“ਆਓ ਸਲਾਮ ਕਰੀਏ ਵਿਗਿਆਨ ਅਤੇ ਵਿਗਿਆਨੀਆਂ ਨੂੰ !

0
22
ਦਵਿੰਦਰ ਹੀਉਂ (ਬੰਗਾ)

(ਸਮਾਜ ਵੀਕਲੀ)

ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਜਿੱਥੇ ਭਾਰਤ ਵਰਗੇ ਕੁੱਝ ਦੇਸ਼ਾਂ ਅੰਦਰ ਅੰਧਵਿਸ਼ਵਾਸ ਫੈਲਾਉਣ ਵਾਲੇ ਜੋਰਾਂ ਸ਼ੋਰਾਂ ਨਾਲ ਲੱਗੇ ਹੋਏ ਹਨ ਅਤੇ ਕੁੱਝ ਸਰਕਾਰਾਂ ਵੀ ਲੋਕਾਂ ਨੂੰ ਇਨ੍ਹਾਂ ਪਿਛਾਂਹਖਿੱਚੁ ਅਤੇ ਮਨਘੜ੍ਹਤ ਵਿਚਾਰਾਂ ਦੇ ਅੰਧੇਰੇ ਵਿੱਚ ਸੁੱਟ ਕੇ ਆਪਣੇ ਲੁਟੇਰੇ ਰਾਜਭਾਗ ਦੀ ਉਮਰ ਲੰਬੀ ਕਰਨ ਲਈ ਤਤਪਰ ਰਹਿੰਦੀਆਂ ਹਨ ਉੱਥੇ ਦੁਨੀਆ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਇਨ੍ਹਾਂ ਅੰਧ ਵਿਸ਼ਵਾਸ਼ੀਆਂ ਨੂੰ ਮੂੰਹ ਛੁਪਾਉਣ ਲਈ ਜਗ੍ਹਾ ਨਹੀਂ ਲੱਭਦੀ ਅਤੇ ਲੋਕਾਂ ਨੂੰ ਵਿਗਿਆਨ ਦਾ ਸੱਚ ਲੋਹਾ ਮੰਨਣਾ ਹੀ ਪੈਂਦਾ ਹੈ। ਅਜਿਹੀ ਹੀ ਇਕ ਘਟਨਾ ਵਾਪਰੀ ਹੈ ਜੋ ਇਸ ਸੱਚਾਈ ਨੂੰ ਉਜਾਗਰ ਕਰਦੀ ਹੈ।

ਜਿਸ ਦੀ ਕਹਾਣੀ ਇਵੇਂ ਹੀ ਕਿ ਕੈਨੇਡਾ ਦੇ ਰਹਿਣ ਵਾਲੇ ‘ਜਾਹਿਦ ਬਸ਼ੀਰਯ’ ਦਾ ਵਿਆਹ ਪਾਕਿਸਤਾਨ ਦੀ ‘ਸੋਬਿਆ ਕੁਰੈਸ਼ੀ’ ਨਾਲ 2008 ‘ਚ ਹੋਇਆ, ਪਰਿਵਾਰ ‘ਚ ਜਬਰਦਸਤ ਖੁਸ਼ੀ ਦਾ ਮਾਹੌਲ ਬਣਿਆ, ਜਦੋਂ 2011 ‘ਚ ਜਦੋਂ ਉਨਾਂ ਘਰ ਪਹਿਲੀ ਧੀ ‘ਜ਼ਾਰਾ’ ਨੇ ਜਨਮ ਲਿਆ ਪਰ ਇਹ ਖੁਸ਼ੀ ਕੁੱਝ ਕੁ ਮਹੀਨੇ ਹੀ ਰਹੀ, ਜਦੋਂ ਜ਼ਾਰਾ 6 ਮਹੀਨੇ ਦੀ ਹੋਈ ਤਾਂ ਪਤਾ ਚੱਲਿਆ ਕਿ ਉਸਨੂੰ ਜਾਨਲੇਵਾ ਜੈਨੇਟਿਕ ਰੋਗ ‘ਪੋਮਪੇ’ ਹੈ, ਕੈਨੇਡਾ ਦੇ ‘ਓਂਟਾਰਿਓ’ ‘ਚ, ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ‘ਪਰਨੇਸ਼ ਚੱਕਰਵਰਤੀ’ ਨੇ ਪੂਰੀ ਵਾਹ ਲਾ ਦਿੱਤੀ, ਬੱਚੀ ਦਾ 2 ਸਾਲ ਤੱਕ ਬਹੁਤ ਗੁੰਝਲਦਾਰ ਇਲਾਜ਼ ਚੱਲਿਆ ਪਰ ਇਹ ਇਲਾਜ਼ ਬੱਚੀ ਲਈ ਬਹੁਤ ਦਰਦਨਾਕ ਸੀ ਤੇ ਉਸਦਾ ਬਚਣਾ ਵੀ ਨਾਮੁਮਕਿਨ ਸੀ ਤੇ ਅਖੀਰ ਜ਼ਾਰਾ ਢਾਈ ਸਾਲ ਦੀ ਉਮਰ ‘ਚ ਅੱਲਾ ਨੂੰ ਪਿਆਰੀ ਹੋ ਗਈ, ਡਾਕਟਰ ਚੱਕਰਵਰਤੀ ਨੂੰ ਗਹਿਰਾ ਧੱਕਾ ਲੱਗਿਆ ਕਿਉਂਕਿ ਉਸਦੀ ਆਪਣੀ ਧੀ ਜ਼ਾਰਾ ਤੋਂ ਸੱਤ ਦਿਨ ਬਾਅਦ ਪੈਦਾ ਹੋਈ ਸੀ, ਚੱਕਰਵਰਤੀ ਭਾਵੁਕ ਤੌਰ ਤੇ ਪਰਿਵਾਰ ਨਾਲ ਜੁੜ ਗਿਆ।

ਸੋਬਿਆ ਫੇਰ ਤੋਂ ਗਰਭਵਤੀ ਹੋਈ, 2016 ‘ਚ ਫੇਰ ਧੀ ਨੇ ਜਨਮ ਲਿਆ, ਨਾਮ ਰੱਖਿਆ ‘ਸਾਰਾ’ ਪਰ ਅਫਸੋਸ ਇਹ ਬੱਚੀ ਵੀ ਇਸੇ ਜੈਨੇਟਿਕ ਬੀਮਾਰੀ ਤੋਂ ਪੀੜ੍ਹਤ ਸੀ, ਮਾਪਿਆਂ ਨੇ ਇਸ ਵਾਰ ਬੱਚੀ ਨੂੰ ਦਰਦਨਾਕ ਇਲਾਜ਼ ਤੋਂ ਦੂਰ ਰੱਖਿਆ ਤੇ ਸਾਰਾ 6 ਮਹੀਨੇ ਦੀ ਉਮਰ ‘ਚ ਚੱਲ ਵਸੀ, ਡਾਕਟਰ ਚੱਕਰਵਰਤੀ ਨੂੰ ਮਾਪਿਆਂ ਦੀ ਇਹ ਪੀੜ੍ਹ, ਧੁਰ-ਅੰਦਰ ਤੀਕ ਮਹਿਸੂਸ ਹੋਈ ਤੇ ਉਸਨੇ ਕੁੱਝ ਵੱਡਾ ਸੋਚਿਆ ਹਾਲਾਂਕਿ ਬਸ਼ੀਰ ਹੁਰੀਂ, ਦੋ ਧੀਆਂ ਦੀ ਦਰਦਨਾਕ ਮੌਤਾਂ ਤੋਂ ਦੁੱਖਾਂ ਨਾਲ ਟੁੱਟ ਚੁੱਕੇ ਸਨ ਪਰ ਅਖੀਰ 2020 ‘ਚ ਸੋਬਿਆ ਤੀਜੀ ਵਾਰ ਫੇਰ ਗਰਭਵਤੀ ਹੋਈ, ਡਾਕਟਰ ਚੱਕਰਵਰਤੀ ਨੇ ਜਾਂਚ ਕੀਤੀ ਤਾਂ ਉਹੀ ਰੋਗ ਫੇਰ ਤੋਂ ਭਰੂਣ ‘ਚ ਮੌਜੂਦ ਸੀ, ਚੱਕਰਵਰਤੀ ਨੇ ਬਿਨਾਂ ਦੇਰ ਕੀਤਿਆਂ, ਡਿਊਕ ਯੂਨੀਵਰਸਿਟੀ ਦੀ ਸਕੋਲਰ, ਡਾਕਟਰ ‘ਪ੍ਰਿਯਾ ਕ੍ਰਿਸ਼ਨਾਨੀ’ ਨਾਲ ਸਲਾਹ ਕੀਤੀ ਤੇ ‘ਓਟਾਵਾ ਹਸਪਤਾਲ’ ਦੀ ਸੰਸਾਰ ਪ੍ਰਸਿੱਧ ‘ਭਰੂਣ-ਮੈਡੀਕਲ’ ਸਪੈਸ਼ਲਿਸਟ, ਡਾਕਟਰ ਮੈਡਮ ‘ਕੈਰੇਨ ਫੰਗ’ ਨਾਲ ਸੰਪਰਕ ਕੀਤਾ, ਬਸ਼ੀਰ ਤੇ ਸੋਬਿਆ ਨਾਲ ਸਲਾਹ ਕੀਤੀ ਤੇ ਦੁਨੀਆ ‘ਚ ਪਹਿਲੀ ਵਾਰ ਮਾਂ ਦੇ ਗਰਭ ‘ਚ ਬੱਚੇ ਦਾ ਇਲਾਜ਼ ਕਰਨ ਦੇ ਇਤਿਹਾਸਕ ਕਾਰਜ ਦਾ ਮੁੱਢ ਬੰਨ੍ਹ ਲਿਆ ਹਾਲਾਂਕਿ ਸਫ਼ਲਤਾ ਦੀ ਪੂਰੀ ਉਮੀਦ ਨਹੀਂ ਸੀ।

ਦੁਨੀਆ ‘ਚ ਪਹਿਲੀ ਵਾਰ, ਡਾਕਟਰਾਂ ਦੀ ਟੀਮ ਨੇ ਚਮਤਕਾਰੀ ਢੰਗ ਨਾਲ, ਬੱਚੇ ਨੂੰ ਮਾਂ ਦੇ ਪੇਟ ‘ਚ ਹੀ ਸੂਈ ਲਾ ਕੇ, ਗਰਭਨਾਲ ਰਾਹੀਂ, ਛੇ ਵਾਰੀਂ ਜਰੂਰੀ ‘ਐਂਜਾਇਮ’ ਦਿੱਤੇ, 22 ਜੂਨ 2021 ਨੂੰ ਇਕ ਫੁੱਲ ਵਰਗੀ ਧੀ ‘ਆਇਲਾ’ ਦਾ ਜਨਮ ਹੋਇਆ ਪਰ ਮਾਪਿਆਂ ਨੂੰ ਖੁਸ਼ੀ ਤੋਂ ਪਹਿਲਾਂ ਉਹੀ ਦਰਦ ਤੇ ਡਰ ਕਚੋਟ ਰਿਹਾ ਸੀ ਕਿ ਕੀ ਇਸ ਵਾਰ ਫੇਰ ? ਡਾਕਟਰਾਂ ਨੇ ਇਕ ਇਤਿਹਾਸਕ ਕਾਰਜ ਤਾਂ ਸਫਲਤਾਪੂਰਵਕ ਨੇਪਰੇ ਚਾੜ੍ਹ ਦਿੱਤਾ ਸੀ, ਡਾਕਟਰਾਂ ਨੇ ਸਭ ਕੁੱਝ ਠੀਕ ਕਰ ਦਿੱਤਾ, ਫੇਰ ਵੀ ਡਾਕਟਰਾਂ ਨੇ ਸਾਲ ਕੁ ਤੱਕ ਬੱਚੀ ਨੂੰ ਆਬਜਰਵੇਸ਼ਨ ‘ਚ ਰੱਖਿਆ ਤੇ ਹੁਣ ਉਹਨਾਂ 16 ਮਹੀਨੇ ਦੀ ਹੋਈ ਚੁੱਕੀ, ‘ਆਇਲਾ’ ਨੂੰ 100% ਰੋਗ ਮੁਕਤ ਐਲਾਨ ਦਿੱਤਾ ਏ।

ਇਸੇ ਬੁੱਧਵਾਰ ਨੂੰ ‘ਨਿਊ ਇੰਗਲੈਂਡ ਜਰਨਲ ਆਫ ਮੈਡੀਸਨ’, ਜੋ ਮੈਡੀਕਲ ਰਿਸਰਚ ਨਾਲ ਸੰਬੰਧਤ ਅੰਤਰ-ਰਾਸ਼ਟਰੀ ਪੱਧਰ ਤੇ ਬਹੁਤ-ਬਹੁਤ ਅਹਿਮ ਥਾਂ ਰੱਖਦਾ ਹੈ, ਉਸ ‘ਚ ਆਇਲਾ ਦੇ ਇਸ ਇਤਿਹਾਸਕ ਇਲਾਜ਼ ਨੂੰ ਪਬਲਿਸ਼ ਕੀਤਾ ਗਿਆ ਹੈ, ਬੀਤੇ ਕੱਲ੍ਹ ਪੂਰੀ ਦੁਨੀਆਂ ਦੇ ਅਖਬਾਰਾਂ ਨੇਂ, ‘ਦੀ ਨਿਊਯਾਰਕ ਟਾਈਮਜ਼’ ‘ਚ ਛਪੀ, ਇਸ ਸਾਰੀ ਕਹਾਣੀ ਨੂੰ ਅਹਿਮ ਥਾਂ ਦਿੱਤੀ ਹੈ, ਬਹੁਤ-ਬਹੁਤ ਸ਼ੁਕਰੀਆ ਤੇ ਸੈਲਯੂਟ ਹੈ, ਡਾਕਟਰਾਂ ਦੀ ਇਸ ਜੁਝਾਰੂ ਟੀਮ ਨੂੰ, ਜੁਗ-ਜੁਗ ਜੀਵੇ ਧੀ ਆਇਲਾ, ਬਹੁਤ-ਬਹੁਤ ਮੁਬਾਰਕਬਾਦ ਮਾਪਿਆਂ, ਬਸ਼ੀਰ ਤੇ ਸੋਬਿਆ ਨੂੰ, ਜਿੰਨਾਂ ਆਪਣੀਆਂ ਧਾਰਮਿਕ ਰੂੜੀਆਂ ਦੀ ਪਰਵਾਹ ਨਾ ਕਰਦੇ ਹੋਏ, ਫੈਸਲਾ ਲੈਣ ਦੀ ਹਿਮੰਤ ਦਿਖਾਈ, ਸੋ ਇਸ ਘਟਨਾ ਤੋਂ ਇਹੀ ਸਬਕ ਸਿੱਖਣ ਦੀ ਅਹਿਮ ਲੋੜ ਹੈ ਕਿ ਵਿਗਿਆਨ ਜਿੰਦਾਬਾਦ ਹੈ, ਇਨਸਾਨੀਅਤ ਜਿੰਦਾਬਾਦ ਹੈ ! ਅਤੇ ਹਮੇਸ਼ਾ ਹੀ ਜਿੰਦਾਬਾਦ ਰਹੇਗਾ ਅਤੇ ਤਰੱਕੀਆਂ ਕਰਦਾ ਹੋਰ ਵੀ ਅੱਗੇ ਵਧਦਾ ਰਹੇਗਾ ਅਤੇ ਅੰਧ-ਵਿਸਵਾਸ਼ ਦੀ ਉਮਰ ਹੁਣ ਲੰਬੀ ਨਹੀਂ ਇਸ ਦਾ ਮਿਟਣਾ ਹੀ ਮਨੁੱਖਤਾ ਦਾ ਕਲਿਆਣ ਹੈ।

ਦਵਿੰਦਰ ਹੀਉਂ (ਬੰਗਾ)

ਸਪੰਰਕ – 0039 3203459870

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly