(ਸਮਾਜ ਵੀਕਲੀ)
ਵਿਸ਼ਵ ‘ਚ ਹਰ ਸਾਲ 25 ਅਪ੍ਰੈਲ ਦਾ ਦਿਨ ਨੂੰ ਹਰ ਸਾਲ ਵਿਸ਼ਵ ਮਲੇਰੀਆ ਦਿਵਸ ਰੂਪ ਵਜੋਂ ਮਨਾਇਆ ਜਾਂਦਾ ਹੈ । ਵਿਸਵ ਸਿਹਤ ਸੰਸਥਾ ਦੇ ਨਿਰਦੇਸ਼ਾਂ ਤੇ ਹਰ ਮੁਲਕ ਦੇ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਤੋਂ ਇਲਾਵਾ ਅਰਧ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ,ਹਰ ਕਿਸਮ ਦੇ ਪ੍ਰਾਈਵੇਟ ਅਦਾਰਿਆਂ, ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਇਸ ਦਿਨ ਵਿਸ਼ੇਸ਼ ਗੋਸਟੀਆਂ ,ਸੈਮੀਨਾਰ, ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲੇ, ਲੈਕਚਰ, ਸਿਹਤ ਸਿੱਖਿਆ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਵਿਸ਼ਵ ਮਲੇਰੀਆ ਦਿਵਸ ਦਾ ਐਂਤਕੀ ਸਲੋਗਨ ਹੈ “Time to deliver zero malaria, invest, innovative implement” ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਇਸ ਦੀ ਸਮਾਪਤੀ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਉੱਪ-ਸਿਹਤ ਕੇਂਦਰਾਂ ਵਿੱਚ ਮਲਟੀ ਪਰਪਜ਼ ਸਿਹਤ ਵਰਕਰ (ਪੁਰਸ਼) ਨਿਯੁਕਤ ਕੀਤੇ ਹੋਏ ਹਨ, ਜੋ ਘਰ-ਘਰ ਜਾ ਕੇ ਮਲੇਰੀਆ ਸਰਵੇਖਣ ਕਰਦੇ ਹਨ।
ਸੱਕੀ ਮਰੀਜਾਂ ਦੀਆਂ ਲਹੂ ਲੇਪਣ ਸਲਾਈਡਾਂ ਬਣਾਕੇ ਲੈਬ ਟੈਸਟ ਲਈ ਭੇਜਦੇ ਹਨ। ਮਰੀਜ ਦੇ ਮਲੇਰੀਆ ਪੀੜਤ ਹੋਣ ਤੇ ਤਾਂ ਇਹ ਸਿਹਤ ਕਾਮੇ ਉਸਦੇ ਘਰ ਜਾ ਕੇ ਉਸਨੂੰ ਦਵਾਈ ਉਪਲਬਦ ਕਰਵਾਉਂਦੇ ਹਨ। ਮਲਟੀਪਰਪਜ ਸਿਹਤ ਸੁਪਰਵਾਈਜ਼ਰ (ਪੁਰਸ਼) ਮਲੇਰੀਆ ਨਾਲ ਸਾਰੇ ਕੰਮਾਂ ਦੀ ਸੁਪਰਵਿਜ਼ਨ ਕਰਦੇ ਹਨ। ਇਹ ਸਾਰੀਆਂ ਗਤੀਵਿਧੀਆਂ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਧੀਨ ਚਲਾਈਆਂ ਜਾਂਦੀਆਂ ਹਨ। ਕਿਉਂ ਜੋ ਵਿਸਵ ਪੱਧਰ ‘ਤੇ ਅਫਰੀਕਾ ਮਲੇਰੀਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ ਇਸ ਲਈ ਸਭ ਤੋਂ ਪਹਿਲਾਂ 2008 ਵਿੱਚ ਅਫਰੀਕਾ ਮਲੇਰੀਆ ਦਿਵਸ ਮਨਾਇਆ ਗਿਆ ।ਇਸ ਤੋਂ ਪਹਿਲਾਂ ਮੁੱਢਲੇ ਤੌਰ ਤੇ ਮਲੇਰੀਆ ਰੋਕਥਾਮ ਸੰਬੰਧੀ ਯਤਨ ਕਰਨੇ ਆਰੰਭ ਕਰ ਦਿੱਤੇ ਸਨ। ਵਿਸਵ ਸਿਹਤ ਸੰਸਥਾ ਨੇ ਆਪਣੇ ਇਜਲਾਸ ਦੇ 60ਵੇਂ ਚਰਨ ‘ਚ ਇਸ ਵਿਸ਼ੇਸ਼ ਦਿਨ ਦੀ ਸੁਰੂਆਤ ਕੀਤੀ ਅਤੇ ਅਫਰੀਕਾ ਮਲੇਰੀਆ ਦਿਵਸ ਨੂੰ ਮਈ 2007 ਵਿੱਚ ਵਿਸਵ ਮਲੇਰੀਆ ਦਿਵਸ ਦਾ ਨਾਂਅ ਦੇ ਦਿੱਤਾ।
ਇਸ ਦਿਨ ਨੂੰ ਉੱਚਿਤ ਤਰੀਕੇ ਨਾਲ਼ ਮਨਾਉਣ ਲਈ ਵਿਸਵ ਸਿਹਤ ਸੰਸਥਾ ਵੱਲੋਂ ਸੰਬੰਧਿਤ ਦੇਸ਼ਾਂ ਨੂੰ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਅਫਰੀਕਾ ਵਿਚ 2012 ਵਿੱਚ ਮਲੇਰੀਆ ਨਾਲ ਤਕਰੀਬਨ 6 ਲੱਖ 27 ਹਜ਼ਾਰ ਮੌਤਾਂ ਹੋ ਗਈਆਂ ਸਨ। ਫਿਰ 2015 ਵਿੱਚ ਕਰੀਬ 4 ਲੱਖ 29 ਹਜ਼ਾਰ ਮੌਤਾਂ ਹੋਈਆਂ ਸਨ। ਜੇਕਰ 2017 ਵਿੱਚ ਮਲੇਰੀਆ ਦੀ ਗੱਲ ਕਰੀਏ ਤਾਂ 87 ਦੇਸ਼ਾਂ ਵਿੱਚ ਇਸਦੇ 291 ਮਿਲੀਅਨ ਕੇਸ ਪਾਏ ਗਏ। ਸਮੁੱਚੀ ਦੁਨੀਆਂ ਦੇ 106 ਮੁਲਕਾਂ ਦੇ ਅੰਦਾਜ਼ਨ 3 ਬਿਲੀਅਨ ਲੋਕਾਂ ਨੂੰ ਮਲੇਰੀਆ ਰੋਗ ਹੋਣ ਦਾ ਖਤਰਾ ਹੈ। ਇਕੱਲੇ ਅਮਰੀਕਾ ਵਿੱਚ ਹੀ ਹਰ ਸਾਲ ਔਸਤਨ 1700 ਮਲੇਰੀਆ ਪੌਜਟਿਵ ਕੇਸ਼ ਪਾਏ ਜਾਂਦੇ ਹਨ।
ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੈਫ) ਨੇ ਇਸ ਮੌਕੇ ‘ਤੇ ਆਪਣੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਕਿਹਾ ਹੈ ਕਿ ਹਰ ਸਾਲ 8 ਲੱਖ 50 ਹਜ਼ਾਰ ਮੌਤਾਂ ਮੱਛਰਾਂ ਦੇ ਕੱਟਣ ਨਾਲ ਹੋ ਜਾਂਦੀਆਂ ਹਨ। ਮਲੇਰੀਆ ਨੂੰ ਪਲਾਜਮੋਡੀਅਮ ਫੈਲਸੀਫੈਰਮ,ਪਲਾਜਮੋਡੀਅਮ ਵਾਈਵੈਕਸ, ਪਲਾਜਮੋਡੀਅ ਓਵੇਲ, ਪਲਾਜਮੋਡੀਅ ਮਲੇਰੀਆਈ ਨਾਮਕ ਚਾਰ ਕਿਸਮਾਂ ਵਿੱਚ ਵੰਡਿਆ ਗਿਆ ਹੈ। ਆਪਣੇ ਦੇਸ਼ ਅਤੇ ਸੂਬੇ ਅੰਦਰ ਮਲੇਰੀਆ ਦੇ ਜਿਆਦਾਤਰ ਪਲਾਜਮੋਡੀਅ ਵਾਈਵੈਕਸ ਦੇ ਕੇਸ ਪਾਏ ਜਾਂਦੇ ਹਨ ਅਤੇ ਪਲਾਜਮੋਡੀਅ ਫੈਲਸੀਫੈਰਮ ਦੇ ਕੇਸ ਬਹੁਤ ਘੱਟ ਪਾਏ ਜਾਂਦੇ ਹਨ। ਪਿਛਲੇ 8 ਸਾਲਾਂ ਵਿੱਚ ਪੰਜਾਬ ਵਿੱਚ ਮਲੇਰੀਆ ਦੇ 800 ਤੋਂ ਜਿਆਦਾ ਲੋਕ ਪੀੜਤ ਹੋਏ।
ਚਿੰਨ੍ਹ ਅਤੇ ਨਿਸ਼ਾਨੀਆਂ- – ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਸਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਖਾਸ ਤੌਰ ਤੇ ਰਾਤ 9 ਵਜੇ ਤੋਂ ਸਵੇਰ 6 ਵਜੇ ਤੱਕ। ਇਸਦੇ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਕਮਜੋਰੀ ਅਤੇ ਪਸੀਨਾ ਆਉਣਾ ਆਦਿ ਹਨ।
ਜਾਗਰੂਕਤਾ ਹੀ ਬਚਾਓ –ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇੱਕਠਾ ਨਾ ਹੋਣ ਦੇਵੋ। ਟੋਇਆਂ ਨੂੰ ਮਿੱਟੀ ਨਾਲ ਦੇਵੋ। ਛੱਪੜਾਂ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰੋ। ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕਣ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਰ ਹਫਤੇ ਕੂਲਰਾਂ, ਟੈਂਕੀਆਂ, ਗਮਲਿਆਂ ਵਿੱਚ ਪਾਣੀ ਬਦਲਿਆ ਜਾਣਾ ਚਾਹੀਦਾ ਹੈ। ਛੱਤ ‘ਤੇ ਪਏ ਕਬਾੜ ਟੁੱਟੇ ਬਰਤਨਾਂ ਵਿਚਲਾ ਪਾਣੀ ਨਸਟ ਕਰ ਦੇਣਾ ਚਾਹੀਦਾ ਹੈ। ਮਲੇਰੀਆ ਦੇ ਮਰੀਜ਼ਾਂ ਦਾ ਟੈਸਟ ਅਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ “ਪੰਜਾਬ ਮਲੇਰੀਆ ਖਾਤਮਾ ਮੁੰਹਿਮ” ਅਧੀਨ ਸੂਬੇ ਦੇ ਸਮੁੱਚੇ 23ਜਿਲਿਆਂ ਵਿੱਚ 2021 ਤੱਕ ਮਲੇਰੀਆ ਨੂੰ ਜ਼ੀਰੋ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਜਗਤਾਰ ਸਿੰਘ ਸਿੱਧੂ
ਪਿੰਡ ਰੁਲਦੂ ਸਿੰਘ ਵਾਲਾ
ਹੈਲਥ ਇੰਸਪੈਕਟਰ ਬਲਾਕ ਸੀ.ਐਚ.ਸੀ. ਅਮਰਗੜ੍ਹ
(ਸੰਗਰੂਰ) ਮੋਬਾਈਲ 9814107374
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly