਨ ਤੇ ਧਨ ਨਾਲ ਪੂਰਨ ਸਹਿਯੋਗ ਦਿੱਤਾ ਸੀ,ਉਸ ਤੋਂ ਸੇਧ ਲੈ ਕੇ ਚੱਲਣ ਦੀ ਲੋੜ ਹੈ ਨਾਂ ਕਿ ਉਸ ਦੀ ਆੜ ਵਿੱਚ ਸਰਕਾਰਾਂ ਨੂੰ ਧੌਂਸ ਦੇ ਧਰਤੀ ਦੀ ਹਿੱਕ ਸਾੜਨ ਦੀ। ਇਹ ਬਹੁਤਾ ਚਿਰ ਨਹੀਂ ਚੱਲੇਗਾ। ਭੀੜ ਪਈ ਤੇ ਸਾਰਾ ਦੇਸ਼ ਪੰਜਾਬ ਵੱਲ ਵੇਂਹਦਾ ਆ। ਪੰਜਾਬ ਕਦੇ ਕਿਸੇ ਹਕੂਮਤ ਦਾ ਮਾਰਿਆ ਨੀ ਮਰਿਆ। ਪਰ ਕੁਦਰਤ ਦੀ ਮਾਰ ਤੋਂ ਬਚਣ ਦੀ ਲੋੜ ਹੈ। ਸੋ ਆਉ ਆਪਾਂ ਜੋਟੀ ਪਾ ਕੁਦਰਤ ਦੀਆਂ ਸੁਗਾਤਾਂ ਦਾ ਮੁੱਲ ਮੋੜਨ ਦਾ ਯਤਨ ਕਰੀਏ ਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਵਿੱਚ ਆਪਣੇ ਬਣਦਾ ਸਰਦਾ ਯੋਗਦਾਨ ਪਾਈਏ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371